ਆਗਿਆਕਾਰ ਪਤੀ..ਹਮੇਸ਼ਾਂ ਸੇਵਾ ਵਿੱਚ ਰਹਿੰਦਾ..ਪਰ ਨਾਲਦੀ ਸਦਾ ਹੀ ਨਰਾਜ..ਕਦੇ ਆਂਡੇ ਉਬਾਲ ਦਿੰਦਾ ਤਾਂ ਆਖਦੀ ਆਮਲੇਟ ਨਹੀਂ ਬਣਾਇਆ..ਆਮਲੇਟ ਬਣਾਉਂਦਾ ਤਾਂ ਆਖਦੀ ਉਬਾਲੇ ਕਿਓਂ ਨਹੀਂ..!
ਇੱਕ ਦਿਨ ਸਕੀਮ ਲੜਾਈ..ਦੋ ਆਂਡੇ ਲਏ..ਇੱਕ ਉਬਾਲ ਦਿੱਤਾ ਅਤੇ ਇੱਕ ਦਾ ਆਮਲੇਟ ਬਣਾ ਦਿੱਤਾ..ਸੋਚਣ ਲੱਗਾ ਅੱਜ ਤੇ ਪੱਕਾ ਖੁਸ਼ ਹੋਵੇਗੀ..ਪਰ ਪਰਨਾਲਾ ਓਥੇ ਦਾ ਓਥੇ..ਗਲ਼ ਪੈ ਗਈ..ਅਖ਼ੇ ਜਿਸ ਵਾਲੇ ਦਾ ਆਮਲੇਟ ਬਣਾਉਣਾ ਸੀ ਉਹ ਉਬਾਲ ਦਿੱਤਾ ਤੇ ਜਿਹੜਾ ਉਬਲਣਾ ਸੀ ਉਹ ਤਵੇ ਤੇ ਪਾ ਦਿੱਤਾ..!
ਦੋਸਤੋ ਅਜੋਕੇ ਮਾਹੌਲ ਵਿੱਚ ਇੱਕ ਤੱਤ ਕੱਢਿਆ..ਹਰੇਕ ਬੰਦਾ ਹੀ ਤਣਾਓ ਵਿੱਚ..ਕਿਸੇ ਨੂੰ ਔਲਾਦ ਦੀ ਸਮੱਸਿਆ..ਕੋਈ ਨਾਲਦੀ ਹੱਥੋਂ ਪ੍ਰੇਸ਼ਾਨ..ਕਿਸੇ ਨੂੰ ਨੌਕਰੀ ਦੀ ਟੈਨਸ਼ਨ..ਕੋਈ ਵਸੀਲਿਆਂ ਪੱਖੋਂ ਪਿੱਛੇ ਰਹਿ ਗਿਆ ਮਹਿਸੂਸ ਕਰਦਾ..ਕਿਸੇ ਨੂੰ ਸਿਹਤ ਦਾ ਫਿਕਰ..ਵਗੈਰਾ ਵਗੈਰਾ!
ਇੱਕ ਨੂੰਹ ਦੀ ਕੋਈ ਘਰੇਲੂ ਸਮੱਸਿਆ ਸਬੱਬੀਂ ਹੀ ਮੇਰੀ ਇੱਕ ਲਿਖਤ ਨਾਲ ਰਲ ਗਈ..ਸੁਨੇਹਾ ਆ ਗਿਆ ਅਖ਼ੇ ਵੀਰ ਜੀ ਪੱਕਾ ਮੇਰੀ ਸੱਸ ਨੇ ਚੁਗਲੀ ਲਾਈ ਹੋਣੀ..!
ਇੱਕ ਨੂੰ ਲਿਖਤਾਂ ਵਿੱਚ ਸੰਤ ਜੀ ਦੇ ਹਵਾਲੇ ਪਸੰਦ ਨਹੀਂ ਸਨ..ਇੱਕ ਦੀ ਸਲਾਹ ਸੀ ਪਿਆਰ ਮੁੱਹਬਤ ਵਾਲੇ ਕਿੱਸੇ ਹੀ ਲਿਖਿਆ ਕਰੋ..ਸਿਆਸਤ ਧਰਮ ਵਾਲੇ ਪਾਸੇ ਨਹੀਂ ਪੈਣਾ ਚਾਹੀਦਾ..!
ਇੱਕ ਭੈਣ ਨੂੰ ਲਿਖਤਾਂ ਵਿੱਚ ਮੌਤ ਦਾ ਜਿਕਰ ਪ੍ਰੇਸ਼ਾਨ ਕਰ ਦਿੰਦਾ..ਇੱਕ ਵੀਰ ਨੂੰ ਕਾਰੋਬਾਰੀ ਹੇਰਾਫੇਰੀ ਵਾਲੀਆਂ ਲਿਖਤਾਂ ਨਹੀਂ ਸਨ ਭਾਉਂਦੀਆਂ..ਆਖਦਾ ਸਾਰੀ ਖਾਦੀ ਪੀਤੀ ਲਹਿ ਜਾਂਦੀ!
ਇੱਕ ਆਖਦਾ ਜੇ ਕਨੇਡਾ ਏਡਾ ਮਾੜਾ ਤਾਂ ਵਾਪਿਸ ਕਿਓਂ ਨਹੀਂ ਪਰਤ ਆਉਂਦੇ..ਇੱਕ ਚਹੁੰਦਾ ਸੀ ਕੇ ਮੈਂ ਪੰਜਾਬ ਆ ਕੇ ਖੁਦ ਲੜਾਈ ਲੜਾਂ..!
ਇੱਕ ਆਖਦਾ ਜਦੋਂ ਇਨਸਾਨ ਬਹੁਤ ਜਿਆਦਾ ਜਜਬਾਤੀ ਹੋ ਜਾਂਦਾ ਉਹ ਔਰਤ ਬਣ ਜਾਂਦਾ..ਇਸ ਕੁਮੈਂਟ ਦੀ ਮੈਨੂੰ ਅਜੇ ਤੀਕਰ ਸਮਝ ਨਹੀਂ ਆਈ..!
ਰੱਬ ਦੀ ਹੋਂਦ ਤੋਂ ਇਨਕਾਰੀ ਉਸਦਾ ਜਿਕਰ ਅਉਂਦੇ ਹੀ ਚੁੱਪ ਕਰ ਜਾਂਦੇ..ਕੁਝ ਸਮਝਦੇ ਇਸਨੂੰ ਸ਼ਾਇਦ ਮਸ਼ਹੂਰੀ ਦਾ ਚਸਕਾ..ਕੁਝ ਨੂੰ ਲੱਗਦਾ ਮੈਨੂੰ ਪੈਸੇ ਮਿਲਦੇ ਹੋਣੇ..!
ਇੱਕ ਸਿਰਫ ਇਸੇ ਗੱਲੋਂ ਨਰਾਜ ਹੋ ਗਿਆ ਕਿਓੰਕੇ ਦਿੱਲੀ ਮੋਰਚੇ ਦੇ ਇੱਕ ਸਰਗਰਮ ਕਿਸਾਨ ਆਗੂ ਦਾ ਨਾਂਹ ਪੱਖੀ ਹਵਾਲਾ ਦਿੱਤਾ ਗਿਆ ਸੀ..ਕੋਈ ਅਕਾਲੀ..ਕੋਈ ਆਮ ਪਾਰਟੀ ਤੇ ਕੋਈ ਹੋਰ!
ਏਦਾਂ ਦਾ ਹੋਰ ਵੀ ਕਿੰਨਾ ਕੁਝ..ਪਰ ਅਖੀਰ ਵਿੱਚ..”ਜੇ ਮੈਂ ਹੱਸ ਕੇ ਯਾਰ ਨਾਲ ਗੱਲ ਕਰ ਲਾਂ..ਲੋਕੀ ਆਖਦੇ ਯਾਰ ਨਾਲ ਰਲੀ ਹੋਈ ਏ..ਪਾਸਾ ਵੱਟ ਕੇ ਕੋਲੋਂ ਦੀ ਲੰਘ ਜਾਵਾਂ..ਲੋਕੀ ਆਖਦੇ ਇਸ਼ਕ ਵਿੱਚ ਸੜੀ ਹੋਈ ਏ..ਕਾਦਰ ਯਾਰ ਮੈਂ ਲੋਕਾਂ ਦੀ ਕੀ ਆਖਾਂ..ਮੇਰੀ ਜਾਨ ਕੁੜਿੱਕੀ ਵਿੱਚ ਅੜੀ ਹੋਈ ਏ”!
ਦੋਸਤੋ ਸੀਰੀਅਸ ਬਿਲਕੁਲ ਵੀ ਨਾ ਲੈ ਲਿਆ ਜੇ..ਅੱਜ ਬੱਸ ਕੁਝ ਹਲਕਾ ਫੁਲਕਾ ਜਿਹਾ ਸਾਂਝਾ ਕਰਨ ਨੂੰ ਚਿੱਤ ਕਰਦਾ ਸੀ!
ਜਿਉਂਦੇ ਵੱਸਦੇ ਰਹੋ..
ਹਰਪ੍ਰੀਤ ਸਿੰਘ ਜਵੰਦਾ