ਉਸ ਦਿਨ ਜਦੋ ਦਸ ਵਜੇ ਤੱਕ ਸਾਡੀ ਮੇਡ ਕੰਮ ਤੇ ਨਾ ਆਈ ਤਾਂ ਸਾਨੂੰ ਥੋੜ੍ਹਾ ਫਿਕਰ ਹੋ ਗਿਆ। ਅੱਗੇ ਉਹ ਸਾਢੇ ਨੋ ਵਜੇ ਹੀ ਆ ਨਮਸਤੇ ਬੁਲਾਉਂਦੀ ਹੁੰਦੀ ਹੈ।
“ਅੰਟੀ ਦੋ ਹਜ਼ਾਰ ਰੁਪਈਆ ਦੇ ਦਿਓਂ ਅਡਵਾਂਸ। ਅਸੀ ਕਮਰਾ ਕਿਰਾਏ ਤੇ ਲੈਣਾ ਹੈ।” ਕੱਲ੍ਹ ਕੰਮਵਾਲੀ ਮੇਡ ਬੇਬੀ ਨੇ ਆਪਣੀ ਮੰਗ ਰੱਖੀ। ਉਹ ਪਿਛਲੇ ਡੇਢ ਮਹੀਨੇ ਤੋਂ ਸਾਡੇ ਘਰ ਕੰਮ ਕਰ ਰਹੀ ਸੀ। ਪਿਛਲੇ ਮਹੀਨੇ ਦਾ ਉਸ ਦਾ ਹਿਸਾਬ ਲਗਭਗ ਪੂਰਾ ਸੂਰਾ ਹੀ ਸੀ। ਉਹ ਆਪਣੀ ਨਨਾਣ ਜਸਪਾਲ ਦੇ ਚੁਬਾਰੇ ਵਿੱਚ ਰਹਿੰਦੀ ਸੀ। ਦੋਨਾਂ ਪਰਿਵਾਰਾਂ ਦਾ ਰੋਟੀ ਟੁੱਕ ਇਕੱਠਾ ਹੀ ਸੀ। ਪਰ ਇਹ ਬਹੁਤੀ ਦੇਰ ਨਾ ਨਿਭੀ। ਨਨਾਣ ਭਰਜਾਈ ਦੀ ਪੈਸਿਆਂ ਨੂੰ ਲੈਕੇ ਬਿਗੜ ਗਈ। ਨਨਾਣ ਨੇ ਭਰਾ ਭਰਜਾਈ ਨੂੰ ਬਿਨਾਂ ਨੋਟਿਸ ਦਿੱਤਿਆਂ ਬਾਹਰ ਦਾ ਰਸਤਾ ਵਿਖਾ ਦਿੱਤਾ। ਇਹੋ ਜਿਹੇ ਮੌਕੇ ਤੇ ਗਰੀਬ ਕਾਮੇ ਦੀ ਮਾਲੀ ਇਮਦਾਦ ਕਰਨਾ ਚੰਗੇ ਮਾਲਕਾਂ ਦਾ ਫ਼ਰਜ਼ ਬਣਦਾ ਹੈ। ਇਹ ਸੋਚਕੇ ਬੇਗਮ ਨੇ ਪੰਜ ਪੰਜ ਸੌ ਦੇ ਚਾਰ ਨੋਟ ਬੇਬੀ ਫੜ੍ਹਾ ਦਿੱਤੇ। ਉਮੀਦ ਸੀ ਹੁਣ ਉਹ ਨਵਾਂ ਕਮਰਾ ਲੈਕੇ ਆਪਣੀ ਜਿੰਦਗੀ ਨੂੰ ਲੀਹ ਤੇ ਲ਼ੈ ਆਉਣਗੇ। ਅਤੇ ਬੇਬੀ ਵੀ ਬਿਨਾਂ ਰੁਕਾਵਟ ਦੇ ਸਾਡੇ ਘਰ ਕੰਮ ਕਰਦੀ ਰਹੇਗ਼ੀ।
ਅਗਲੇ ਦਿਨ ਤੱਕ ਇਹ ਗੱਲ ਸ਼ਾਫ ਹੋ ਗਈ ਕਿ ਬੇਬੀ ਸਾਡੇ ਨਾਲ ਧੋਖਾ ਕਰ ਗਈ। ਉਸਦੀ ਨਨਾਣ ਨੇ ਦੱਸਿਆ ਕਿ ਉਹ ਆਪਣੇ ਪਿੰਡ ਦੇਸੂ ਚਲੇ ਗਏ ਹਨ। ਗੱਲ ਦੋ ਹਜ਼ਾਰ ਦੀ ਨਹੀਂ ਗੱਲ ਧੋਖੇ ਦੀ ਸੀ। ਗਰੀਬ ਤੇ ਕੀਤੇ ਵਿਸ਼ਵਾਸ ਦੀ ਸੀ। ਓਹਨਾ ਦਾ ਫੋਨ ਘੁੰਮਾਇਆ ਉਹ ਕਿਸੇ ਹੋਰ ਕੋਲ੍ਹ ਸੀ। ਹੁਣ ਉਹਨਾਂ ਦਾ ਫੋਨ ਵੀ ਗਵਾਚ ਗਿਆ ਸੀ ਇਸੇ ਲਈ ਸਵਿੱਚ ਆਫ਼ ਆ ਰਿਹਾ ਸੀ। ਇੰਜ ਸ਼ਰੇਆਮ ਹੋਏ ਧੋਖੇ ਨਾਲ ਬੇਗਮ ਤਾਂ ਪਰੇਸ਼ਾਨ ਸੀ ਹੀ ਟੈਂਸ਼ਨ ਮੈਨੂੰ ਵੀ ਹੋ ਗਈ। ਖੈਰ ਕਿਸੇ ਜਾਣਕਾਰ ਦੇ ਜ਼ਰੀਏ ਬੇਬੀ ਅਤੇ ਉਸਦੇ ਘਰਵਾਲੇ ਨਾਲ ਸੰਪਰਕ ਕੀਤਾ ਗਿਆ ਤੇ ਪੈਸੇ ਵਾਪਿਸ ਕਰਨ ਲਈ ਉਹਨਾਂ ਤੇ ਦਬਾਅ ਬਣਾਇਆ ਗਿਆ। ਉਸ ਨੂੰ ਹਰ ਹਫਤੇ ਹਜ਼ਾਰ ਰੁਪਈਆ ਵਾਪਿਸ ਕਰਨ ਦੀ ਛੂਟ ਦਿੱਤੀ ਗਈ।
ਅੱਜ ਉਸਨੇ ਆਪਣਾ ਵਾਇਦਾ ਪੂਰਾ ਕਰਦੇ ਹੋਏ ਆਪਣੀ ਪਹਿਲੀ ਕਿਸ਼ਤ ਸਾਡੇ ਕਿਸੇ ਜਾਣਕਾਰ ਨੂੰ ਦੇ ਦਿੱਤੀ।
ਲਗਦਾ ਹੈ ਹੁਣ ਜਲਦੀ ਹੀ ਇਹ ਲਫ਼ਜ਼ ਧੋਖੇ ਤੋਂ ਗਰੀਬ ਦੀ ਇਮਾਨਦਾਰੀ ਵਿੱਚ ਬਦਲ ਜਾਵੇਗਾ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ