1971 ਵਿੱਚ ਸ੍ਰੀ ਜੋਗਿੰਦਰ ਸਿੰਘ ਜੋਗਾ ਸਾਨੂੰ ਛੇਵੀਂ ਜਮਾਤ ਨੂੰ ਅੰਗਰੇਜ਼ੀ ਪੜ੍ਹਾਉਂਦੇ ਸਨ । ਬਹੁਤ ਵਧੀਆ ਮਾਸਟਰ ਸਨ ਉਹ। ਉਹ ਅਰੋੜਾ ਸਿੱਖ ਪਰਿਵਾਰ ਚੋੰ ਸਨ। ਓਹਨਾ ਦੀ ਗੋਤ ਸਚਦੇਵ ਸੀ ਤੇ ਮੇਰੇ ਨਾਨਕੇ ਵੀ ਸਚਦੇਵ ਹੀ ਹਨ। ਮੈਨੂੰ ਉਹਨਾਂ ਤੇ ਨਾਨਕਿਆਂ ਆਲਾ ਮੋਹ ਜਿਹਾ ਆਉਂਦਾ। ਇਸ ਲਈ ਜੋਗਾ ਸਾਹਿਬ ਨਾਲ ਮੋਹ ਕਰਕੇ ਤੇ ਸਤਿਕਾਰ ਕਾਰਨ ਮੈਂ ਕਦੇ ਕਦੇ ਦੁੱਧ ਯ ਸ਼ਬਜ਼ੀ ਦੇ ਆਉਂਦਾ। ਉਹ ਇਕੱਲੇ ਹੀ ਰਹਿੰਦੇ ਸਨ। ਉਹ ਮੇਰੇ ਵਾਂਗੂ ਬਹੁਤ ਗਾਲੜੀ ਸਨ। ਹਰ ਗੱਲ ਨੂੰ ਲੰਬਾ ਖਿੱਚ ਲੈਂਦੇ। ਚਾਹੇ ਉਹ ਅੰਗਰੇਜ਼ੀ ਪੜ੍ਹਾਉਂਦੇ ਸਨ ਪਰ ਪੰਜਾਬੀ ਦੀਆਂ ਅਖੌਤਾਂ ਮੁਹਾਵਰੇ ਬਹੁਤ ਵਰਤਦੇ। ਇੱਕ ਵਾਰੀ ਸਾਡੇ ਛਿਮਾਹੀ ਪੇਪਰ ਹੋਏ। ਆਪਣੇ ਨੰਬਰ ਪਤਾ ਕਰਨ ਦੀ ਸਭ ਦੀ ਇੱਛਾ ਸੀ। ਪਰ ਸਾਰੀ ਕਲਾਸ ਉਹਨਾਂ ਕੋਲੋਂ ਡਰਦੀ ਸੀ। ਕੁਦਰਤੀ ਇੱਕ ਦਿਨ ਮੈਂ ਕੈਂਚੀ ਸਾਈਕਲ ਚਲਾ ਰਿਹਾ ਸੀ ਸਕੂਲ ਦੇ ਨਾਲ ਵਾਲੀ ਪਹੀ ਤੇ। ਮਾਸਟਰ ਜੋਗਿੰਦਰ ਸਿੰਘ ਮੈਨੂੰ ਰਸਤੇ ਚ ਹੀ ਮਿਲ ਗਏ। “ਮੇਰੇ ਨੰਬਰ ਕਿੰਨੇ ਆਏ ਹਨ ਜੀ ਅੰਗਰੇਜ਼ੀ ਚੋਂ ? ਸਾਸਰੀਕਾਲ ਵਾਲੀ ਫਾਰਮੇਲਟੀ ਪੂਰੀ ਕਰਦੇ ਨੇ ਹੀ ਮੈਂ ਉਹਨਾਂ ਨੂੰ ਪੁੱਛਿਆ।
“ਅਖੇ ਨਾਈਆ ਨਾਈਆ ਮੇਰੇ ਵਾਲ ਕਿੱਡੇ ਹਨ। ਕੋਈ ਨੀ ਪ੍ਰਭਾ ਤੇਰੇ ਸਾਹਮਣੇ ਹੀ ਆਉਣਗੇ।” ਓਹਨਾ ਨੇ ਯੱਕ ਦਮ ਜਵਾਬ ਦਿੱਤਾ। ਪਰ ਮੇਰੇ ਪੱਲੇ ਕੁਝ ਨਾ ਪਿਆ।
“ਮਾਸਟਰ ਜੀ।” ਬਸ ਮੈਥੋਂ ਇੰਨਾ ਹੀ ਆਖ ਹੋਇਆ।
“ਕਾਕਾ ਜਦੋ ਪੇਪਰ ਵੰਡਾਗੇ ਪਤਾ ਚਲ ਜਾਵੇਗਾ।” ਉਹਨਾਂ ਨੇ ਕਿਹਾ।
ਅਗਲੇ ਦਿਨ ਉਸਨੇ ਸਾਰੀ ਜਮਾਤ ਨੂੰ ਪੇਪਰ ਵੰਡ ਦਿੱਤੇ। ਤੇ ਮੈਨੂੰ ਮੇਰੇ ਨੰਬਰ ਪਤਾ ਲਗ ਗਏ।
ਅੱਜ ਵੀ ਜੋਗਾ ਸਾਹਿਬ ਦੀ ਅਖੋਤ ਯਾਦ ਆਉਂਦੀ ਹੈ। ਉਂਜ ਉਹਨਾਂ ਨੇ ਮੈਨੂੰ ਸੱਜੇ ਹੱਥ ਨਾਲ ਲਿਖਣ ਦੀ ਆਦਤ ਪਾਉਣ ਦੀ ਵੀ ਬਹੁਤ ਕੋਸ਼ਿਸ਼ ਕੀਤੀ। ਪੰਦਰਾਂ ਕੁ ਦਿਨ ਉਹਨਾਂ ਨੇ ਮੇਰਾ ਖੱਬਚੂ ਹੋਣ ਦਾ ਲੇਬਲ ਲਾਹੁਣ ਦੀ ਕੋਸ਼ਿਸ਼ ਕੀਤੀ ਤੇ ਇਸੇ ਦੌਰਾਨ ਉਹਨਾਂ ਦਾ ਤਬਾਦਲਾ ਹੋ ਗਿਆ ਤੇ ਮੈਂ ਅੱਜ ਵੀ ਖੱਬਚੂ ਹੀ ਹਾਂ। ਉਹ ਰਹਿੰਦੇ ਤਾਂ ਖੋਰੇ ਮੇਰਾ ਸੁਧਾਰ ਹੋ ਜਾਂਦਾ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਲਵ ਯੂ ਮਾਸਟਰ ਜੀ।