ਬਲਰਾਜ ਸਾਹਨੀ ਅਤੇ ਢੁਡੀਕੇ ਦਾ ਬਾਬਾ ਜਸਵੰਤ ਸਿੰਘ ਕੰਵਲ..!
ਦੋਵੇਂ ਪੰਜਾਬ ਦੇ ਪੁੱਤਰ..ਖੇਤ,ਖਲਿਆਣ,ਹਰਿਆਵਲ,ਨਹਿਰਾਂ,ਰੁੱਖ ਬੰਬੀਆਂ ਪਾਣੀ ਪੰਜਾਬੀਅਤ ਅਤੇ ਹੋਰ ਵੀ ਕਿੰਨਾ ਕੁਝ ਧੁਰ ਅੰਦਰ ਤੱਕ ਵੱਸੇ ਹੋਏ..!
ਸੰਨ ਅਠਾਹਠ ਵਿਚ ਬਣੀ ਫਿਲਮ ਨੀਲ ਕਮਲ..”ਬਾਬੁਲ ਕੀ ਦੁਵਾਏਂ ਲੇਤੀ ਜਾ..ਜਾ ਤੁਝ ਕੋ ਸੁਖੀ ਸੰਸਾਰ ਮਿਲੇ”..ਓਹਨਾ ਵੇਲਿਆਂ ਵੇਲੇ ਤੁਰਦੀ ਹੋਈ ਡੋਲੀ ਤੇ ਵੱਜਣ ਵਾਲਾ ਮਸ਼ਹੂਰ ਗੀਤ..ਜਿਹੜਾ ਕਦੀ ਨਾ ਰੋਇਆ ਹੋਵੇ..ਇਹ ਗੀਤ ਸੁਣ ਚੋਰੀ ਚੋਰੀ ਅੱਖੀਆਂ ਪੂੰਝਣ ਲੱਗਦਾ!
ਫਿਲਮ ਦੇ ਧੀ ਨੂੰ ਤੋਰਨ ਵਾਲੇ ਇਸ ਸੀਨ ਵੇਲੇ ਇੰਝ ਲੱਗਦਾ ਜਿੱਦਾਂ ਬਲਰਾਜ ਅਸਲੀ ਰੋ ਰਿਹਾ ਹੋਵੇ!
ਇਹੋ ਕੁਝ ਤੇਹੱਤਰ ਵਿਚ ਰਿਲੀਜ ਹੋਈ “ਹੰਸਤੇ ਜਖਮ” ਵਿਚ ਹੋਇਆ..ਵਿੱਛੜੀ ਧੀ ਨੂੰ ਵੇਖ ਉਸਦਾ ਹਮੇਸ਼ਾਂ ਗੱਚ ਭਰ ਆਉਂਦਾ..!
ਅਕਸਰ ਸੋਚਦਾ ਹੁੰਦਾ ਸਾਂ ਕੇ ਕੋਈ ਧੀਆਂ ਦੇ ਮਾਮਲੇ ਵਿਚ ਏਨੀ ਸਟੀਕ ਅਤੇ ਅਸਲ ਐਕਟਿੰਗ ਕਿੱਦਾਂ ਕਰ ਸਕਦਾ!
ਜਸਵੰਤ ਸਿੰਘ ਕੰਵਲ ਨਾਲ ਉਸਦਾ ਬੜਾ ਮੋਹ ਸੀ..ਬਾਬਾ ਕੰਵਲ ਲਿਖਦਾ ਏ ਕੇ ਬਲਰਾਜ ਦੀ ਖੁਦ ਦੀ ਧੀ ਬੜੀ ਖੂਬ ਸੂਰਤ..ਹੱਥ ਲਾਇਆਂ ਮੈਲੀ ਹੁੰਦੀ..ਨਾਮ ਸਨੋਬਰ..ਨਿਰੀ ਸੱਜਰੇ ਖਿੜੇ ਫੁੱਲ ਵਰਗੀ..ਚਾਵਾਂ ਨਾਲ ਵਿਆਹ ਕੀਤਾ..ਅੱਗੋਂ ਸਹੁਰੇ ਲਾਲਚੀ ਨਿੱਕਲੇ..ਗੱਲ ਗੱਲ ਤੇ ਆਖਿਆ ਕਰਨ ਤੇਰੇ ਪਿਓ ਨੇ ਫ਼ਿਲਮਾਂ ਚੋਂ ਏਨਾ ਪੈਸੇ ਕਮਾਇਆ..ਜਾਇਦਾਤ ਬਣਾਈ..ਸਾਨੂੰ ਵੀ ਹਿੱਸਾ ਚਾਹੀਦਾ!
ਇੱਕ ਵਾਰ ਦੁਖੀ ਹੋਈ ਨੇ ਖੁਦ ਤੇ ਤੇਲ ਪਾ ਅੱਗ ਲਾ ਲਈ..ਫੇਰ ਜਦੋਂ ਸੇਕ ਲੱਗਾ ਤਾਂ ਨਲਕੇ ਦੇ ਠੰਡੇ ਪਾਣੀ ਹੇਠ ਹੋ ਗਈ ਤੇ ਮੁੜ ਕੋਠੇ ਤੋਂ ਛਾਲ ਮਾਰ ਦਿੱਤੀ..ਬਲਰਾਜ ਨੂੰ ਪਤਾ ਲੱਗਾ ਤਾਂ ਚੱਲਦੀ ਸ਼ੂਟਿੰਗ ਵਿਚੋਂ ਭੱਜਾ ਆਇਆ..ਥਾਂ ਥਾਂ ਤੋਂ ਸੜ ਗਈ ਫੁਲ ਵਰਗੀ ਧੀ ਵੱਲ ਵੇਖ ਮਰਨ ਵਾਲਾ ਹੋ ਗਿਆ..!
ਮੈਂ ਸਲਾਹ ਦਿੱਤੀ ਇਸਨੂੰ ਇਥੇ ਢੁਡੀਕੇ ਲੈ ਆ..ਫੇਰ ਉਹ ਵਾਕਿਆ ਹੀ ਆ ਗਿਆ..!
ਪਿਓ ਧੀ ਦੋਵੇਂ ਪਿੰਡਾਂ ਦਾ ਤਲਿਸਮੀਂ ਦੇਸੀ ਮਾਹੌਲ ਵੇਖ ਬੰਬਈ ਦੇ ਦੁੱਖ ਭੁੱਲ ਗਏ..ਫੇਰ ਵੀ ਗੁਲਾਬ ਦੀ ਪੱਤੀ ਵਰਗੀ ਨਾਜ਼ੁਕ ਧੀ ਦਾ ਥਾਂ ਥਾਂ ਤੋਂ ਸੜਿਆ ਮਾਸ ਵੇਖ ਹੌਲ ਪਿਆ ਕਰਨ..ਉਹ ਵੀ ਹੱਸਦੀ ਹੱਸਦੀ ਰੋ ਪਿਆ ਕਰੇ..ਸ਼ਾਇਦ ਸਹੁਰੇ ਘਰ ਦਿੱਤੇ ਸਿਤਮ ਚੇਤੇ ਆ ਜਾਇਆ ਕਰਦੇ ਸਨ!
ਹਫਤਾ ਭਰ ਢੁਡੀਕੇ ਰਹੇ ਫੇਰ ਬੰਬਈ ਮੁੜ ਗਏ..ਤੁਰਨ ਲੱਗੇ ਨੂੰ ਆਖਿਆ ਉਹ ਪੱਥਰਾਂ ਦਾ ਸ਼ਹਿਰ ਤੈਨੂੰ ਖਾ ਜਾਵੇਗਾ..ਫੇਰ ਨਸੀਹਤ ਦਿੱਤੀ ਜਦੋਂ ਜੀ ਉਦਾਸ ਹੋਵੇ ਤਾਂ ਇਥੇ ਆ ਜਾਇਆ ਕਰ..!
ਵਾਪਿਸ ਬੰਬਈ ਮੁੜ ਕੁੜੀ ਦੀ ਹਾਲਤ ਫੇਰ ਤੋਂ ਖਰਾਬ ਹੋ ਗਈ ਤੇ ਇੱਕ ਦਿਨ ਦੁਨੀਆਂ ਤੋਂ ਸਦਾ ਲਈ ਅਲਵਿਦਾ ਆਖ ਰੁਖਸਤੀ ਪਾ ਗਈ..ਬਲਰਾਜ ਟੁੱਟ ਗਿਆ..ਚਿੱਠੀਆਂ ਵਿਚ ਦੁੱਖ ਫਰੋਲਿਆ ਕਰੇ..ਮੇਰਾ ਇਥੇ ਜੀ ਨੀ ਲੱਗਦਾ!
ਉਸਦਾ ਮੁੰਡਾ ਪ੍ਰਿਖਸ਼ਿਤ ਸਾਹਨੀ (ਆਮਿਰ ਖ਼ਾਨ ਦੀ ਪੀਕੇ ਫਿਲਮ ਵਿਚ ਅਨੁਸ਼ਕਾ ਸ਼ਰਮਾ ਦਾ ਬਾਪ) ਵੀ ਕਿਸੇ ਗੱਲੋਂ ਨਰਾਜ ਹੋ ਕੇ ਉਸਨੂੰ ਛੱਡ ਗਿਆ..!
ਮੈਂ ਜ਼ੋਰ ਦੇ ਕੇ ਆਖਿਆ ਕਰਾਂ ਮੇਰੇ ਕੋਲ ਆ ਜਾ ਢੂਡੀਕੇ..ਇਹ ਬੰਬਈ ਤੈਨੂੰ ਇੱਕ ਦਿਨ ਨਿਗਲ ਜਾਵੇਗੀ..!
ਆਖਣ ਲੱਗਾ ਹੁਣ ਜਰੂਰ ਆ ਹੀ ਜਾਣਾ..ਥੋੜਾ ਕੰਮ ਮੁਕਾ ਲਵਾਂ..ਫੇਰ ਇੱਕ ਦਿਨ ਸੁਨੇਹਾਂ ਮਿਲਿਆ..ਦਿਲ ਦੇ ਦੌਰੇ ਨਾਲ ਚਲਾ ਗਿਆ..ਲੰਮੇ ਸਫ਼ਰ ਤੇ..ਸਾਰੀਆਂ ਸਕੀਮਾਂ ਧਰੀਆਂ ਧਰਾਈਆਂ ਹੀ ਰਹਿ ਗਈਆਂ..!
ਮੈਂ ਚਾਰ ਦਿਨ ਮਗਰੋਂ ਬੰਬੇ ਅੱਪੜਿਆ..ਵੱਡਾ ਸਾਰਾ ਬੰਗਲਾ ਭਾਂ-ਭਾਂ ਕਰੇ..ਮੈਂ ਬਲਰਾਜ ਨੂੰ ਲਭੀ ਜਾਵਾਂ..ਪਰ ਇੱਕ ਵਾਰ ਤੁਰ ਗਏ ਫੇਰ ਕਿਥੇ ਮੁੜਦੇ!
ਉਸਦੇ ਪੁੱਤਰ ਪ੍ਰਿਖਸ਼ਿਤ ਨੂੰ ਲੱਭਿਆ..ਉਹ ਵੀ ਭੁੱਬਾਂ ਮਾਰ ਰੋ ਪਿਆ..!
ਪਤਾ ਨੀ ਇਹ ਸਬੱਬ ਹੀ ਸੀ ਕੇ ਕੁਝ ਹੋਰ..ਉਸ ਦਿਨ ਮੇਰੇ ਤੇੜ ਵੀ ਓਹੀ ਚਾਦਰ ਸੀ ਜਿਹੜੀ ਕਿਸੇ ਵੇਲੇ ਤਲਵੰਡੀ ਸਾਬੋ ਦੀ ਵਿਸਾਖੀ ਦੇ ਮੇਲੇ ਵਿਚ ਘੁੰਮਦਿਆਂ ਅਸੀਂ ਦੋਹਾਂ ਨੇ ਇਕੱਠਿਆਂ ਨੇ ਪੜਵਾ ਕੇ ਬੰਨੀ ਸੀ..ਫੇਰ ਜਿਉਣ ਜੋਗਾ ਗਿਆ ਵੀ ਤੇਹੱਤਰ ਦੀ ਐਨ ਓਸੇ ਵਿਸਾਖੀ ਵਾਲੇ ਦਿਨ..!
ਕੰਵਲ ਦੇ ਬਲਰਾਜ ਸਾਹਨੀ ਬਾਰੇ ਜਜਬਾਤ ਪੜ ਸੋਚ ਰਿਹਾ ਸਾਂ ਇਹ ਜਿਉਣ ਜੋਗੀਆਂ ਧੀਆਂ ਵੀ ਰੱਬ ਨੇ ਪਤਾ ਨੀ ਕੀ ਸ਼ੈਵਾਂ ਬਣਾਈਆਂ ਨੇ..ਬੰਦਾ ਦਿਨ ਰਾਤ ਬੱਸ ਏਹੀ ਅਰਦਾਸਾਂ ਕਰਦਾ ਰਹਿੰਦਾ ਕੇ ਇਹਨਾਂ ਨੂੰ ਤੱਤੀ ਵਾ ਨਾ ਲੱਗੇ..!
ਤੇ ਜਿਸਦੀ ਪਿੱਪਲੀ ਦੇ ਪੱਤ ਵਰਗੀ ਪੂਰੀ ਦੀ ਪੂਰੀ ਹੀ ਸੜ ਗਈ ਹੋਵੇ..ਉਸਦੀ ਮਾਨਸਿਕਤਾ ਦਿਨੇ ਰਾਤ ਕਿਸ ਨਰਕ ਵਿਚੋਂ ਲੰਘਦੀ ਹੋਵੇਗੀ..ਇਹ ਤਾਂ ਬੱਸ ਓਹੀ ਜਾਣ ਸਕਦਾ!
ਵਾਕਿਆ ਹੀ ਬਲਰਾਜ ਨੂੰ ਬੰਬਈ ਸ਼ਹਿਰ ਦੀ ਰੁਸਵਾਈ ਅਤੇ ਧੀ ਦੇ ਸਹੁਰਿਆਂ ਦਾ ਲਾਲਚ ਖਾ ਗਿਆ..ਅੱਜ ਵੀ ਪਤਾ ਨੀ ਕਿੰਨੇ ਬਲਰਾਜ ਇਸੇ ਤਰਾਂ ਦੀਆਂ ਅੱਗਾਂ ਵਿਚ ਸੜ ਰਹੇ ਨੇ..!
ਇੱਕ ਜੋਦੜੀ ਓਹਨਾ ਕਰਮਾਂ ਵਾਲਿਆਂ ਅੱਗੇ ਜਿਹਨਾਂ ਨੂੰ ਬੇਗਾਨੀਆਂ ਧੀਆਂ ਘਰੇ ਲਿਆਉਣ ਦਾ ਸੁਭਾਗ ਪ੍ਰਾਪਤ ਹੁੰਦਾ..ਖੁਦ ਦੇ ਵੇਹੜੇ ਹਥੀਂ ਲਾਏ ਬੂਟੇ ਵਾਂਙ ਦੇਖਭਾਲ ਕਰਿਆ ਕਰੋ..ਪੂਰੀ ਕਾਇਨਾਤ ਸਣੇ ਓਹਨਾ ਦੇ ਜੰਮਣ ਵਾਲਿਆਂ ਦੇ..ਦਿਨੇ ਰਾਤ ਹਜਾਰ-ਹਜਾਰ ਦੁਆਵਾਂ ਅਤੇ ਅਸੀਸਾਂ ਤੁਹਾਡੇ ਸਰ ਉੱਤੋਂ ਦੀ ਵਾਰ ਦਿਆ ਕਰਨਗੇ..ਇਹੋ ਗੱਲ ਫੁੱਲਾਂ ਵਾਂਙ ਰੱਖੀਆਂ ਧੀਆਂ ਤੇ ਵੀ ਲਾਗੂ ਹੁੰਦੀ ਏ..!
ਹਰਪ੍ਰੀਤ ਸਿੰਘ ਜਵੰਦਾ