ਜਿਸ ਪੰਪ ਤੇ ਨੌਕਰੀ ਮਿਲੀ..ਫੌਜ ਚੋਂ ਰਿਟਾਇਰ ਕਰਨਲ ਬਲਬੀਰ ਸਿੰਘ ਜੀ ਦਾ ਸੀ..ਸਖਤ ਸੁਭਾ ਦੇ ਮਾਲਕ ਅੱਖਾਂ ਹੀ ਅੱਖਾਂ ਵਿਚ ਅਗਲੇ ਦੀ ਜਾਨ ਕੱਢ ਲਿਆ ਕਰਦੇ ਉਹ ਹਮੇਸ਼ਾਂ ਹੀ ਚਿੱਟੇ ਕੱਪੜਿਆਂ ਵਿਚ ਦਿਸਦੇ!
ਇੱਕ ਦਿਨ ਸਪਲਾਈ ਵਾਲਾ ਟਰੱਕ ਆਉਣਾ ਸੀ..ਸੁਵੇਰੇ-ਸੁਵੇਰੇ ਬਾਹਰ ਰੌਲਾ ਪੈ ਗਿਆ..ਇੱਕ ਬੰਦਾ ਤੇਲ ਪਾਉਣ ਵਾਲੇ ਮਿੱਠੂ ਸਿੰਘ ਨੂੰ ਧੌਣੋਂ ਫੜੀ ਧੂੰਹਦਾ ਹੋਇਆ ਦਫਤਰ ਅੰਦਰ ਲਿਆ ਰਿਹਾ ਸੀ..ਅੰਦਰ ਵੜਦਿਆਂ ਹੀ ਆਖਣ ਲੱਗਾ “ਆਪਣੇ ਮਾਲਕ ਨੂੰ ਸੱਦੋ”
ਪੁੱਛਿਆ ਕੀ ਗੱਲ ਹੋਈ ਤਾਂ ਮਿੱਠੂ ਸਿੰਘ ਨੂੰ ਚੁਪੇੜਾਂ ਮਾਰਦਾ ਆਖਣ ਲੱਗਾ..”ਪੈਟਰੋਲ ਦੀ ਥਾਂ ਡੀਜਲ ਭਰ ਦਿੱਤਾ ਕੰਜਰ ਨੇ..ਸੱਤਿਆ ਨਾਸ ਕਰ ਦਿੱਤਾ ਨਵੀਂ ਗੱਡੀ ਦਾ..ਕੌਣ ਭਰੂ ਹੁਣ ਇਹ ਨੁਕਸਾਨ”!
ਹੰਝੂ ਪੂੰਝਦੇ ਮਿੱਠੂ ਸਿੰਘ ਵੱਲ ਨਜਰ ਗਈ ਤਾਂ ਉਸਦੇ ਘਰ ਦੇ ਹਾਲਾਤ ਅੱਖਾਂ ਅੱਗੇ ਘੁੰਮ ਗਏ..ਅਜੇ ਪਿਛਲੇ ਹਫਤੇ ਹੀ ਪਿਓ ਦੀ ਅਚਾਨਕ ਹੋ ਗਈ ਮੌਤ ਦਾ ਵਾਸਤਾ ਪਵਾ ਕੇ ਨੌਕਰੀ ਤੇ ਰਖਵਾਇਆ ਸੀ..ਨਿੱਕੇ ਨਿੱਕੇ ਭੈਣ ਭਰਾਵਾਂ ਦੀ ਲੰਮੀ ਚੌੜੀ ਫੌਜ..!
ਮੈਨੂੰ ਆਪਣੀ ਤੇ ਉਸਦੀ ਨੌਕਰੀ ਚਲੇ ਜਾਣ ਨਾਲੋਂ ਉਸ ਤੇ ਪਾਏ ਜਾਣ ਵਾਲੀ ਹਰਜਾਨੇ ਦੀ ਵੱਡੀ ਰਕਮ ਦਾ ਫਿਕਰ ਕਿਤੇ ਜਿਆਦਾ ਸੀ..!
ਸਰਦਾਰ ਹੁਰਾਂ ਨੂੰ ਫੋਨ ਕੀਤਾ..ਸਾਰੀ ਗੱਲ ਦੱਸੀ..ਘੜੀ ਕੂ ਮਗਰੋਂ ਕਾਰ ਚੋਂ ਉੱਤਰਦੇ ਕਰਨਲ ਸਾਬ ਵੱਲ ਵੇਖ ਇੰਝ ਜਾਪ ਰਿਹਾ ਸੀ ਜਿੱਦਾਂ ਛੇਤੀ ਹੀ ਦੋ ਬੱਕਰੇ ਜਿਬਾ ਹੋਣ ਜਾ ਰਹੇ ਹੋਣ..!
ਆਉਂਦਿਆਂ ਹੀ ਤਿੱਖੀਆਂ ਨਜਰਾਂ ਨਾਲ ਪਹਿਲਾਂ ਮੈਨੂੰ ਤੇ ਫੇਰ ਮਿੱਠੂ ਸਿੰਘ ਵੱਲ ਵੇਖਿਆ..ਫੇਰ ਗ੍ਰਾਹਕ ਵੱਲ ਮੁੜਦੇ ਹੋਏ ਪੁੱਛਣ ਲੱਗੇ..”ਕਿੰਨੇ ਦਾ ਨੁਕਸਾਨ ਹੋਇਆ ਜੀ ਤੁਹਾਡਾ”..?
ਪਹਿਲਾਂ ਤੋਂ ਹੀ ਪੂਰੀ ਗਿਣਤੀ ਮਿਣਤੀ ਕਰਕੇ ਬੈਠੇ ਹੋਏ ਨੇ ਮਿੰਟ ਵੀ ਨਹੀਂ ਲਾਇਆ ਤੇ ਆਖ ਦਿੱਤਾ “ਜੀ ਕੁਲ ਮਿਲਾ ਕੇ ਪੰਦਰਾਂ ਹਜਾਰ..”
ਸਰਦਾਰ ਹੁਰਾਂ ਫੋਨ ਕਰਕੇ ਅਕਾਊਂਟੈਂਟ ਨੂੰ ਸੱਦ ਪੰਦਰਾਂ ਹਜਾਰ ਦਾ ਚੈੱਕ ਫੜ ਲਿਆ..ਮਗਰੋਂ ਗ੍ਰਾਹਕ ਨੂੰ ਸੰਬੋਦਨ ਹੁੰਦੇ ਆਖਣ ਲੱਗੇ ਕੇ “ਹਰਜਾਨਾ ਭਰਨ ਤੋਂ ਪਹਿਲਾਂ ਮੇਰੇ ਇੱਕ ਦੋ ਸਵਾਲ ਨੇ..ਪੁੱਛ ਸਕਦਾ ਹਾਂ”?
ਅੱਗੋਂ ਹਾਂ ਹੋਣ ਤੇ ਪੂਰੇ ਫੌਜੀ ਲਹਿਜੇ ਵਿਚ ਆਉਂਦੇ ਹੋਏ ਪੁੱਛਣ ਲੱਗੇ..”ਕਿੰਨੀਆਂ ਚਪੇੜਾ ਮਾਰੀਆਂ ਜੀ ਤੁਸੀਂ ਮੁੰਡੇ ਨੂੰ ਤੇ ਕਿੰਨੀਆਂ ਗਾਹਲਾਂ ਕੱਢੀਆਂ”..?
ਸਿੱਧਾ ਜਵਾਬ ਦੇਣ ਦੀ ਥਾਂ ਆਖਣ ਲੱਗਾ “ਜੀ ਏਡਾ ਵੱਡਾ ਨੁਕਸਾਨ ਕੀਤਾ..ਏਨਾ ਕੁਝ ਕਰਨਾ ਤੇ ਬਣਦਾ ਹੀ ਸੀ..”
“ਤੁਹਾਡੇ ਹੋਏ ਨੁਕਸਾਨ ਦਾ ਅਸੀ ਹਰਜਾਨਾ ਭਰਨ ਜਾ ਰਹੇ ਹਾਂ..ਪਰ ਮੁੰਡੇ ਦੇ ਕੀਤੇ ਸਰੀਰਕ ਅਤੇ ਮਾਨਸਿਕ ਨੁਕਸਾਨ ਦੀ ਪੂਰਤੀ ਹੁਣ ਤੁਹਾਨੂੰ ਵੀ ਕਰਨੀ ਪਵੇਗੀ..ਵਰਨਾ ਗੱਲ ਠਾਣੇ ਤੱਕ ਜਾ ਸਕਦੀ ਏ..”
ਠਾਣੇ ਦਾ ਜਿਕਰ ਆਉਂਦਿਆਂ ਹੀ ਬਾਊ ਟਾਈਮ ਦਿਸਦੇ ਉਸ ਬੰਦੇ ਦੇ ਮੁੜਕੇ ਛੁੱਟ ਗਏ ਤੇ ਮਗਰੋਂ ਘੜੀਆਂ-ਪਲਾਂ ਵਿਚ ਹੀ ਮੁੱਕ ਮੁਕਾ ਹੋ ਗਿਆ..!
ਸਰਦਾਰ ਹੂਰੀ ਵਾਪਿਸ ਗੱਡੀ ਵਿਚ ਬੈਠਣ ਲੱਗੇ ਤਾਂ ਮੈਂ ਡਰਦੇ ਡਰਦੇ ਨੇ ਪੁੱਛ ਲਿਆ “ਜੀ ਹੁਣ ਮਿੱਠੂ ਸਿੰਘ ਕੱਲ ਨੂੰ ਕੰਮ ਤੇ ਆ ਸਕਦਾ ਕੇ ਨਹੀਂ”?
“ਹਾਂ ਹਾਂ ਕਿਓਂ ਨਹੀਂ..ਕੰਮ ਕਰੇਗਾ ਇਹ ਮੁੰਡਾ ਇਥੇ ਹੀ..ਗਲਤੀ ਤਾਂ ਕਿਸੇ ਤੋਂ ਵੀ ਹੋ ਸਕਦੀ ਏ..”
ਆਥਣ ਵੇਲੇ ਹਰਜਾਨੇ ਵੱਜੋਂ ਮਿਲੇ ਪੂਰੇ ਤਿੰਨ ਹਜਾਰ ਬੋਝੇ ਵਿਚ ਪਾਈ ਘਰ ਨੂੰ ਤੁਰੇ ਜਾਂਦੇ ਮਿੱਠੂ ਸਿੰਘ ਵੱਲ ਵੇਖ ਮੈਨੂੰ ਇੰਝ ਮਹਿਸੂਸ ਹੋ ਰਿਹਾ ਸੀ ਜਿੰਦਾ ਅੰਬਰੋਂ ਉੱਤਰੇ ਇੱਕ ਚਿੱਟ-ਦਾਹੜੀਏ “ਰੱਬ” ਨੇ ਐਨ ਮੌਕੇ ਤੇ ਅੱਪੜ ਮੌਤ ਦੇ ਮੂੰਹ ਵਿਚ ਜਾ ਪਈਆਂ ਦੋ ਮਸੂਮ ਜਿੰਦਗੀਆਂ ਸਦਾ ਲਈ ਮੁੱਕ ਜਾਣ ਤੋਂ ਬਚਾ ਲਈਆਂ ਹੋਣ!
ਹਰਪ੍ਰੀਤ ਸਿੰਘ ਜਵੰਦਾ