ਟਾਈਮ ਇੱਕ ਘੰਟਾ ਅੱਗੇ ਹੋ ਗਿਆ..ਦਿਹਾੜੀ ਗਿੱਠ-ਗਿੱਠ ਲੰਮੀ ਹੋ ਗਈ..ਮੌਕਾ ਮਿਲਦੇ ਹੀ ਬਰਫ਼ਾਂ ਦੀ ਹਿੱਕ ਤੇ ਪਿੰਡਾਂ ਵਾਲੇ ਕਨੇਡੇ ਵੱਲ ਨਿੱਕਲ ਗਿਆ!
ਗੈਸ ਸਟੇਸ਼ਨ ਤੇ ਗੋਰਾ..ਬਾਪੂ ਹੁਰਾਂ ਦੀ ਉਮਰ..ਪੁੱਛਣ ਲੱਗਾ..ਕਿੰਨੇ ਦਾ ਪਾਵਾਂ?
ਆਖਿਆ ਬਾਪੂ ਜੀ ਐਸ਼ ਕਰ..ਆਪੇ ਪਾ ਲਵਾਂਗਾ..ਫੇਰ ਸ਼ੀਸ਼ਾ ਸਾਫ ਕਰਨ ਲੱਗਾ ਤਾਂ ਉਹ ਵੀ ਹੱਥੋਂ ਫੜ ਲਿਆ..ਸ਼ੁਕਰੀਆ ਕਰਦਾ ਦੂਜੀ ਵੱਲ ਨੂੰ ਹੋ ਗਿਆ..ਪਤਾ ਨੀ ਕਾਹਦੀ ਮਜਬੂਰੀ ਹੁੰਦੀ ਜਦੋਂ ਇਸ ਉਮਰੇ ਕੰਮ ਕਰਨਾ ਪੈ ਜਾਂਦਾ!
ਧੁੱਪ ਵੇਖ ਲੱਗਾ ਜੇ ਅੱਜ ਸ਼ਿਵ ਜਿਉਂਦਾ ਹੁੰਦਾ ਤਾਂ ਜਰੂਰ ਗਾਉਂਦਾ “ਅੱਜ ਦਿਨ ਚੜਿਆ ਤੇਰੇ ਰੰਗ ਵਰਗਾ”
ਨਾਲਦੀ ਕਾਰ ਵਿਚ ਦੋ ਹੌਲੀ ਉਮਰ ਦੀਆਂ ਗੋਰੀਆਂ ਅਤੇ ਇੱਕ ਗੋਰਾ..ਹੱਸ ਹੱਸ ਦੂਹਰੇ ਹੋ ਰਹੇ ਸਨ..ਫੋਨ ਦੀ ਸਕਰੀਨ ਤੇ ਕੁਝ ਚੱਲ ਰਿਹਾ ਸੀ ਸ਼ਾਇਦ..ਸੈੱਲ ਫੋਨ..ਨਿੱਕੀ ਜਿਹੀ ਆਫ਼ਤ ਦੀ ਪੂੜੀ ਨੇ ਇਨਸਾਨੀ ਹਾਸੇ ਠੱਠੇ ਗੱਲਾਂ ਬਾਤਾਂ ਸਭ ਕੁਝ ਕਬਜੇ ਹੇਠ ਕਰ ਲਏ..!
ਫੇਰ ਪਤਾ ਨੀ ਕਿ ਹੋਇਆ ਇੱਕ ਦਮ ਗੱਡੀ ਦੀਆਂ ਚੀਕਾਂ ਕਢਾ ਹਨੇਰੀ ਹੋ ਗਏ..ਚੜ੍ਹਦੀ ਜਵਾਨੀ ਦਾ ਸਰੂਰ ਕਿਸੇ ਨੇ ਇਸੇ ਨੂੰ ਹੀ ਤਾਂ ਆਖਿਆ!
ਵਡੇਰੀ ਉਮਰ ਦੀ ਗੋਰੀ..ਖੂੰਡੀ ਫੜ ਅੰਦਰੋਂ ਨਿੱਕਲਦੀ ਹੋਈ..ਹਰ ਆਉਂਦੇ ਜਾਂਦੇ ਵੱਲ ਮੁਸਕਾਨ ਵੰਡਦੀ ਹੋਈ ਸ਼ਾਇਦ ਢਲਦੇ ਸੂਰਜ ਦੀ ਲਾਲੀ ਨੂੰ ਆਪਣੇ ਵਜੂਦ ਅੰਦਰ ਸਮੋ ਰਹੀ ਸੀ!
ਸ਼ਹਿਰੋਂ ਪੰਝੀ ਕਿਲੋਮੀਟਰ ਦੂਰ..ਬਰਫ਼ਾ ਨਾਲ ਚਿੱਟੇ ਹੋਏ ਸਰਕੰਡੇ ਵਿਚੋਂ ਇਕ ਹਿਰਨ ਚੁਗੀਆਂ ਭਰਦਾ ਹੋਇਆ ਅੱਗੋਂ ਨਿੱਕਲ ਗਿਆ..ਇਥੇ ਜਦੋਂ ਇੱਕ ਸੜਕ ਪਾਰ ਕਰਦਾ ਤਾਂ ਹੋਰ ਵੀ ਮਗਰੋਂ ਜਰੂਰ ਨਿੱਕਲਦੇ..ਵਾਕਿਆ ਹੀ ਪੂਰੇ ਦਾ ਪੂਰਾ ਟੱਬਰ ਸੀ..ਮੈਂ ਗੱਡੀ ਖਲਿਆਰ ਲਈ..ਉਹ ਹਵਾ ਵਿਚੋਂ ਕੁਝ ਸੁੰਘਦੇ ਹੋਏ ਦੂਜੇ ਪਾਸੇ ਨੂੰ ਨਿੱਕਲ ਗਏ!
ਥੋੜਾ ਅੱਗੇ..ਐਕਸੀਡੈਂਟ ਵਿਚ ਹੁਣੇ ਹੁਣੇ ਮਰੇ ਹੋਏ ਇੱਕ ਹਿਰਨ ਦੀ ਲੋਥ ਕੋਲ ਖਲੋਤੇ ਕੁਝ ਮੂਲਵਾਸੀ ਭਰਾ..ਆਪਣੇ ਪਿਕ-ਅੱਪ ਟਰੱਕ ਵਿਚ ਲੱਦਣ ਦੀ ਤਿਆਰੀ ਵਿਚ ਸਨ..ਕਿਸੇ ਦੀ ਮੌਤ ਤੇ ਕਿਸੇ ਦਾ ਜਸ਼ਨ!
ਕੋਲ ਹੀ ਸੂਏ ਵਿਚ ਜੰਮੀ ਹੋਈ ਬਰਫ ਵਿਚਕਾਰ ਪਿਘਲੇ ਹੋਏ ਪਾਣੀ ਦੀ ਲੀਕ ਵਿਚੋਂ ਝਾਤੀ ਮਾਰਦੀ ਹੋਈ ਜਿੰਦਗੀ..ਚੰਗੇ ਮੌਸਮ ਆਉਣ ਦਾ ਸੁਨੇਹਾ ਦੇ ਰਹੀ ਸੀ!
ਲਾਕਪੋਟ ਨਾਮ ਦਾ ਕਸਬਾ ਤੇ ਜੰਮਿਆਂ ਹੋਇਆ ਦਰਿਆ..ਤਿੰਨ ਮਹੀਨਿਆਂ ਦੇ ਵਕਫ਼ੇ ਮਗਰੋਂ ਫੇਰ ਖੁਲੇ ਹੋਏ ਰੈਸਟੌਰੈਂਟ ਦੀ ਪੋਚਾ ਲਾਉਂਦੀ ਗੋਰੀ..ਸਾਨੂੰ ਦੇਖ ਚਾਅ ਚੜ ਗਿਆ..ਕਹਿੰਦੀ ਬੈਠੋ ਹੁਣੇ ਲਿਆਈ ਤੁਹਾਡਾ ਆਡਰ..ਬੱਸ ਏਨਾ ਦੱਸ ਦਿਓ ਕੇ ਆਡਰ ਓਹੀ ਪਿਛਲੇ ਸਾਲ ਵਾਲਾ ਹੀ ਕੇ ਕੋਈ ਹੋਰ?
ਸੋਚਿਆ ਜਿੰਨੀ ਦੇਰ ਆਡਰ ਲੱਗਦਾ ਵਾਸ਼ਰੂਮ ਹੋ ਆਇਆ ਜਾਵੇ..ਕੀ ਵੇਖਿਆ ਹੌਲੀ ਉਮਰ ਦੀ ਗੋਰੀ ਓਹਲੇ ਜਿਹੇ ਫੋਨ ਤੇ ਲੱਗੀ ਹੋਈ ਸੀ..ਸਾਨੂੰ ਦੇਖ ਠਠੰਬਰ ਜਿਹੀ ਗਈ..ਇਥੋਂ ਦਾ ਰਿਵਾਜ..ਅਠਾਰਾਂ ਸਾਲ ਤੱਕ ਸਰਕਾਰ ਪੈਸੇ ਦਿੰਦੀ ਏ ਤੇ ਉਨੀਵੇਂ ਸਾਲ ਮਾਪੇ ਹੱਥ ਜੋੜ ਦਿੰਦੇ ਕੇ ਜਾਓ ਭਾਈ..ਖੁਦ ਨੌਕਰੀਆਂ ਲੱਭੋ..ਫੀਸਾਂ ਅਤੇ ਹੋਰ ਖਰਚਿਆਂ ਦਾ ਖੁਦ ਹੀ ਜੁਗਾੜ ਕਰੋ!
ਮਹਿੰਗੇ ਟਰੱਕ ਵਿਚ ਕੁਲਫੀ ਖਾਣ ਆਏ ਇੱਕ ਗੋਰੇ ਵੱਲ ਦੇਖ ਗਰੇਵਾਲ ਚੇਤੇ ਆ ਗਿਆ..ਮੇਰੀ ਗਿਆਰਾਂ ਮਾਡਲ ਹੋਂਡਾ-ਸਿਵਿਕ ਵੇਖ ਟਿੱਚਰ ਕਰਦਾ ਆਖਣ ਲੱਗਾ ਯਾਰ ਕੋਈ ਗੱਡੀ ਤੇ ਚੱਜ ਦੀ ਰੱਖ ਲੈ..ਅੱਗੋਂ ਆਖਿਆ ਭਾਈ ਬਿਨਾ ਮਰਗਾਟ ਵਾਲੇ ਸਾਈਕਲ ਤੇ ਕਾਲਜ ਜਾਣ ਵਾਲੇ ਨੂੰ ਭਲਾ ਕਾਹਦੀ ਸੰਗ-ਸ਼ਰਮ..ਨਾਲੇ ਬਹੁਤਿਆਂ ਨਾਲੋਂ ਚੰਗਾ ਹਾਂ..ਕਈਆਂ ਨੂੰ ਇਹ ਵੀ ਨਸੀਬ ਨੀ ਹੁੰਦੀ..ਪਰ ਇਥੇ ਗੱਡੀ ਦੀ ਕੀਮਤ ਤਹਿ ਕਰਦੀ..ਕਿਸੇ ਨੂੰ ਤੂੰ ਆਖਣਾ ਕੇ ਤੁਸੀਂ!
ਜੰਮਿਆ ਹੋਇਆ ਦਰਿਆ..ਐਨ ਵਿਚਾਲੇ ਸੁਰਾਖ ਕਰਕੇ ਮੱਛੀਆਂ ਫੜਦਾ ਫਿਲਿਪੀਨੋ..ਕੋਲ ਹੀ ਨਿੱਕੇ ਨਿੱਕੇ ਜੁਆਕ ਖੇਡਾਂ ਵਿਚ ਮਸਤ..ਬਰਫ ਸਾਫ ਕਰਦਾ ਇੱਕ ਹੋਰ ਗੋਰਾ..ਜੰਮੀ ਹੋਈ ਸ਼ੀਸ਼ਾ ਬਣੀ ਬਰਫ ਤੇ ਲੂਣ ਛਿੜਕ ਰਿਹਾ ਸੀ..ਕੋਈ ਤਿਲਕ ਹੀ ਨਾ ਪਵੇ..ਸੱਟ ਬੜੀ ਭੈੜੀ ਲੱਗਦੀ..ਓਹੀ ਲੂਣ ਜਿਹੜਾ ਅੱਜਕੱਲ ਦੂਜਿਆਂ ਦੇ ਜਖਮਾਂ ਤੇ ਵੀ ਛਿੜਕਿਆ ਜਾਂਦਾ..!
ਫੇਰ ਮਨ ਨੇ ਉਡਾਰੀ ਮਾਰੀ..ਅੱਸੀ ਸਾਲ ਦਾ ਸਮਿਥ..ਆਖਦਾ ਬਹੁਤੇ ਯਾਰ ਬੇਲੀ ਚਲੇ ਗਏ ਨੇ..ਸਾਰਿਆਂ ਨੂੰ ਵਹਿਮ ਸੀ ਕੇ ਸੌ ਸਾਲ ਤੀਕਰ ਕੁਝ ਨੀ ਹੁੰਦਾ..ਪਰ ਜਦੋਂ ਗਏ ਫੇਰ ਕ੍ਰਿਕਟ ਟੀਮ ਵਾਂਙ ਅੱਗੜ ਪਿੱਛੜ..ਇੱਕ ਤਾਂ ਸੁੱਤਾ ਹੀ ਸੌਂ ਗਿਆ ਤੇ ਦੂਜਾ ਆਖਰੀ ਸਟੇਜ ਵਾਲਾ ਕੈਂਸਰ..ਡਾਕਟਰਾਂ ਦੱਸਿਆ ਤਾਂ ਰੋ ਪਿਆ ਅਜੇ ਤਾਂ ਮੈਂ ਕੁਝ ਵੇਖਿਆ ਹੀ ਨਹੀਂ..!
ਕੁੱਤੇ ਨੂੰ ਸੈਰ ਕਰਾਉਂਦੀ ਗੋਰੀ..ਸਾਡੀ ਗੱਡੀ ਦੇਖ ਇੱਕ ਪਾਸੇ ਖਲੋ ਗਈ..ਹਲਕਾ ਜਿਹਾ ਮੁਸਕੁਰਾਈ ਤੇ ਫੇਰ ਰਵਾਂ ਰਵੀਂ ਤੁਰ ਪਈ..ਕਾਲੇ ਕਾਂ..ਭੂਰੇ ਗਾਲੜ..ਨਿੱਕੀਆਂ ਚਿੜੀਆਂ..ਆਕੜ ਉੱਸਲਵੱਟੇ ਲੈਂਦੀ ਜਿੰਦਗੀ ਦੇ ਰੰਗ ਢੰਗ..ਗਰਮੀਆਂ ਦੀਆਂ ਤਿਆਰੀਆਂ ਅਤੇ ਜੱਗ ਜਿਉਂਦਿਆਂ ਦੇ ਮੇਲੇ!
ਇਕ ਹੋਰ ਗੋਰਾ ਗਰਾਜ ਦੀ ਸਫਾਈ ਕਰਦਾ ਹੋਇਆ..ਕੋਲੋਂ ਲੰਘਦੇ ਨੂੰ ਇਕੇਰਾਂ ਤੱਕਦੇ ਜਰੂਰ..ਪਛਾਨਣ ਦੀ ਕੋਸ਼ਿਸ਼ ਠੀਕ ਓਦਾਂ ਜਿੰਦਾ ਕੋਲੋਂ ਲੰਘਦੇ ਨੂੰ ਦੇਖ ਪੱਠੇ ਵੱਢਦਾ ਹੋਇਆ ਮੈਂ ਦਾਤੀ ਜਮੀਨ ਵਿਚ ਗੱਡ ਦਿਆ ਕਰਦਾ ਸਾਂ!
ਕੁਝ ਵਰੇ ਪਹਿਲੋਂ ਅਚਾਨਕ ਉਡਾਰੀ ਮਾਰ ਗਿਆ ਮਿੱਤਰ ਪਿਆਰਾ ਗੁਰਪਿੰਦਰ ਸਿੰਘ ਤੂਰ ਚੇਤੇ ਆ ਗਿਆ..ਚੰਗਾ ਭਲਾ ਹੀ ਸੀ..ਜਿਸਦਾ ਜਾਂਦਾ ਉਸਨੂੰ ਘਾਟੇ ਪੈਂਦੇ..ਬਾਕੀ ਤਾਂ ਭੁੱਲ ਭੁਲਾ ਜਾਂਦੇ..ਪਤਾ ਨੀ ਕਿਥੇ ਹੋਵੇਗਾ ਇਸ ਵੇਲੇ..ਨਿੱਕੀ ਜਿਹੀ ਜਿੰਦਗੀ ਪਤਾ ਨੀ ਲੋਕ ਲੜਨ ਭਿੜਨ ਤੇ ਨਫਰਤਾਂ ਲਈ ਟਾਈਮ ਕਿਦਾਂ ਕੱਢ ਲੈਂਦੇ ਨੇ..ਜੱਗ ਜੰਕਸ਼ਨ ਰੇਲਾਂ ਦਾ..ਸ਼ੁਕਰ ਏ ਉਸ ਮਾਲਕ ਦਾ ਮੈਨੂੰ ਦੋ ਅੱਖੀਆਂ ਵਾਲੀ ਇੱਕ ਕੀਮਤੀ ਨੇਮਤ ਬਖਸ਼ੀ..ਨਹੀਂ ਤੇ ਇਹ ਬੇਸ਼ੁਮਾਰ ਰੰਗ ਤਮਾਸ਼ੇ ਦੇਖਣੇ ਕਿਥੇ ਨਸੀਬ ਹੋਣੇ ਸਨ!
ਹਰਪ੍ਰੀਤ ਸਿੰਘ ਜਵੰਦਾ
2019