ਸ਼ਾਮ ਦਾ ਸਮਾਂ ਸੀ, ਮੈਂ ਰਸੋਈ ਚ ਖੜੀ ਰੋਟੀ ਬਣਾਈ ਜਾਂਦੀ ਸੀ , ਤੇ ਉਹ ਰਸੋਈ ਦੇ ਦਰਵਾਜ਼ੇ ਨਾਲ ਢੋਅ ਲੱਗਾ ਕੇ ਖੜਾ ਟਿਕਟਿਕੀ ਲਗਾ ਕੇ ਮੈਨੂੰ ਦੇਖ ਰਿਹਾ ਸੀ, ਤੇ ਸੱਜੇ ਹੱਥ ਚ ਬੀਅਰ ਦਾ ਗਲਾਸ, ਤੇ ਉਸੇ ਤਰਾਂ ਚੁੱਪਚਾਪ ਖੜਾ ਬੱਸ ਦੇਖੀ ਜਾ ਰਿਹਾ ਤੇ ਇਹ ਪਹਿਲੀ ਵਾਰ ਨੀ ਸੀ ਹੋ ਰਿਹਾ, ਉਹ ਜਦੋਂ ਵੀ ਦਾਰੂ ਪੀ ਕੇ ਇੰਜ ਆ ਕੇ ਮੇਰੇ ਕੋਲ ਖੜਦਾ ਸੀ ਤਾਂ ਉਹਦਾ ਹਮੇਸ਼ਾ ਇੱਕ ਹੀ ਸਵਾਲ ਹੁੰਦਾ , ਇਹ ਤੂੰ ਮੈਨੂੰ ਤਲਾਕ ਕਦੋਂ ਦੇਵੇ ਗੀ, ਮੁੱਕਰ ਤਾਂ ਨੀ ਜਾਵੇਗੀ, ਕਦੋਂ ਤੱਕ ਜਾਵੇਗੀ ਮੇਰਾ ਘਰ ਛੱਡ ਕੇ, ਯਾਰ ਕਰਦੇ ਸਾਇਨ, ਜਾਂ ਫਿਰ ਆਵਦੀ ਕਿਸੇ ਸਹੇਲੀ ਨਾਲ ਰਹਿਣ ਲੱਗ ਗਾ , ਤੈਨੂੰ ਨੀ ਪਤਾ ਤੇਰੇ ਕਰਕੇ ਸਾਡੇ ਚ ਕਿੰਨੀਆਂ ਲੜਾਈਆਂ ਹੁੰਦੀਆਂ , ਕਿੰਨੇ – ਕਿੰਨੇ ਦਿਨ ਉਹ ਮੇਰੇ ਨਾਲ ਬੋਲਦੀ ਨੀ,ਤੇ ਜਦੋਂ ਉਹ ਮੈਨੂੰ ਬੁਲਾਉਂਦੀ ਨੀ ਸੱਚੀ ਮੇਰਾ ਦਿਲ ਕਰਦਾ ਹੁੰਦਾ ਮੈਂ ਮਰ ਜਾਵਾਂ, ਤੂੰ ਕਹਿਨੀ ਹੁੰਨੀ ਆ, ਤੂੰ ਮੈਨੂੰ ਪਿਆਰ ਕਰਦੀ , ਜੇ ਪਿਆਰ ਕਰਦੀ ਆ , ਤਾਂ ਤੂੰ ਮੈਨੂੰ ਮੇਰੀ ਖੁਸ਼ੀ ਲਈ ਛੱਡ ਨੀ ਸਕਦੀ, ਮੈਂ ਸੱਚੀ ਤੇਰਾ ਬੁਰਾ ਨੀ ਚਾਹੁੰਦਾ , ਮੈਂ ਤਾਂ ਆਪ ਚਾਹੁੰਦਾ ਬਈ, ਤੇਰਾ ਕੁੱਝ ਬਣਜੇ, ਪਰ ਸਾਲਾ ਟਾਇਮ ਹੀ ਬਹੁਤ ਲੱਗਦਾ ਤੇ ਮੈਂ ਹੋਰ ਇੰਤਜ਼ਾਰ ਨੀ ਕਰ ਸਕਦਾ, ਨਾਲੇ ਜੇ ਉਹਦੇ ਘਰਦਿਆ ਨੇ ਉਹਦਾ ਹੋਰ ਕਿਤੇ ਵਿਆਹ ਕਰਤਾ , ਤਾਂ ਮੈਂ ਸੱਚੀ ਮਰਜੂ, ਨਾਲੇ ਤੂੰ ਆਪ ਹੀ ਤਾਂ ਕਹਿੰਦੀ ਸੀ ਬਈ , ਤੂੰ ਮੰਗਲੀਕ ਆ, ਦੇਖਲੇ ਜੇ ਸੱਚੀ ਮੈਨੂੰ ਕੁੱਝ ਹੋ ਗਿਆ , ਤਾਂ ਵੀ ਤਾਂ ਕਿਤੇ ਹੋਰ ਜਾਏਗੀ , ਤੂੰ ਹੁਣ ਹੀ ਚਲੀ ਜਾ , ਲੱਭ ਲੈ ਕੋਈ ਹੋਰ, ਤੈਨੂੰ ਕੋਈ ਰੋਕਦਾ ਥੋੜੀ ਆ, ਤੂੰ ਆਵਦੀ ਜ਼ਿੰਦਗੀ ਜੀਅ ਤੇ ਮੈਨੂੰ ਮੇਰੀ ਜੀਉਣ ਦੇ, ਤੇ ਅੱਜ ਫਿਰ ਇਹੀ ਕੁਝ ਹੋਣਾ ਸੀ, ਮੈਂ ਰੋਟੀ ਪਕਾ ਕੇ , ਡੱਬੇ ਚ ਬੰਦ ਕਰਕੇ ਰੱਖ ਦਿੱਤੀ ਤੇ ਰਸੋਈ ਚ ਪਏ ਡਾਇਨਿੰਗ ਟੇਬਲ ਦੀ ਕੁਰਸੀ ਤੇ ਬੈਠ ਗਈ , ਤੇ ਉਹ ਹਜੇ ਵੀ ਉਂਝ ਹੀ ਖੜਾ ਸੀ, ਪਰ ਬੀਅਰ ਦਾ ਗਲਾਸ ਜ਼ਰੂਰ ਖਾਲੀ ਹੋ ਗਿਆ ਸੀ, ਤੇ ਇਸ ਤਰਾਂ ਦੀ ਚੁੱਪ ਤੋਂ ਮੈਨੂੰ ਹਮੇਸ਼ਾ ਹੀ ਬਹੁਤ ਡਰ ਲੱਗਦਾ ਸੀ , ਖਾਸ ਕਰ ਜਦੋਂ ਉਹ, ਇਸ ਤਰਾਂ ਤੱਕਦਾ ਸੀ , ਮੈਨੂੰ , ਟਿਕਟਿਕੀ ਲਗਾ ਕੇ। ਇੱਕ ਅਜੀਬ ਅਜਿਹੀ ਚੁੱਪ ਤੋੜਨ ਲਈ ਮੈਂ ਹੱਸ ਕੇ ਕਿਹਾ , ਅੱਜ ਨਹੀਂ ਕਹੋ ਗੇ ਤਲਾਕ ਦੇਂਦੇ , ਇਹ ਸ਼ਬਦ ਨੇ ਅੰਦਰੋ ਅੰਦਰੀ ਸੱਚੀ ਮੈਨੂੰ ਖਤਮ ਜਿਹਾ ਕਰਤਾ ਸੀ, ਇੱਕ ਅਜੀਬ ਜਿਹਾ ਦਰਦ ਹੁੰਦਾ ਸੀ , ਜੋ ਕਦੇ ਬਿਆਨ ਹੀ ਨੀ ਹੋਇਆ , ਕਿਉਂ ਕਿ ਜੀਹਦੇ ਨਾਲ ਇਹ ਦਰਦ ਸਾਂਝਾ ਹੋਣਾ ਸੀ , ਉਹ ਮੇਰਾ ਹੋ ਕੇ ਵੀ ਮੇਰਾ ਨੀ ਸੀ, ਇਸ ਲਈ ਸ਼ਾਇਦ ਇਹ ਸਿਰਫ ਮੇਰੇ ਤੱਕ ਹੀ ਸੀਮਤ ਰਹਿ ਗਿਆ , ਮੇਰੇ ਇਹ ਪੁੱਛਣ ਤੇ ਉਹਦਾ ਜੁਆਬ ਸੀ , ਤੂੰ ਕਿਹੜਾ ਤਲਾਕ ਦੇਣਾ ,ਪਰ ਮੈਂ ਅੱਜ ਕੁੱਝ ਸੋਚ ਕੇ ਆਇਆ , ਕੀ ਸੋਚਿਆ ਤੁਸੀ , ਦੱਸੋ ਵੀ , ਮੈਨੂੰ ਅਚਬੀ ਜਿਹੀ ਲੱਗ ਗਈ ਦੱਸੋ ਵੀ, ਦੱਸੋ ਵੀ, ਉਹ ਰਸੋਈ ਦੇ ਅੰਦਰ ਆਇਆ ਤੇ ਪਹਿਲਾਂ ਬਾਰੀ ਚ ਇੱਕ ਹੋਰ ਬੀਅਰ ਦੀ ਬੋਤਲ ਕੱਢੀ ਤੇ ਖੋਲ ਕੇ ਗਿਲਾਸ ਚ ਪਾ ਲਈ ਤੇ ਫਿਰ ਮੇਰੇ ਸਾਹਮਣੇ ਵਾਲੀ ਕੁਰਸੀ ਤੇ ਬੈਠ ਗਿਆ , ਦੱਸੋ ਕੀ ਸੋਚਿਆ , ਮੈ ਇਹ ਘਰ ਛੱਡ ਕੇ ਜਾ ਰਿਹਾ , ਤੂੰ ਤਾਂ ਕਿਤੇ ਜਾਣਾ ਨੀ , ਹੁਣ ਮੈਨੂੰ ਹੀ ਜਾਣਾ ਪੈਣਾ, ਇਹ ਸੁਣ ਕੇ ਮੇਰੇ ਅੰਦਰ ਇੱਕ ਅਜੀਬ ਜਿਹੀ , ਕੰਬਣੀ ਛਿੜ ਗਈ , ਮੈ ਘਬਰਾ ਗਈ, ਨਈ ਜਾਣਾ, ਕਿਵੇਂ ਜਾ ਸਕਦੇ ਤੁਸੀ , ਮੇਰਾ ਕੀ, ਮੈਨੂੰ ਤੇਰੇ ਨਾਲ ਮਤਲਬ ਹੀ ਨੀ , ਮੈਂ ਕਦੋਂ ਦਾ ਕਹੀ ਜਾਣਾ ਤੈਨੂੰ, ਤੂੰ ਆਵਦਾ ਪ੍ਰਬੰਧ ਕਰ ਕੇ , ਪਰ ਤੂੰ ਮੇਰੀ ਗੱਲ ਨੀ ਮੰਨੀ , ਇਸ ਲਈ ਹੁਣ ਮੈਨੂੰ ਹੀ ਜਾਣਾ ਪੈਣਾ, ਜਾ ਕੇ ਤਾਂ ਦਿਖਾਉ , ਤੂੰ ਕੌਣ ਆ , ਘਰਵਾਲੀ , ਵਿਆਹ ਹੋਇਆ ਆਪਣਾ, , ਲਾਵਾਂ ਲਈਆਂ ਤੁਸੀ ਮੇਰੇ ਨਾਲ ,….ਮਜਬੂਰ ਸੀ ਮੈ , …..ਤਾਂ ਹੋਇਆ , …..ਮੈਨੂੰ ਨੀ ਪਤਾ, ਜੋ ਵੀ ਆ, ਮੇਰੇ ਲਈ ਤਾਂ ਇਹ ਵਿਆਹ ਸਭ ਕੁੱਝ ਆ , ….ਪਰ ਮੈਂ ਜਾ ਰਿਹਾ , ਉਹ ਕੁਰਸੀ ਤੋਂ ਉੱਠ ਕੇ ਕਮਰੇ ਵੱਲ ਗਿਆ ਤੇ ਮੈਂ ਬਾਂਹ ਫੜ ਕੇ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨੇ ਜ਼ੋਰ ਦੀ ਮੇਰੇ ਮੂੰਹ ਤੇ ਥੱਪੜ ਮਾਰਿਆ …. ਮੇਰੀਆਂ ਅੱਖਾਂ ਚੋ ਤ੍ਰਿਪ ਤ੍ਰਿਪ ਹੰਝੂ ਡਿੱਗੇ , ਮੈ ਉਸੇ ਤ੍ਹਰਾਂ ਚੁੱਪ ਚਾਪ ਕੁਰਸੀ ਤੇ ਬੈਠ ਗਈ , ਤੇ ਬਹੁਤ ਰੋਈ , ਪਹਿਲੀ ਵਾਰ ਮੇਰੇ ਤੇ ਕਿਸੇ ਨੇ ਹੱਥ ਚੱਕਿਆਂ ਸੀ , ਮੈਨੂੰ ਸਮਝ ਨੀ ਸੀ ਆ ਰਿਹਾ ਮੈਂ ਕੀ ਕਰਾ, ਮੈਨੂੰ ਰੋਂਦੀ ਦੇਖ ਉਹ ਡਰ ਗਿਆ , ਉਹਨੇ ਮੈਨੂੰ ਗੱਲ ਨਾਲ ਲਾਉਣ ਦੀ ਕੋਸ਼ਿਸ਼ ਕੀਤੀ ਮੈਂ ਉਹਨੂੰ ਧੱਕਾ ਮਾਰਿਆ , ਤੇ ਉਹ ਵਾਰ ਵਾਰ ਸੋਰੀ , ਯਾਰ , ਸੋਰੀ, ਕਹਿ ਰਿਹਾ ਸੀ , ਚੁੱਪ ਕਰ ਜਾ ਨਹੀ ਗੁਆਂਢਣ ਨੇ ਪੁਲੀਸ ਬੁਲਾ ਲੈਣੀ , ਨਾ ਰੋਅ ਯਾਰ, ਪਲੀਜ ਨਾ ਰੋਅ , ਮੇਰੇ ਅੰਦਰ ਜਿੰਨਾਂ ਕੁੱਝ ਸੀ ਮੈਂ ਸਾਰਾ , ਇੱਕੋ ਸਾਹ ਬੋਲਣਾ ਸ਼ੁਰੂ ਕਰਤਾ, ਪਤਾ ਨੀ ਮੈਂ ਕੀ ਕੁੱਝ ਬੋਲਿਆ , ਪਰ ਇਸ ਥੱਪੜ ਨੇ,ਮੈਨੂੰ ਮੇਰੀ ਜਗਾਂ ਦਿਖਾ ਤੀ, ਜਿਸ ਰਿਸ਼ਤੇ ਨੇ ਚਾਰ ਸਾਲ ਇਸ ਉਮੀਦ ਚ ਕੱਢ ਲਏ ਸੀ, ਸ਼ਾਇਦ ਕੁੱਝ ਠੀਕ ਹੋ ਜਾਉ , ਉਹ ਉਮੀਦ ਹੀ ਖਤਮ ਕਰ ਦਿੱਤੀ ਸੀ, ਇਹ ਤਾਂ ਪਹਿਲਾਂ ਵੀ ਕੁੱਝ ਨੀ ਸੀ , ਬਸ ਇੱਕ ਘਰਵਾਲੀ ਹੋਣ ਦਾ ਵਹਿਮ ਦੂਰ ਕੀਤਾ ਸੀ ਉਹਨੇ, ਕਿ ਲਾਵਾਂ ਲੈਣ ਨਾਲ ਕਦੇ ਕੋਈ ਰਿਸ਼ਤਾ ਨੀ ਬਣਦਾ।ਉਸ ਤੋਂ ਬਾਅਦ ਕੁੱਝ ਮਹੀਨੇ ਹੋਰ ਲੰਘੇ ਤੇ ਆਖਿਰ ਮੈਂ ਤਲਾਕ ਦੇ ਪੇਪਰ ਤੇ ਸਾਇਨ ਕਰਤੇ , ਉਹ ਬਹੁਤ ਖੁਸ਼ ਸੀ , ਉਹਦੀ ਖੁਸ਼ੀ ਨੂੰ ਉਹਦੇ ਚਿਹਰੇ ਤੋਂ ਪੜਿਆਂ ਜਾ ਸਕਦਾ ਸੀ, ਉਹਦੀਆਂ ਅੱਖਾਂ ਚ ਇੱਕ ਅਜੀਬ ਜਿਹੀ ਚਮਕ ਸੀ, ਉਹਦਾ ਮਕਸਦ ਪੂਰਾ ਹੋ ਗਿਆ ਸੀ , ਲੋਕ ਦਿਖਾਵੇ , ਫੋਕੀ ਅਣਖ ਤੇ ਫੋਕੇ ਹੰਕਾਰ ਦਾ ਇਹ ਰਿਸ਼ਤਾ ਅੱਜ ਖ਼ਤਮ ਹੋ ਗਿਆ , ਪਤਾ ਨੀ ਕਿੰਨੇ ਕਿ ਜਜਬਾਤਾਂ ,ਤੇ ਚਾਵਾਂ ਦਾ ਕਤਲ ਕਰਕੇ ਉਹਨੂੰ ਤੇ ਉਹਦੇ ਦੇਸ਼ ਨੂੰ ਭਰੇ ਮਨ ਤੇ ਭਿੱਜੀਆਂ ਅੱਖਾਂ ਨਾਲ ਅਲਵਿਦਾ ਕਹਿਣਾ ਪਿਆ ।
ਮੰਨਦੇ ਆ ਤੇਰੀ ਮੁਹੱਬਤ ਅੱਗੇ , ਲਾਂਵਾਂ ਵਾਲਾ ਰਿਸ਼ਤਾ ਢਹਿ ਢੇਰੀ ਹੋ ਗਿਆ , ਪਰ ਸੱਚ ਜਾਣੀ ਮੇਰੀ ਕਾਲਪਨਿਕ ਜ਼ਿੰਦਗੀ ਦਾ ਇਹ ਜ਼ਰੂਰੀ ਹਿੱਸਾ ਹੋ ਗਿਆ । ਇਸੇ ਲਈ ਅਲਵਿਦਾ ……… ਆਖੀ ਏ , ਤੈਨੂੰ ਤੇ ਤੇਰੇ ਸ਼ਹਿਰ ਨੂੰ, ਕਿਉਂ ਕਿ ਹੁਣ ਸਾਡਾ ਜੀਊਣਾ ਹੋਰ ਵੀ ਜ਼ਰੂਰੀ ਹੋ ਗਿਆ , ਇਸੇ ਲਈ….
“ ਅਲਵਿਦਾ ਆਖੀ ਏ ਤੈਨੂੰ ਤੇ ਤੇਰੇ ਸ਼ਹਿਰ ਨੂੰ “
ਸਿੱਧੂ ਦਮਨਦੀਪ ਕੌਰ