ਸਵੇਰੇ -ਸਵੇਰੇ ਦਾਦੀ ਦੇ ਉੱਚੀ-ਉੱਚੀ ਬੋਲਣ ਦੀ ਆਵਾਜ਼ ਮੇਰੇ ਕੰਨਾਂ ਚ ‘ ਪਈ, ਨੀ ਨਿੱਕੀਏ,ਨੀ ਨਿੱਕੀਏ, ਉੱਠ ਜਾ ਹੁਣ, ਦੇਖ ਕਿੱਡਾ ਦਿਨ ਚੜ੍ਹ ਆਇਆ ।ਕਿਵੇਂ ਮਚਲੀ ਹੋ ਕੇ ਪਈ ਆ , ਇਹ ਕੁੜੀ ਨੇ ਤਾਂ ਲਹੂ ਪੀ ਲਿਆ ਸਾਰੇ ਟੱਬਰ ਦਾ ।ਕੋਈ ਫਿਕਰ ਨੀ ਇਹਨੂੰ ਘਰ ਦੇ ਕੰਮ-ਕਾਰ ਦੀ ਦਾਦੀ ਦੇ ਬੋਲਦਿਆਂ -ਬੋਲਦਿਆਂ ਮੈਂ ਉੱਠ ਕੇ ਮੂੰਹ ਧੋ ਕੇ ਰਸੋਈ ਚ’ ਵੀ ਆ ਗਈ , ਪਰ ਦਾਦੀ ਹਾਲੇ ਤੱਕ ਵੀ ਬੁੜਬੁੜ -ਬੁੜਬੁੜ ਕਰੀ ਹੀ ਜਾਂਦੀ ਸੀ। ਦਾਦੀ ਦੇ ਲਗਾਤਾਰ ਬੋਲਣ ਕਰਕੇ ਮੈਂ ਵੀ ਖਿਝ ਕੇ ਬੋਲ ਪਈ , ਕਿ ਆ ਬੇਬੇ ਕਿਉਂ ਬੋਲੀ ਜਾਣੀ ਆ , ਅੱਗੋਂ ਬੇਬੇ ਵੀ ਬੋਲੀ , ਕਿਉਂ ਨਾ ਬੋਲਾਂ “ ਕੰਮ ਤੇਰੇ ਪਿਉ ਨੇ ਕਰਨਾ , ਸਾਰੇ ਦਾ ਸਾਰਾ ਕੰਮ ਕਰਨ ਵਾਲਾ ਪਿਆ, ਤੇ ਉੱਧਰ ਮਾਂ ਤੇਰੀ ਨੇ ਸਵੇਰ ਦੀ ਨੇ ਚੁੱਲੇ ਕੜਾਹੀ ਚਾੜ੍ਹੀ ਹੋਈ ਆ , ਅਖੇ ਜੀ ਖੋਆ ਮਾਰਨਾ ।ਤੇ ਉੱਧਰ ਮੇਰਾ ਪੋਤਾ , ਮੇਰਾ ਚੰਨਾ , ਸਵੇਰ ਦਾ ਭੁੱਖਾ -ਭਾਣਾ ਖੇਤ ਗਿਆ ਹੋਇਆ , ਉਹਦੀ ਕਿਸੇ ਨੂੰ ਕੋਈ ਪ੍ਰਵਾਹ ਨੀ । ਚੰਨਾ ਮੇਰਾ ਛੋਟਾ ਭਰਾ ਸੀ , ਪਰ ਮੇਰੀ ਮਤਰੇਈ ਮਾਂ ਦਾ ਮੁੰਡਾ । ਮੇਰੀ ਮਾਂ ਮੈਨੂੰ ਜਨਮ ਦੇਣ ਤੋਂ ਬਾਅਦ ਰੱਬ ਨੂੰ ਪਿਆਰੀ ਹੋ ਗਈ, ਸ਼ਾਇਦ ਇਸ ਕਰਕੇ ਮੇਰੀ ਦਾਦੀ ਮੈਨੂੰ ਚੰਗਾ ਨੀ ਸੀ ਸਮਝਦੀ। ਮੈਂ ਮੇਰੀ ਮਾਂ ਦੀ ਦੂਜੀ ਔਲਾਦ ਸੀ, ਉਹਦੇ ਪਹਿਲਾਂ ਵੀ ਇੱਕ ਕੁੜੀ ਹੋਈ ਸੀ , ਜੋ ਕਿ ਜਨਮ ਦੇ ਕੁੱਝ ਦਿਨਾਂ ਬਾਅਦ ਹੀ ਚੱਲ ਵਸੀ ਸੀ, ਤਾਂ ਹੀ ਮੈਨੂੰ ਨਿੱਕੀਏ ਕਿਹਾ ਜਾਂਦਾ ।ਇਸ ਲਈ ਦਾਦੀ ਚੰਨੇ ਨੂੰ ਜ਼ਿਆਦਾ ਹੀ ਪਿਆਰ ਕਰਦੀ ਸੀ, ਘਰ ਦੀ ਹਰ ਇੱਕ ਚੀਜ਼ ਤੇ ਸਿਰਫ ਤੇ ਸਿਰਫ਼ ਉਹਦਾ ਹੀ ਹੱਕ ਸੀ। ਦੁਪਹਿਰ ਤੱਕ ਖੋਆ ਬਣ ਗਿਆ ਤੇ ਸ਼ਾਮ ਨੂੰ ਮੈਂ ਦਾਦੀ ਤੇ ਮੇਰੀ ਮਤਰੇਈ ਮਾਂ ਪਿੰਨੀਆਂ ਵੱਟ ਕੇ ਪਰਾਂਦ ਚ’ ਰੱਖੀਆਂ , ਤੇ ਮੈਂ ਅਚਾਨਕ ਇੱਕ ਪਿੰਨੀ ਚੱਕ ਕੇ ਹਾਲੇ ਖਾਣ ਹੀ ਲੱਗੀ ਸੀ ਕਿ ਦਾਦੀ ਨੇ ਝਪਟ ਕੇ ਪਿੰਨੀ ਮੇਰੇ ਹੱਥਾਂ ਵਿੱਚੋਂ ਖੋਹ ਲਈ “ ਫੜਾ ਉਰੇ ਪਿੰਨੀ” ਮੁੰਡਾ ਸਵੇਰ ਦਾ ਗਿਆ , ਹਾਲੇ ਤੱਕ ਮੁੜਿਆ ਨੀ , ਤੇ ਇਹਨੂੰ ਖੋਏ ਦੀ ਪਈ ਆ , ਤੇ ਮੈਂ ਉੱਥੇ ਹੀ ਬੈਠੀ , ਤਰਸੀਆਂ ਨਜ਼ਰਾਂ ਨਾਲ ਪਰਾਦ ਚ’ ਪਈਆਂ ਬਾਕੀ ਪਿੰਨੀਆਂ ਵੱਲ ਦੇਖਦੀ ਸੋਚਦੀ ਰਹੀ , ਕਿ ਹਾਏ ਇਹਨਾਂ ਪਿੰਨੀਆਂ ਤੇ ਵੀ ਮੇਰਾ ਹੱਕ ਨੀ।
ਦਮਨਦੀਪ ਕੌਰ ਸਿੱਧੂ