ਮੈਂ ਕਲਮ ਐਪ ਦੇ ਸਭ ਪਾਠਕਾਂ ਨੂੰ ਦੱਸਣਾਂ ਚਾਹੁੰਦੀ ਹਾਂ ਕਿ ਮੇਰੀ ਇਹ ਸਟੋਰੀ ਪ੍ਰਤੀਲਿੱਪੀ ਐਪ ਤੇ ਵੀ ਚੱਲ ਰਹੀ ਹੈ । ਇਸਦੇ ਕੁਛ ਭਾਗ ਲੇਖਕ ਦੀਦਾਰ ਗਰੇਵਾਲ ਜੀ ਦੁਆਰਾ ਲਿਖੇ ਗਏ ਹਨ ਕਿਉ ਕਿ ਉਸ ਸਮੇਂ ਮੈਨੂੰ ਐਪ ਬਾਰੇ ਬਹੁਤੀ ਜਾਣਕਾਰੀ ਨਹੀ ਸੀ । ਪਰ ਤੁਹਾਡੇ ਸਭ ਪਾਠਕਾਂ ਦੇ ਪਿਆਰ ਅਤੇ ਕਮੈਂਟਸ ਨੇ ਮੈਨੂੰ ਆਪਣੀ ਜ਼ਿੰਦਗੀ ਦੀ ਸਟੋਰੀ ਆਪ ਖੁਦ ਲਿਖਣ ਲਈ ਪ੍ਰੇਰਿਤ ਹੀ ਨਹੀ ਕੀਤਾ ਸਗੋਂ ਉਤਸ਼ਾਹਿਤ ਵੀ ਕੀਤਾ ਹੈ । ਸੋ ਦੋਸਤੋ ਇਸ ਸਟੋਰੀ ਵਿੱਚ ਸਿਰਫ ਨਾਮ ਹੀ ਬਦਲੇ ਗਏ ਹਨ ਬਾਕੀ ਸਭ ਸੇਮ ਹੈ ਜੀ । ਚਲੋ ਲਿਖਣਾ ਸ਼ੁਰੂ ਕਰਦੇ ਹਾਂ ਜੀ :
ਇਹ ਕਹਾਣੀ ਸਿਮਰ ਨਾਂ ਦੀ ਇੱਕ ਔਰਤ ਦੀ ਹੈ……ਕਿਵੇਂ ਉਹ ਬਚਪਨ ਤੋਂ ਲੈ ਕੇ ਆਪਣੀ ਜਵਾਨੀ ਤੱਕ ਦੁੱਖਾਂ ਦਾ, ਮੁਸੀਬਤਾਂ ਦਾ ਦਲੇਰੀ ਨਾਲ ਸਾਹਮਣਾਂ ਕਰਦੀ ਹੋਈ ਆਪਣੀ ਜ਼ਿੰਦਗੀ ‘ਚ ਕਦੇ ਹਾਰ ਨਹੀਂ ਮੰਨਦੀ ਹੋਈ ਵਧੀਆ ਜੀਵਨ ਦੀ ਆਸ ਵਿੱਚ ਹੌਂਸਲੇ ਨਾਲ ਹਰ ਦੁੱਖ ਦਾ ਸਾਹਮਣਾਂ ਕਰਦੀ ਹੋਈ ਜ਼ਿੰਦਗੀ ਦੀ ਜੰਗ ਜਾਰੀ ਰੱਖਦੀ ਹੋਈ ਅੱਗੇ ਵਧਦੀ ਹੈ ……ਆਓ ਵੇਖਦੇ ਹਾਂ ਕਿ ਅੱਗੇ ਜਾ ਕੇ ਉਸਨੂੰ ਇਹਨਾਂ ਦੁੱਖਾਂ ਤੋੰ ਛੁਟਕਾਰਾ ਮਿਲ ਪਾਉਂਦਾ ਹੈ ਜਾਂ ਨਹੀਂ…………
««««««««««««««««««««««««««
ਪਾਕਿਸਤਾਨ ਦੇ ਪਿੰਡ ਪਾਜੀ ਜ਼ਿਲ੍ਹਾ : ਲਾਹੌਰ ਵਿੱਚ ਸਰਦਾਰ ਵਜ਼ੀਰ ਸਿੰਘ ਦੇ ਘਰ ਮਾਤਾ ਬਸੰਤ ਕੌਰ ਦੀ ਕੁੱਖੋਂ ਰਤਨ ਸਿੰਘ ਦਾ ਜਨਮ ਹੋਇਆ । ਰਤਨ ਸਿੰਘ ਆਪਣੇ ਅੱਠ ਭਰਾਵਾਂ ਅਤੇ ਦੋ ਭੈਂਣਾਂ ਵਿੱਚੋਂ ਸਭ ਨਾਲੋੰ ਛੋਟਾ ਸੀ । ਰਤਨ ਸਿੰਘ ਦੀ ਉਮਰ ਹਾਲੇ ਚਾਰ ਕੁ ਸਾਲ ਦੀ ਸੀ ਇਸ ਲਈ ਉਹ ਭੇਡਾਂ ਬੱਕਰੀਆਂ ਚਾਰਨ ਵਾਲਿਆਂ ਨਾਲ ਚਲਾ ਜਾਂਦਾ । ਵੈਸੇ ਉਸਨੂੰ ਪੜ੍ਹਨ ਦਾ ਬਹੁਤ ਸ਼ੌਂਕ ਸੀ । ਉਸਦੀ ਉਮਰ ਛੋਟੀ ਹੋਣ ਕਾਰਨ ਹਲੇ ਉਸਦਾ ਸਕੂਲ ਵਿੱਚ ਦਾਖਲਾ ਨਹੀਂ ਹੋ ਸਕਦਾ ਸੀ । ਉਦੋੰ ਸਕੂਲ ਵਿੱਚ ਦਾਖਲਾ ਕਰਵਾਉਣ ਲਈ ਬੱਚੇ ਦੀ ਉਮਰ ਘੱਟੋ ਘੱਟ ਛੇ ਸਾਲ ਦੀ ਹੋਂਣੀ ਜ਼ਰੂਰੀ ਹੁੰਦੀ ਸੀ । ਇਸ ਤੋੰ ਘੱਟ ਉਮਰ ਵਾਲਿਆਂ ਨੂੰ ਸਕੂਲ ਵਿੱਚ ਦਾਖਲਾ ਨਹੀਂ ਸੀ ਮਿਲਦਾ ।
ਰਤਨ ਸਿੰਘ ਦੀ ਉਮਰ ਹਜੇ ਪੰਜ ਕੁ ਸਾਲ ਸੀ ਕਿ 1947 ‘ਚ ਭਾਰਤ ਅਤੇ ਪਾਕਿਸਤਾਨ ਦੀ ਵੰਡ ਹੋ ਗਈ । ਦੰਗੇ ਹੋਣੇ ਸ਼ੁਰੂ ਹੋ ਗਏ । ਰਤਨ ਸਿੰਘ ਦੇ ਪਿਤਾ ਸਰਦਾਰ ਵਜ਼ੀਰ ਸਿੰਘ ਦਾ ਪਾਜੀ ਪਿੰਡ ਵਿੱਚ ਬਹੁਤ ਵੱਡਾ ਘਰ ਸੀ ਤੇ ਘਰ ਦੇ ਬਾਹਰ ਫਰੰਟ ਤੇ ਛੇ ਦੁਕਾਨਾਂ ਬਣੀਆਂ ਹੋਈਆਂ ਸਨ । ਦਸ ਬਾਰਾਂ ਕਿੱਲੇ ਜ਼ਮੀਨ ਵੀ ਸੀ । ਸਰਦਾਰ ਵਜ਼ੀਰ ਸਿੰਘ ਭਾਰਤੀ ਫੌਜ ਵਿੱਚ ਪੰਦਰਾਂ ਸਾਲ ਨੌਕਰੀ ਕਰਨ ਪਿੱਛੋਂ ਰਿਟਾਇਰ ਹੋ ਕੇ ਆਏ ਸਨ । ਇਸ ਕਰਕੇ ਉਹਨਾਂ ਦੇ ਘਰ ਵਾਹਿਗੁਰੂ ਦੀ ਕਿ੍ਰਪਾ ਨਾਲ ਕਿਸੇ ਵੀ ਚੀਜ਼ ਦੀ ਕੋਈ ਘਾਟ ਨਹੀਂ ਸੀ ਤੇ ਸੁੱਖ ਨਾਲ ਹਰਿਆ ਭਰਿਆ ਪਰਿਵਾਰ ਸੀ । ਵਜ਼ੀਰ ਸਿੰਘ ਦੀ ਆਪਣੇ ਪਿੰਡ ਵਧੀਆ ਰਹਿਣੀ ਬਹਿਣੀ ਕਰਕੇ ਉੱਚੇ ਠਾਠ ਬਾਠ ਸਨ ।
ਜਦੋਂ ਦੰਗਿਆਂ ਅਤੇ ਲੁੱਟ – ਖਸੁੱਟ ਦੀਆਂ ਵਾਰਦਾਤਾਂ ਉਹਨਾਂ ਦੇ ਪਿੰਡ ਵੀ ਹੋਣ ਲੱਗੀਆਂ ਤਾਂ ਉਹਨਾਂ ਆਪਣਾਂ ਪਿੰਡ ਛੱਡਣਾ ਹੀ ਮੁਨਾਸਿਬ ਸਮਝਿਆ । ਸਰਦਾਰ ਵਜ਼ੀਰ ਸਿੰਘ ਦੇ ਪਹਿਲੇ ਚਾਰ ਮੁੰਡੇ ਵੱਡੇ ਸਨ ਫੇਰ ਉਹਨਾਂ ਤੋੰ ਛੋਟੀਆਂ ਦੋਂਵੇ ਕੁੜੀਆਂ ਤੇ ਕੁੜੀਆਂ ਨਾਲੋਂ ਛੋਟੇ ਫੇਰ ਚਾਰ ਮੁੰਡਿਆਂ ਵਿੱਚ ਸਭ ਨਾਲੋਂ ਛੋਟਾ ਰਤਨ ਸਿੰਘ ਸੀ ।
ਇਸ ਵੇਲੇ ਵਜ਼ੀਰ ਸਿੰਘ ਦੇ ਵੱਡੇ ਚਾਰ ਮੁੰਡੇ ਸੁੱਖ ਨਾਲ ਜਵਾਨ ਸਨ । ਵੱਡਾ ਮੁੰਡਾ ਬਲਵੰਤ ਸਿੰਘ 25 ਸਾਲ ਦਾ ਤੇ ਗੁਰਜੰਟ 22 ਸਾਲ , ਉਹਨਾਂ ਨਾਲੋ ਛੋਟਾ ਰਘਵੀਰ 19 ਸਾਲ ਤੇ ਦਲਵੀਰ 17 ਸਾਲ ਸੁੱਖ ਨਾਲ ਮੁੱਛ ਫੁੱਟ ਗੱਭਰੂ ਸਨ । ਕੁੜੀ ਰਣਦੀਪ ਕੌਰ 15 ਸਾਲ , ਬਲਜੀਤ ਕੌਰ 11 ਸਾਲ, ਬਖਸੀਸ ਸਿੰਘ 10 ਸਾਲ, ਗੁਰਦੀਪ ਸਿੰਘ 9 ਸਾਲ , ਗੁਰਦਿੱਤ ਸਿੰਘ 7 ਸਾਲ ਤੇ ਰਤਨ ਸਿੰਘ 5 ਸਾਲ ਸੀ ।
ਸਰਦਾਰ ਵਜ਼ੀਰ ਸਿੰਘ ਦੇ ਸਾਬਕਾ ਫੌਜੀ ਹੋਣ ਕਾਰਨ ਆਪਣੇ ਘਰ ਪੱਕੀ ਰਫਲ ਤੇ ਇੱਕ ਪਿਸਤੌਲ ਰੱਖੀ ਹੋਈ ਸੀ । ਬਸੰਤ ਕੁਰੇ ਆਪਾਂ ਨੂੰ ਅੱਜ ਰਾਤ ਨੂੰ ਹੀ ਪਿੰਡ ਛੱਡਣਾ ਪਾਊਗਾ …… ਤੂੰ ਗਹਿਣਾਂ ਗੱਟਾ ਸਾਂਭ ਲੈ …… ਬਲਵੰਤ ਹੋਂਰੀ ਆਉਂਦੇ ਹੀ ਹੋਣੇ …… ਪਿੰਡ ਦਾ ਜ਼ਾਇਜ਼ਾ ਲੈਣ ਗਏ ਨੇ …… । ਵਜ਼ੀਰ ਸਿੰਘ ਆਪਣੀ ਰਫਲ ਨੂੰ ਮੋਢੇ ਟੰਗਦਾ ਬੋਲਿਆ ।
ਬਸੰਤ ਕੌਰ : ਮੈ ਤਾਂ ਤੁਹਾਡੇ ਬਿੰਨਾਂ ਕਹੇ ਹੀ ਸਭ ਕੁਝ ਪਾ ਰੱਖਿਆ ਟਰੰਕ ਵਿੱਚ …… । ਸਾਰਾ ਪੈਸਾ ਟਕਾ ਤੇ ਮੇਰੇ ਗਹਿਣੇ ਗੱਟੇ ਅਲੱਗ ਅਲੱਗ ਝੋਲੇ ਵਿੱਚ ਪਾ ਕੇ ਤਿਆਰੀ ਕਰ ਲਈ ਐ …… ਮੈਨੂੰ ਤਾਂ ਆਪਣੀ ਗੁਆਂਢਣ ਦਲੀਪ ਕੌਰ ਕੋਲੋਂ ਪਹਿਲਾਂ ਹੀ ਪਤਾ ਲੱਗ ਗਿਆ …… ।
ਵਜ਼ੀਰ ਸਿੰਘ : ਹੋਰ ਕੁਛ ਨਹੀਂ ਚੁੱਕਣਾਂ ਨਾਲ …… ਰਸਤਾ ਬਹੁਤ ਲੰਮੇਰਾ ਹੈ … ਤੂੰ ਬੱਸ ਆਹ ਗਹਿਣਾ ਗੱਟਾ ਤੇ ਪੈਸਾ ਧੇਲਾ ਹੀ ਸੰਭਾਲ ਲੈ …… । ਇਹ ਕਹਿੰਦਿਆਂ ਵਜ਼ੀਰ ਸਿੰਘ ਆਪਣਾ ਗਲੀ ਵਾਲਾ ਦਰਵਾਜ਼ਾ ਖੋਹਲ ਕੇ ਬਾਹਰ ਵੱਲ ਵੇਖਣ ਲੱਗਿਆ ।
…… ਬਾਪੂ …… ਬਾਪੂ …… ਆਪਣੇ ਨਾਲ ਦੇ ਪਿੰਡ ਹਮਲਾ ਹੋ ਗਿਆ ਹੈ … ਬਲਵੰਤ ਸਿੰਘ ਅੰਦਰ ਆਉਂਦਾ ਬੋਲਿਆ । ਇਹ ਸੁਣ ਕੇ ਬਾਕੀ ਦੇ ਸਾਰੇ ਨਿਆਣੇ ਸਹਿਮ ਕੇ ਮਾਂ ਦੇ ਨਾਲ ਚਿੰਬੜ ਗਏ ।
ਬਸੰਤ ਕੌਰ : ਤੁਸੀਂ ਐਨਾ ਕਿਉਂ ਡਰਦੇ ਹੋ … ਜਦੋਂ ਤੱਕ ਜਾਨ ਹੈ … ਕੋਈ ਹੱਥ ਨਹੀਂ ਲਗਾ ਸਕਦਾ … ਉਸਨੇ ਆਪਣੀ ਵੱਡੀ ਕੁੜੀ ਨੂੰ ਸਮਝਾਉਂਦਿਆਂ ਕਿਹਾ : ਨਾਲੇ ਇੱਕ ਤਾਂ ਇੱਕਲਾ ਸਵਾ ਸਵਾ ਲੱਖ ਤੇ ਭਾਰੂ ਹੁੰਦੈ …… ਆਪਾਂ ਤਾਂ ਫੇਰ ਵੀ ਸੁੱਖ ਨਾਲ ਦਸ ਬਾਰਾਂ ਜੀਅ ਹਾਂ ਤੇ ਮੈਂ ਅੱਠ ਪੁੱਤਰਾਂ ਦੀ ਮਾਂ ਆਂ …… ਸੁੱਖ ਨਾਲ ਚਾਰ ਤਾਂ ਕੜੀ ਵਰਗੇ ਗੱਭਰੂ ਨੇ । ਇਹ ਕਹਿ ਕੇ ਬਸੰਤ ਕੁਰ ਨੇ ਆਪਣੇ ਡਰੇ ਹੋਏ ਛੋਟੇ ਬੱਚਿਆਂ ਨੂੰ ਧਰਵਾਸ ਦਿੱਤੀ ।
………… ਚਲਦਾ ………
ਗੁਰਿੰਦਰ ਜੀਤ ਕੌਰ “ਗਿੰਦੂ”
ਅਗਲਾ ਭਾਗ ਕਦੋ ਅੱਪਲੋਡ ਕਰੋ ਗੇ