ਓਦੋਂ ਪਾਪਾ ਜੀ ਕਾਲਾਂਵਾਲੀ ਨਾਇਬ ਤਹਿਸੀਲਦਾਰ ਲੱਗੇ ਹੋਏ ਸਨ। ਮੈਂ ਉਹਨਾਂ ਦੇ ਕੰਮਾਂ ਵਿੱਚ ਦਖਲ ਨਹੀਂ ਸੀ ਦਿੰਦਾ ਹੁੰਦਾ। ਅਸੀਂ ਆਪਣੀ ਪੁਰਾਣੀ ਕਾਰ ਬਦਲ ਕੇ ਉੱਚੇ ਮਾਡਲ ਦੀ ਲ਼ੈ ਲਈ। ਇੱਕ ਵਾਰੀ ਅਸੀਂ ਮੇਰੀ ਮਾਤਾ ਨਾਲ ਕਾਲਾਂਵਾਲੀ ਜਾ ਰਹੇ ਸੀ। ਡਰਾਈਵਰ ਕਾਰ ਚਲਾ ਰਿਹਾ ਸੀ। ਨਵੀਂ ਦੇ ਸ਼ੌਂਕ ਵਿੱਚ ਕਾਰ ਮੈਂ ਚਲਾਉਣ ਲੱਗਿਆ। ਅਚਾਨਕ ਹੀ ਮੂਹਰੇ ਇੱਕ ਨੀਲ ਗਾਂ ਆਕੇ ਕਾਰ ਚ ਵੱਜੀ। ਜਿਸ ਨਾਲ ਕਾਰ ਦਾ ਮਾਮੂਲੀ ਨੁਕਸਾਨ ਹੋ ਗਿਆ। ਡਰਾਈਵਰ ਨੂੰ ਇਹ ਚਿੰਤਾ ਹੋਗੀ ਕਿ ਉਸਨੇ ਮੈਨੂੰ ਗੱਡੀ ਕਿਓਂ ਫੜਾਈ। ਉਹ ਵਾਰ ਵਾਰ ਇਹ ਗੱਲ ਚਿਤਾਰਨ ਲੱਗਿਆ ਤੇ ਮੇਰੇ ਵੱਲ ਵੀ ਹੋਰੋਂ ਜਿਹੇ ਝਾਕਣ ਲੱਗਿਆ। ਉਸ ਨੂੰ ਡਰ ਸੀ ਕਿ ਪਾਪਾ ਜੀ ਉਸਨੂੰ ਝਿੜਕਣਗੇ।
“ਇਹ ਵੀ ਘਰ ਦਾ ਮਾਲਿਕ ਹੈ। ਫਿਰ ਕੀ ਹੋ ਗਿਆ ਜੇ ਇਸ ਤੋਂ ਗੱਡੀ ਲੱਗ ਗਈ।” ਮੇਰੀ ਮਾਤਾ ਨੇ ਡਰਾਈਵਰ ਨੂੰ ਕਿਹਾ।ਕਿਉਂਕਿ ਉਸਨੂੰ ਲੱਗਿਆ ਕਿ ਡਰਾਈਵਰ ਮੈਨੂੰ ਬੇਗਾਨਾ ਸਮਝ ਰਿਹਾ ਹੈ। ਭਾਵੇਂ ਮੈਂ ਓਦੋ ਅਲੱਗ ਘਰ ਵਿੱਚ ਰਹਿੰਦਾ ਸੀ ਪਰ ਮਾਤਾ ਨੇ ਕਦੇ ਓਪਰਾ ਨਹੀਂ ਸੀ ਮੰਨਿਆ। ਵੱਡਾ ਪੁੱਤਰ ਹੋਣ ਕਰਕੇ ਉਹ ਮੈਨੂੰ ਹਰ ਕੰਮ ਵਿੱਚ ਪਹਿਲ ਦਿੰਦੀ ਸੀ।
#ਰਮੇਸ਼ਸੇਠੀਬਾਦਲ