ਕੇਰਾਂ ਮੇਰੀ ਮਾਸੀ ਦਾ ਮੁੰਡਾ ਰਾਮੂ ਸਾਨੂੰ ਪਿੰਡ ਘੁਮਿਆਰੇ ਮਿਲਣ ਆਇਆ ਬਾਦੀਆਂ ਪਿੰਡ ਤੋਂ। ਉਸਦੀ ਮੇਰੇ ਨਾਲ ਵਾਹਵਾ ਆੜੀ ਸੀ ਹੁਣ ਵੀ ਹੈ। ਉਹ ਡੱਬਵਾਲੀ ਰਾਮ ਦੇ ਛੋਲੇ ਭਠੂਰੇ ਖਾਣ ਦਾ ਸ਼ੋਕੀਨ ਸੀ। ਤੇ ਇਸ ਲਈ ਉਹ ਮੇਰੇ ਕੋਲ ਆਉਂਦਾ ਸੀ। ਸ਼ਾਮੀ ਮੈਂ ਤੇ ਮੇਰੀ ਮਾਂ ਉਸ ਨੂੰ ਬੱਸ ਚੜਾਉਣ ਅੱਡੇ ਤੇ ਆਏ।ਬੱਸ ਕਾਫੀ ਲੇਟ ਹੋ ਗਈ। ਮੇਰੀ ਮਾਂ ਮੈਨੂੰ ਬਾਰ ਬਾਰ ਘਰੇ ਭੇਜੇ ਤੇ ਮੱਝ ਲਈ ਖੇਤੋਂ ਪੱਠੇ ਲਿਆਉਣ ਦਾ ਆਖੇ। ਪਰ ਮੇਰਾ ਰਾਮੂ ਨੂੰ ਛੱਡਕੇ ਜਾਣ ਨੂੰ ਦਿਲ ਨਾ ਕਰੇ। ਮੇਰੀ ਮਾਂ ਨੇ ਬਹੁਤ ਸਮਝਾਇਆ ਤੇ ਕਿਹਾ “ਬੇਟਾ ਪੱਠੇ ਲੈ ਆ। ਮੱਝ ਭੁੱਖੀ ਹੈ ਸਵੇਰ ਦੀ।” ਪਰ ਮੈਂ ਨਾ ਗਿਆ। ਮਾਤਾ ਸਬਰ ਦਾ ਘੁੱਟ ਭਰਕੇ ਬੈਠੀ ਰਹੀ। ਬਹੁਤ ਦੇਰ ਬਾਅਦ ਬੱਸ ਆਈ ਤੇ ਰਾਮੂ ਨੂੰ ਬੱਸ ਚੜਾਕੇ ਮੇਰੀ ਮਾਂ ਨੇ ਚੱਪਲ ਲਾਹ ਲਈ। ਫਿਰ ਪਤਾ ਨਹੀਂ ਕਿੱਥੇ ਕਿੱਥੇ ਵੱਜੀਆਂ। ਹਿੱਲਿਆ ਮੈਂ ਵੀ ਨਹੀਂ। ਬੱਸ ਅੱਡੇ ਤੇ ਹੀ ਮੇਰੀ ਰੇਲ ਬਣੀ। ਘਰੇ ਆਕੇ ਫਿਰ ਇਹੀ ਸਿਲੇਬਸ ਸਿਰਫ ਪ੍ਰੈਕਟੀਕਲ ਦੁਰਾਹਿਆ ਗਿਆ।
ਖੈਰ ਮੱਝ ਨੂੰ ਤਾਂ ਤੂੜੀ ਵਿੱਚ ਖਲ ਵੜੇਵੇਂ ਪਾਕੇ ਡਿਨਰ ਕਰਵਾ ਦਿੱਤਾ।
ਪਰ ਦੇਰ ਰਾਤ ਤੱਕ ਘਰੇ ਰੋਟੀ ਨਾ ਪੱਕੀ। ਮੇਰੀ ਮਾਂ ਵੀ ਖੂਬ ਰੋਈ। ਫਿਰ ਦਸ ਕੁ ਵਜੇ ਜਦੋ ਪਿੰਡਾਂ ਵਿੱਚ ਅੱਧੀ ਰਾਤ ਹੁੰਦੀ ਹੈ ਮੇਰੀ ਮਾਂ ਨੇ ਸਾਨੂੰ ਮਿੰਨਤਾਂ ਕਰਕੇ ਰੋਟੀ ਖੁਆਈ।
ਉਸ ਦਿਨ ਦੀ ਸੇਵਾ ਬਹੁਤ ਯਾਦ ਆਉਂਦੀ ਹੈ।
ਪਰ ਹੁਣ ਉਹ ਮਾਂ ਨਹੀਂ ਰਹੀ।
#ਰਮੇਸ਼ਸੇਠੀਬਾਦਲ