ਇੱਕ ਵਾਰ ਦੀ ਗੱਲ ਹੈ ਕਿ ਇੱਕ ਗੁਰੂ ਨੇ ਆਪਣੇ ਤਿੰਨ ਚੇਲਿਆਂ ਦੀ ਪ੍ਰੀਖਿਆ ਲੈਣ ਹਿੱਤ ਉਨ੍ਹਾਂ ਨੂੰ ਅਲੱਗ ਅਲੱਗ ਤਿੰਨ ਬਾਲਟੀਆਂ ਸੜਦੇ ਗਰਮ ਪਾਣੀ ਦੀਆਂ ਅਤੇ ਤਿੰਨ ਬਾਲਟੀਆਂ ਬਰਫ਼ ਵਰਗੇ ਠੰਡੇ ਪਾਣੀ (ਸਾਰੀਆਂ ਉੱਪਰ ਤੱਕ ਫੁੱਲ ਭਰੀਆਂ ਅਤੇ ਹਰੇਕ ਦੇ ਵਿੱਚ ਅਲੱਗ ਅਲੱਗ ਮੱਘ ਰੱਖ ਕੇ) ਦੀਆਂ ਦਿੱਤੀਆਂ ਅਤੇ ਇਸ਼ਨਾਨ ਕਰਨ ਲਈ ਕਿਹਾ ਅਤੇ ਨਾਲ਼ ਸ਼ਰਤ ਰੱਖ ਦਿੱਤੀ ਕਿ ਨਹਾਉਣ ਲਈ ਪੂਰੀ ਬਾਲਟੀ ਵੀ ਵਰਤਣੀ ਹੈ ਅਤੇ ਅੱਧੀ ਬਾਲਟੀ ਬਚਾਉਣੀ ਵੀ ਹੈ। ਤਿੰਨਾਂ ਨੂੰ ਵਾਰੀ ਵਾਰੀ ਇਸ਼ਨਾਨ ਘਰ ਵਿੱਚ ਇਸ ਕਿਰਿਆ ਨੂੰ ਪੂਰਾ ਕਰਨ ਲਈ ਕਿਹਾ ਗਿਆ। ਇਸਦੇ ਨਾਲ਼ ਹੀ ਇਹ ਵੀ ਕਿਹਾ ਕਿ ਜਿਹੜੀ ਅੱਧੀ ਅੱਧੀ ਬਾਲਟੀ ਤੁਸੀਂ ਬਚਾਉਗੇ ਉਸ ਨਾਲ ਮੈਂ ਇਸ਼ਨਾਨ ਕਰਨਾ ਹੈ।
ਅੱਧੀ ਬਾਲਟੀ ਬਚਾਉਣੀ ਸੋਚ ਕੇ ਪਹਿਲਾ ਚੇਲੇ ਨੇ *ਅੱਧੀ ਬਾਲਟੀ ਗਰਮ ਪਾਣੀ ਰੋੜਿਆ* ਅਤੇ ਉਸ ਵਿੱਚ ਅੱਧਾ ਠੰਡਾ ਪਾਣੀ ਪਾ ਲਿਆ ਅਤੇ ਪੂਰੀ ਬਾਲਟੀ ਨਾਲ਼ ਇਸ਼ਨਾਨ ਕੀਤਾ , ਪਿੱਛੇ ਅੱਧੀ ਬਾਲਟੀ *ਠੰਡਾ ਪਾਣੀ ਬਚਾ* ਲਿਆਂਦਾ।
ਦੂਜੇ ਚੇਲੇ ਨੇ *ਅੱਧੀ ਬਾਲਟੀ ਠੰਡਾ ਪਾਣੀ ਰੋੜਿਆ* ਅਤੇ ਉਸ ਵਿੱਚ ਅੱਧਾ ਗਰਮ ਪਾਣੀ ਪਾ ਲਿਆ ਅਤੇ ਪੂਰੀ ਬਾਲਟੀ ਨਾਲ਼ ਇਸ਼ਨਾਨ ਕੀਤਾ , ਪਿੱਛੇ ਅੱਧੀ ਬਾਲਟੀ *ਗਰਮ ਪਾਣੀ* ਬਚਾ ਲਿਆਂਦਾ।
ਜਦ ਤੀਜੇ ਦੀ ਵਾਰੀ ਆਈ ਤਾਂ ਤੀਜਾ ਚੇਲਾ ਆਪਣੀ ਸਮਝ ਅਨੁਸਾਰ ਗੁਰੂ ਦੀਆਂ ਕਿਰਿਆਵਾਂ ਨੂੰ ਆਪਣੇ ਤਰੀਕੇ ਨਾਲ਼ ਸਮਝਦਾ ਸੀ ਉਸਨੇ ਪਹਿਲਾਂ ਦੋਹਾਂ ਬਾਲਟੀਆਂ ਨੂੰ ਗਹੁ ਨਾਲ਼ ਵੇਖਿਆ ਅਤੇ ਸੋਚਣ ਲੱਗਾ। ਬਾਕੀ ਦੇ ਦੋਵੇਂ ਚੇਲੇ ਉਸਨੂੰ ਕੁਝ ਨਾ ਕਰਦਾ ਵੇਖ ਕੇ ਹੱਸਣ ਲੱਗੇ ਕਿ *ਕਿੱਡਾ ਮੂਰਖ ਐ ਇਹ ਵੀ ਨਹੀਂ ਪਤਾ ਕਿ ਆਖਿਰ ਅੱਧੀ ਬਾਲਟੀ ਬਚਾਉਣੀ ਕਿਵੇਂ ਹੈ।*
ਉਹ ਅਜੇ ਉਸਦੀ ਮੂਰਖਤਾ ਉੱਤੇ ਹੱਸ ਹੀ ਰਹੇ ਸਨ ਕਿ ਤੀਜੇ ਚੇਲੇ ਨੇ ਦੋਹਾਂ ਬਾਲਟੀਆਂ ਵਿੱਚੋਂ ਇਕੱਠੇ ਹੀ ਦੋਵੇਂ ਹੱਥਾਂ ਨਾਲ਼ ਕ੍ਰਮਵਾਰ ਗਰਮ ਅਤੇ ਠੰਡੇ ਪਾਣੀ ਦੇ ਮੱਘਾਂ ਨੂੰ ਭਰ ਲਿਆ। ਬਿਨਾਂ ਇੱਕ ਵੀ ਬੂੰਦ ਪਾਣੀ ਡੋਲ੍ਹਣ ਦੇ ਉਸਨੇ ਗਰਮ ਪਾਣੀ ਦਾ ਮੱਘ ਠੰਡੇ ਪਾਣੀ ਵਿੱਚ ਮਿਲਾ ਦਿੱਤਾ ਅਤੇ ਠੰਡੇ ਵਾਲਾ ਗਰਮ ਪਾਣੀ ਵਿੱਚ। ਇਸ ਤਰ੍ਹਾਂ ਇਹ ਕਿਰਿਆ ਸੱਤ-ਅੱਠ ਵਾਰ ਦੁਹਰਾਈ ਤਾਂ ਉਸਦੇ ਸਾਹਮਣੇ ਦੋਵੇਂ ਬਾਲਟੀਆਂ ਦਾ ਪਾਣੀ ਨਹਾਉਣ ਲਈ ਉਪਯੁਕਤ ਬਣ ਗਿਆ। ਉਹ ਇੱਕ ਬਾਲਟੀ ਨਾਲ਼ ਨਹਾਤਾ ਅਤੇ *ਇੱਕ ਪੂਰੀ ਬਾਲਟੀ ਅਜਿਹੇ ਪਾਣੀ ਦੀ ਬਚਾ ਲਿਆਇਆ ਜਿਸ ਨਾਲ਼ ਗੁਰੂ ਜੀ ਵੀ ਇਸ਼ਨਾਨ ਕਰ ਸਕਦੇ ਸਨ।*
ਦੂਜੇ ਦੋਵੇਂ ਚੇਲੇ , ਆਪਣੇ ਤੀਜੇ ਸਾਥੀ ਦੁਆਰਾ ਆਪਣੀ ਸਮਝ ਨਾਲ਼ ਕੀਤੇ ਇਸ ਕਾਰਜ ਨੂੰ ਦੇਖ ਕੇ ਹੈਰਾਨ ਰਹਿ ਗਏ।
ਗੁਰੂ ਨੇ ਸਮਝਾਇਆ ਕਿ ਮੁਸੀਬਤ ਜਾਂ ਫੈਸਲਾ ਲੈਣ ਦੀ ਦੁਚਿੱਤੀ ਸਮੇਂ ਦੌਰਾਨ ਝੱਟ ਐਕਸ਼ਨ ਲੈਣ ਦੀ ਬਜਾਏ ਆਪਣੇ ਆਪ ਨੂੰ ਕੁਝ ਵਕਤ ਦੇਣਾ ਚਾਹੀਦਾ ਹੈ, ਸਮੱਸਿਆ ਉੱਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ, ਜਿੱਡੀ ਵੱਡੀ ਸਮੱਸਿਆ ਹੁੰਦੀ ਹੈ ਉਸ ਵਿੱਚ ਵੀ ਉਸਦੇ ਸਧਾਰਨ ਹੱਲ ਨਾਲੋਂ ਵੀ ਬਿਹਤਰ ਕੁਝ ਨਵਾਂ ਅਤੇ ਬੇਹੱਦ ਜ਼ਿਆਦਾ ਕੁਝ ਚੰਗਾ ਪਿਆ ਹੁੰਦਾ ਹੈ। ਇਸਤੋਂ ਵੀ ਵੱਡੀ ਸਿੱਖਿਆ ਇਹ ਲਵੋ ਕਿ ਸਹਿਜਤਾ ਅਤੇ ਗੰਭੀਰਤਾ ਨਾਲ਼ ਕਾਰਜ ਕਰਨ ਵਾਲਿਆਂ ਉੱਤੇ ਹੱਸਣਾ ਛੱਡ ਕੇ ਖੁਦ ਸਹਿਜ ਸੁਭਾਅ ਵਾਲੇ ਬਣੋ।
– ਕਟਾਰੀਆ ਕੁਲਵਿੰਦਰ