ਕੱਲ ਬੈਠੇ ਬੈਠੇ ਨੇ ਬਲਬੀਰ ਦੇ ਨੰਬਰ ਤੇ ਫੋਨ ਲਾ ਲਿਆ। ਲਗਦਾ ਸੀ 30 ਦਿੰਸਬਰ ਦਾ ਮੁੱਕਿਆ ਹੈ ਬਲਬੀਰ। ਫੋਨ ਬੰਦ ਹੀ ਹੋਵੇਗਾ। ਕਿਸਨੇ ਵਰਤਣਾ ਹੈ ਬਲਬੀਰ ਦਾ ਨੰਬਰ। ਘੰਟੀ ਗਈ ਤੇ ਥੋੜੀ ਦੇਰ ਬਾਅਦ ਫੋਨ ਕਿਸੇ ਨੇ ਚੁੱਕ ਲਿਆ।
“ਹ ਹ ਹ ਹੈਲੋ।”
“ਤੁਸੀਂ ਬਲਬੀਰ ਦੇ ਡੈਡੀ ਬੋਲਦੇ ਹੋ।’ ਮੈਂ ਅੰਦਾਜ਼ਾ ਜਿਹਾ ਲਾ ਕੇ ਪੁੱਛਿਆ।
“ਹਾਂਜੀ ਸੇਠ ਜੀ ਮੈਂ ਉਸ ਬਦਨਸੀਬ ਬਲਬੀਰ ਦਾ ਬਦਨਸੀਬ ਬਾਪ ਬੋਲਦਾ ਹਾਂ।” ਬਜ਼ੁਰਗ ਦੇ ਬੋਲਾਂ ਵਿੱਚ ਦਰਦ ਸੀ।
ਮੇਰੇ ਕੋਲ ਗੱਲ ਕਰਨ ਨੂੰ ਕੋਈ ਸਵਾਲ ਯ ਗੱਲ ਨਹੀਂ ਸੀ।
“ਤੁਰ ਗਿਆ ਬਲਬੀਰ ਜੀ ਸੇਠ ਜੀ। ਬਾਪ ਹਾਂ ਮਗਰੇ ਮਰ ਤਾਂ ਨਹੀਂ ਸਕਦਾ ਪਰ ਜੀਅ ਵੀ ਨਹੀਂ ਸਕਦਾ।”
“ਜੀ ਜੀ ਕੀ ਜ਼ੋਰ ਹੈ ਡਾਢੇ ਅੱਗੇ।” ਬਸ ਮੈਂ ਇੰਨਾ ਹੀ ਕਿਹ ਸਕਿਆ।
“ਸੇਠ ਜੀ ਉਹ ਦਿਨਾਂ ਵਿੱਚ ਹੀ ਖਤਮ ਹੋ ਗਿਆ। ਮੇਰੇ ਦੇਖਦੇ ਦੇਖਦੇ। ਬੁੱਢੇ ਪਿਓ ਨੂੰ ਜਾਂਦਾ ਹੋਇਆ ਦੁੱਖ ਦੇ ਗਿਆ ਜੋ ਮੌਤ ਤੋਂ ਵੀ ਦਰਦਨਾਕ ਹੈ।”
“ਹਾਂਜੀ ਹਾਂਜੀ ।” ਮੇਰੇ ਮੂੰਹੋ ਇੰਨਾ ਹੀ ਮਸਾਂ ਨਿਕਲਿਆ।
“ਨਾ ਉਸਦੇ ਬੱਚੇ ਆਏ ਤੇ ਨਾ ਘਰ ਆਲੀ। ਉਸਦਾ ਤਲਾਕ ਹੋ ਗਿਆ ਸੀ ਨਾ? ਪਰ ਬੱਚੇ ਤਾਂ ਆਵਦੇ ਹੀ ਸ਼ਨ।” ਉਸਦਾ ਦਰਦ ਝਲਕਦਾ ਸੀ।
“ਤੁਹਾਡਾ ਤਾਂ ਜੀ ਉਹ ਪੁੱਤ ਸੀ। ਪਰ ਸਾਡਾ ਕੁਝ ਨਹੀਂ ਲਗਦਾ ਸੀ। ਪਰ ਕੰਜਰ ਨੇ ਮੋਹ ਹੀ ਬਾਹਲਾ ਪਾ ਲਿਆ। ਅਸੀਂ ਉਸਨੂੰ ਭੁਲ ਨਹੀਂ ਸਕਦੇ। ਸਾਡੇ ਦਿਲਾਂ ਵਿੱਚ ਵਸ ਗਿਆ ਸੀ। ਅਸੀਂ ਹੀ ਨਹੀਂ ਸਾਡੇ ਰਿਸ਼ਤੇਦਾਰ ਭੈਣ ਭਰਾ ਉਸਨੂੰ ਯਾਦ ਕਰਕੇ ਅੱਖਾਂ ਭਰ ਆਉਂਦੇ ਹਨ।” ਮੇਰੇ ਮੂੰਹੋਂ ਗੱਲ ਨਿਕਲਣੀ ਬੰਦ ਹੋ ਗਈ ਤੇ ਗਲਾ ਭਰ ਆਇਆ। ਅੱਖਾਂ ਚੋਂ ਹੰਝੂ ਡਿੱਗਣ ਲੱਗੇ ਤੇ ਵਿਚਾਲੇ ਹੀ ਮੈਂ ਫੋਨ ਕੱਟ ਦਿੱਤਾ।
#ਰਮੇਸ਼ਸੇਠੀਬਾਦਲ
9876627233