ਕਿਸੇ ਦੇ ਮੋਂਹ ਪਿਆਰ ਵਿੱਚ ਡੁੱਬੇ ਦੇ ਅਸੀਂ ਬਹੁਤ ਸਾਰੇ ਕਿੱਸੇ ਸੁਣਦੇ ਹਾਂ। ਇੰਜ ਹੀ ਅੱਸੀ ਦੇ ਦਹਾਕੇ ਦੀ ਗੱਲ ਹੈ। ਪਾਪਾ ਜੀ ਦੀਵਾਨ ਖੇੜੇ ਪਟਵਾਰੀ ਲੱਗੇ ਹੋਏ ਸਨ। ਓਥੋਂ ਦੀ ਇੱਕ ਔਰਤ ਪਾਪਾ ਜੀ ਨੂੰ ਵੀਰਾ ਕਹਿੰਦੀ ਸੀ। ਉਹ ਅਕਸਰ ਹੀ ਆਪਣੇ ਜਮੀਨ ਦੇ ਕੰਮਕਾਰ ਲਈ ਸਾਡੇ ਘਰ ਵੀ ਆਉਂਦੀ। ਉਹ ਮੇਰੀ ਮੰਮੀ ਨੂੰ ਭਾਬੀ ਆਖਦੀ। ਉਸਦੇ ਬੱਚੇ ਛੋਟੇ ਸਨ। ਸਰੀਕਾਂ ਨਾਲ ਜਮੀਨ ਦਾ ਝਗੜਾ ਚੱਲਦਾ ਸੀ। ਉਹ ਇਕੱਲੀ ਹੀ ਸਾਰੇ ਕੰਮ ਕਰਦੀ। ਸ਼ਾਇਦ ਉਸਦੇ ਪੇਕੇ ਸਾਡੇ ਪਿੰਡਾਂ ਵੱਲ ਸਨ। ਇਸ ਲਈ ਉਹ ਸਾਡੇ ਪਰਿਵਾਰ ਨਾਲ ਪੇਕਿਆਂ ਵਾੰਗੂ ਵਰਤਦੀ ਸੀ। ਖੈਰ ਉਹ ਜਦੋਂ ਵੀ ਆਉਂਦੀ ਤਾਂ ਮੇਰੀ ਮੰਮੀ ਉਸਨੂੰ ਚਾਹ ਪਾਣੀ ਜਰੂਰ ਪਿਆਉਂਦੀ ਤੇ ਉਸਦਾ ਸੁੱਖ ਦੁੱਖ ਵੀ ਸੁਣਦੀ। ਇੱਕ ਵਾਰੀ ਅਸੀਂ ਸਾਰਾ ਪਰਿਵਾਰ ਵੋਟ ਪਾਉਣ ਲਈ ਦੀਵਾਨ ਖੇੜੇ ਗਏ ਤੇ ਉਸ ਔਰਤ ਨੂੰ ਮਿਲਣ ਉਸਦੇ ਘਰ ਚਲੇ ਗਏ। ਅਸੀਂ ਉਸਦੇ ਮੇਨ ਗੇਟ ਤੇ ਜਾਕੇ ਆਵਾਜ਼ ਲਗਾਈ। ਉਹ ਸਾਹਮਣੇ ਆਪਣੇ ਕਮਰੇ ਦੇ ਦਰਵਾਜੇ ਵਿੱਚ ਬੈਠੀ ਨਾਲੇ ਬੁਣ ਰਹੀ ਸੀ। ਮਈ ਜੂਨ ਦਾ ਮਹੀਨਾ ਸੀ। ਮੇਨਗੇਟ ਤੋਂ ਉਹ ਕਮਰਾ ਕਾਫੀ ਦੂਰੀ ਤੇ ਸੀ। ਕਿਉਂਕਿ ਉਹਨਾਂ ਦਾ ਘਰ ਬਹੁਤ ਲੰਬਾ ਸੀ। ਸਾਨੂੰ ਦੇਖਦੀ ਹੀ ਉਹ ਨੰਗੇ ਪੈਰੀਂ ਹੀ ਮੇਨ ਗੇਟ ਵੱਲ ਨੂੰ ਭੱਜੀ। ਉਸ ਨੂੰ ਇੰਨਾ ਚਾਅ ਚੜ੍ਹਿਆ ਕਿ ਉਸਨੂੰ ਜੁੱਤੀ ਚੱਪਲ ਪਾਉਣੀ ਵੀ ਨਾ ਯਾਦ ਰਿਹਾ। ਪਰ ਜਦੋਂ ਉਹ ਅੱਧ ਵਿਚਕਾਰ ਪਹੁੰਚੀ ਤਾਂ ਗਰਮ ਵੇਹੜਾ ਉਸਦੇ ਬਰਦਾਸ਼ਤ ਤੋਂ ਬਾਹਰ ਹੋ ਗਿਆ। ਵਿਚਾਰੀ ਅੱਧ ਵਿਚੋਂ ਵਾਪਿਸ ਮੁੜ ਗਈ ਤੇ ਫਟਾਫਟ ਜੁੱਤੀ ਪਾਕੇ ਸਾਨੂੰ ਗੇਟ ਤੋਂ ਲੈਣ ਆਈ। ਉਸਦੇ ਇਸ ਅੰਨ੍ਹੇ ਮੋਂਹ ਨੂੰ ਵੇਖਕੇ ਅਸੀ ਖੂਬ ਹੱਸੇ। ਅੱਜ ਵੀ ਉਸ ਦੇ ਨਿਸਵਾਰਥ ਪ੍ਰੇਮ ਨੂੰ ਯਾਦ ਕਰਕੇ ਹਾਸੀ ਆਉਂਦੀ ਹੈ। ਅੱਜ ਕੱਲ੍ਹ ਇਹੋ ਜਿਹੇ ਮੋਂਹ ਕਰਨ ਵਾਲੇ ਸਿੱਧੇ ਬੰਦੇ ਨਹੀਂ ਲੱਭਦੇ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ