ਬੰਦੇ ਦੀਆਂ ਤਿੰਨ ਰੋਟੀਆਂ ਹੁੰਦੀਆਂ ਹਨ। ਪਹਿਲੀ ਰੋਟੀ ਉਸਦੀ ਮਾਂ ਬਣਾਉਂਦੀ ਹੈ। ਜੋ ਰੋਟੀ ਉਸਦੀ ਪਤਨੀ ਬਣਾਉਂਦੀ ਹੈ ਉਸਨੂੰ ਦੂਸਰੀ ਰੋਟੀ ਕਹਿੰਦੇ ਹਨ। ਫਿਰ ਬੁਢਾਪੇ ਵਿੱਚ ਜਦੋਂ ਪਤਨੀ ਦੇ ਹੰਡ ਗੋਢੇ ਕੰਮ ਨਹੀਂ ਕਰਦੇ ਮੌਕੇ ਦੇ ਹਾਲਾਤਾਂ ਮੁਤਾਬਿਕ ਨੂੰਹ ਪੁੱਤ ਦੀ ਰੋਟੀ ਨੂੰ ਤੀਜੀ ਰੋਟੀ ਆਖਦੇ ਹਨ। ਹਰ ਬਜ਼ੁਰਗ ਦੀ ਤੀਜੀ ਰੋਟੀ ਵੀ ਵਧੀਆ ਹੋਵੇ। ਇਹ ਵੀ ਬਹੁਤ ਵੱਡੀ ਅਸੀਸ ਹੁੰਦੀ ਹੈ। ਅੱਜ ਕੱਲ੍ਹ ਚੌਥੀ ਰੋਟੀ ਦਾ ਵੀ ਚਲਣ ਹੈ ਉਹ ਰੋਟੀ ਘਰ ਦੀ ਮੇਡ ਦੇ ਹੱਥਾਂ ਦੀ ਬਣੀ ਹੁੰਦੀ ਹੈ ਜੋ ਮਜਬੂਰੀ ਵੱਸ ਖਾਣੀ ਪੈਂਦੀ ਹੈ। ਇਹ ਚੌਥੀ ਰੋਟੀ ਨਾਲ ਕੋਈ ਭਾਵਨਾ ਨਹੀਂ ਜੁੜੀ ਹੁੰਦੀ। ਕੋਈ ਮੋਹ ਨਹੀਂ ਹੁੰਦਾ। ਸਿਰਫ ਪੈਸੇ ਬਦਲੇ ਰੋਟੀ ਪੱਕਦੀ ਹੈ। ਕਿਉਂਕਿ ਅੱਜ ਕੱਲ੍ਹ ਨੂੰਹ ਪੁੱਤ ਨੌਕਰੀ ਵਾਲੇ ਹੁੰਦੇ ਹਨ।ਤੇ ਚੌਥੀ ਰੋਟੀ ਬਹੁਤ ਲੋਕਾਂ ਦੀ ਕਿਸਮਤ ਵਿੱਚ ਲਿਖੀ ਜਾਂਦੀ ਹੈ।
ਨੋਇਡਾ ਵਿੱਚ ਸਾਡੇ ਘਰ ਪ੍ਰਵੀਨ ਨਾਮ ਦੀ ਕੁੱਕ ਆਉਂਦੀ ਸੀ। ਆਉਂਦੀ ਹੀ ਉਹ ਆਪਣੀਆਂ ਚੱਪਲਾਂ ਬਾਹਰ ਉਤਾਰ ਦਿੰਦੀ ਅਤੇ ਦੂਸਰੀਆਂ ਪਹਿਨ ਲੈਂਦੀ ਜੋ ਉਸਨੇ ਸਿਰਫ ਸਾਡੇ ਘਰ ਪਾਉਣ ਲਈ ਹੀ ਰੱਖੀਆਂ ਸਨ। ਅਸੀਂ ਸੈਰ ਕਰਨ ਜਾਂਦੇ ਰਸੋਈ ਦੀ ਸਲੇਬ ਤੇ ਸਬਜ਼ੀ ਰੱਖ ਜਾਂਦੇ। ਤੇ ਉਹ ਆਪਣੇ ਆਪ ਓਹੀ ਬਣਾ ਦਿੰਦੀ। ਉਸ ਨੂੰ ਘਰ ਦੀ ਗਰੋਸਰੀ ਬਾਰੇ ਪੂਰਾ ਗਿਆਨ ਹੁੰਦਾ ਹੈ। ਤੇ ਹਰ ਚੀਜ਼ ਦੀ ਮਹੀਨੇ ਭਰ ਦੀ ਲਾਗਤ ਦਾ ਪਤਾ ਹੁੰਦਾ ਸੀ। ਉਹ ਮੁਸਲਿਮ ਸੀ।ਕਦੇ ਵੀ ਸਾਡੇ ਘਰੋਂ ਕੋਈ ਰੋਟੀ ਸਬਜ਼ੀ ਯ ਕੋਈ ਹੋਰ ਚੀਜ਼ ਨਹੀਂ ਸੀ ਲੈ ਕੇ ਜਾਂਦੀ। ਬਹੁਤ ਸਮਝਦਾਰ ਕੁੱਕ ਸੀ ਉਹ।
ਇੱਥੇ ਵੀ ਅਸੀਂ ਮਜਬੂਰੀ ਵੱਸ ਕੁੱਕ ਰੱਖੀ। ਉਸ ਨੂੰ ਇੱਕ ਸਾਲ ਦੇ ਵਕਫੇ ਵਿੱਚ ਨਹੀਂ ਪਤਾ ਲੱਗਿਆ ਕਿ ਕੌਣ ਫਿੱਕੀ ਚਾਹ ਪੀਂਦਾ ਹੈ। ਤੇ ਕੌਣ ਮਿੱਠੀ। ਉਹ ਅਕਸ਼ਰ ਹੀ ਸਬਜ਼ੀ ਵਿੱਚ ਨਮਕ ਬਹੁਤ ਘੱਟ ਪਾਉਂਦੀ ਹੈ। ਤਾਂਕਿ ਜੇ ਕਿਸੇ ਨੂੰ ਘੱਟ ਲਗਿਆ ਤਾਂ ਉਹ ਆਪੇ ਭੁੱਕ ਲਵੇਗਾ। ਉਹ ਆਪਣੇ ਟੇਸਟ ਦੀ ਹੀ ਸਬਜ਼ੀ ਬਣਾਉਂਦੀ ਹੈ। ਇਹ ਸਭ ਇਸ ਲਈ ਹੀ ਹੁੰਦਾ ਹੈ ਕਿਉਂਕਿ ਬਾਵਰਚੀ ਦੇ ਤੌਰ ਤੇ ਕੰਮ ਕਰਨਾ ਉਸਦਾ ਪੇਸ਼ਾ ਨਹੀਂ ਮਜਬੂਰੀ ਹੈ। ਉਸਦੇ ਸਵਾਦ ਦਾ ਭੋਜਨ ਛਕਣਾ ਹੀ ਹੁਣ ਸਾਡੀ ਆਦਤ ਵਿਚ ਸ਼ੁਮਾਰ ਹੈ। ਜਦੋ ਕੁੱਕ ਦੀ ਗੱਲ ਕਰੀਏ ਤਾਂ ਮੈਨੂੰ ਰਾਜੇਸ਼ ਖੰਨੇ ਦੀ ਫ਼ਿਲਮ ਬਾਵਰਚੀ ਯਾਦ ਆ ਜਾਂਦੀ ਹੈ। ਅਜਿਹੇ ਬਾਵਰਚੀ ਵੀ ਕਿਸਮਤ ਵਾਲਿਆਂ ਨੂੰ ਮਿਲਦੇ ਹਨ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੂਪਰਡੈਂਟ