ਅਸੀਂ ਜਿਹੜੇ ਸੱਠ ਦੇ ਦਹਾਕੇ ਦੇ ਜੰਮੇ ਹਾਂ ਅੱਜ ਦੀ ਪੀੜ੍ਹੀ ਨਾਲੋਂ ਕਾਫੀ ਭਿੰਨ ਹਾਂ। ਅਸੀਂ ਬਹੁਤ ਕੁਝ ਅਜੀਬ ਵਰਤਿਆ ਤੇ ਹੰਢਾਇਆ ਹੈ। ਜੋ ਸਾਡੇ ਜੁਆਕ ਪਸੰਦ ਨਹੀਂ ਕਰਦੇ।
ਗਿਫ਼ਟ ਪੈਕਿੰਗ ਅਸੀਂ ਅੱਧੀ ਉਮਰ ਟੱਪਣ ਤੋਂ ਬਾਅਦ ਵੇਖੀ। ਅਸੀਂ ਗਿਫ਼ਟ ਖੋਲ੍ਹਣ ਸਮੇ ਉਸ ਦਾ ਰੈਪਰ ਹੋਲੀ ਹੋਲੀ ਉਤਾਰਦੇ ਹਾਂ। ਮਤੇ ਪਾੜ ਨਾ ਜਾਵੇ ਤੇ ਉਸਨੂੰ ਇਹ ਸੋਚਕੇ ਸੰਭਾਲਦੇ ਹਾਂ ਕਿ ਫਿਰ ਕੰਮ ਆ ਜਾਵੇਗਾ। ਜੋ ਅੱਜ ਤੀਕ ਤਾਂ ਕਦੇ ਕੰਮ ਨਹੀਂ ਆਇਆ।
ਪਹਿਲੀ ਗੱਲ ਤਾਂ ਬਚਪਨ ਵਿੱਚ ਘਰੇ ਮਿਠਿਆਈ ਦਾ ਡਿੱਬਾ ਕਿਤੋਂ ਆਉਂਦਾ ਹੀ ਨਹੀਂ ਸੀ। ਜੇ ਆ ਜਾਂਦਾ ਤਾਂ ਅਸੀਂ ਖਾਲੀ ਡਿੱਬਾ ਬਹੁਤ ਸੰਭਾਲਕੇ ਰੱਖਦੇ। ਜਲਦੀ ਜਲਦੀ ਬਾਹਰ ਨਹੀਂ ਸੀ ਸੁੱਟਦੇ। ਕਿਉਂਕਿ ਖਾਲੀ ਡਿੱਬੇ ਨੂੰ ਦੁਬਾਰਾ ਵਰਤਣ ਦੀ ਸਿਆਣਪ ਕਰਦੇ ਸੀ। ਅੱਜ ਕੱਲ੍ਹ ਤਾਂ ਡਿੱਬਾ ਮਿਠਿਆਈ ਜਿੰਨਾ ਹੀ ਮਹਿੰਗਾ ਹੁੰਦਾ ਹੈ ਤੇ ਭਾਰਾ ਵੀ। ਜਿਸ ਵਿੱਚ ਮਿਠਿਆਈ ਵੀ ਪੂਰੀ ਕਿਲੋ ਨਹੀਂ ਹੁੰਦੀ ਕਈ ਵਾਰੀ ਤਾਂ ਪੰਜ ਛੇ ਸੋ ਗਰਾਮ ਹੀ ਮਸਾਂ ਹੁੰਦੀ ਹੈ।
ਅਸੀਂ ਅੱਧ ਰਿੱਝੀ ਸਬਜ਼ੀ ਖਾਣ ਨੂੰ ਨਿਆਮਤ ਸਮਝਦੇ ਸੀ। ਟਮਾਟਰ ਨੂੰ ਫਲ ਸਮਝਕੇ ਖਾਂਦੇ ਸੀ।
ਓਹਨਾ ਵੇਲਿਆਂ ਵਿਚ ਢਾਬੇ ਵਾਲੇ ਰੋਟੀ ਦੇ ਪੈਸੇ ਲੈਂਦੇ ਸਨ ਤੇ ਦਾਲ ਮੁਫ਼ਤ ਹੁੰਦੀ ਸੀ। ਅਸੀਂ ਅੱਜ ਵੀ ਹੋਟਲ ਦਾ ਮਨਿਊ ਉਲਟੇ ਪਾਸੇ ਯਾਨੀ ਰੇਟ ਵਾਲੇ ਪਾਸੇ ਤੋਂ ਦੇਖਦੇ ਹਾਂ।
ਅਸੀਂ ਚਾਹੇ ਗਰੀਬੀ ਨਹੀਂ ਦੇਖੀ ਤੰਗੀ ਜਰੂਰ ਦੇਖੀ ਹੈ।
ਊਂ ਗੱਲ ਆ ਇੱਕ
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ