ਸਰਸਾ ਦੇ ਮੇਨ ਚੌਂਕ ਨੇੜੇ ਇਕ ਰਾਧਾ ਸਵਾਮੀ ਵੈਸ਼ਨੂੰ ਢਾਬਾ ਹੁੰਦਾ ਸੀ। ਬਾਅਦ ਵਿਚ ਜਿਸ ਦਾ ਨਾਮ ਓਹਨਾ ਬਦਲ ਕੇ ਆਰ ਐਸ ਢਾਬਾ ਰੱਖ ਲਿਆ ਸੀ। ਇਹ ਸੁੱਧ ਵੈਸ਼ਨੂੰ ਢਾਬਾ ਸੀ। ਕੁਆਲਿਟੀ ਨਾਲ ਕੋਈ ਸਮਝੌਤਾ ਨਹੀਂ ਸੀ। ਹਰ ਅਮੀਰ ਗਰੀਬ ਦੀ ਪਹਿਲੀ ਪਸੰਦ ਸੀ ਇਹ ਢਾਬਾ। ਇਸ ਦੇ ਮਾਲਿਕ ਸਰਦਾਰ ਜੀ ਕੁੱਝ ਰੁੱਖੇ ਜਰੂਰ ਸਨ ਪਰ ਦਿਲ ਦੇ ਸਾਫ ਸਨ। ਇਹ੍ਹਨਾਂ ਦੀ ਦਾਲ ਫਰਾਈ ਮਸ਼ਹੂਰ ਸੀ। ਇਹ ਰੋਟੀ ਬਾਦ ਖੰਡ ਗੁੜ ਨਹੀਂ ਸੀ ਦਿੰਦੇ ਕਿਉਂਕਿ ਇਹ੍ਹਨਾਂ ਦੀ ਖੀਰ ਲਾਜਬਾਬ ਹੁੰਦੀ ਸੀ। ਬਾਕੀ ਦੀਆਂ ਸਾਰੀਆਂ ਸਬਜ਼ੀਆਂ ਜਿੰਨੀ ਇਹ੍ਹਨਾਂ ਦੀ ਇੱਕਲੀ ਦਾਲ ਫਰਾਈ ਵਿਕਦੀ ਸੀ।
ਸਰਦਾਰ ਜੀ ਦੀ ਪੋਤੀ ਨੇ ਡੇਰੇ ਵਾਲੇ ਸਕੂਲ ਵਿੱਚ ਦਾਖਲਾ ਲਿਆ ਸ਼ਾਇਦ ਪੰਜਵੀ ਜਮਾਤ ਵਿਚ। ਮੈਂ ਵੀ ਇਹ੍ਹਨਾਂ ਬੱਚਿਆਂ ਦੇ ਨਾਲ ਹੀ ਸਕੂਲ ਬੱਸ ਤੇ ਸਕੂਲ ਤੱਕ ਜਾਂਦਾ। ਸਾਡੇ ਨਾਲ ਹੀ ਸਕੂਲ ਪ੍ਰਿੰਸੀਪਲ ਮੈਡਮ ਊਸ਼ਾ ਸੇਠੀ ਵੀ ਜਾਂਦੇ ਸਨ।
ਇੱਕ ਦਿਨ ਸਰਦਾਰ ਜੀ ਦੀ ਪੋਤੀ ਕੁਝ ਲੇਟ ਹੋ ਗਈ। ਮੈ ਡਰਾਈਵਰ ਨੂੰ ਬੱਸ ਰੋਕਣ ਲਈ ਕਿਹਾ। ਤੇ ਆਖਿਆ “ਬੱਸ ਰੋਕ ਲ਼ੈ ਯਾਰ। ਦਾਲ ਫਰਾਈ ਨਹੀ ਆਈ ਅਜੇ।” ਸਾਰੀ ਬੱਸ ਹੀ ਹੱਸ ਪਈ।
“ਤੁਸੀਂ ਇਸ ਨੂੰ ਦਾਲ ਫਰਾਈ ਕਹਿੰਦੇ ਹੋ। ਅਸੀਂ ਇਸ ਦੀ ਭੂਆ ਨੂੰ ਦਾਲ ਫਰਾਈ ਕਹਿੰਦੇ ਹੁੰਦੇ ਸੀ। ਜਦੋਂ ਉਹ ਸਾਡੇ ਨਾਲ ਨੈਸ਼ਨਲ ਕਾਲਜ ਵਿਚ ਪੜ੍ਹਦੀ ਹੁੰਦੀ ਸੀ।” ਨਾਲ ਬੈਠੇ ਊਸ਼ਾ ਸੇਠੀ ਮੈਡਮ ਨੇ ਕਿਹਾ।
ਸਰਦਾਰ ਜੀ ਦੇ ਜਾਣ ਤੋਂ ਬਾਦ ਉਹ ਆਰ ਐਸ ਢਾਬਾ ਖਤਮ ਹੋ ਗਿਆ। ਓਹੋ ਜਿਹੀ ਸਵਾਦ ਦਾਲ ਫਰਾਈ ਕੋਈ ਹੋਰ ਢਾਬੇ ਵਾਲਾ ਨਾ ਬਣਾ ਸਕਿਆ। ਸਰਦਾਰ ਜੀ ਦਹੀ ਦੀ ਮਿੱਠੀ ਲੱਸੀ ਵੀ ਕਮਾਲ ਦੀ ਬਨਾਉਂਦੇ ਸਨ। ਹੁਣ ਅਗਲਾ ਦਾਲ ਫਰਾਈ ਨਹੀਂ ਦਾਲ ਮੱਖਣੀ ਦਾ ਆਰਡਰ ਦਿੰਦਾ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੂਪਰਡੈਂਟ