ਕੇਰਾਂ ਭਾਈ ਮੇਰੇ ਮਾਸੜ ਜੀ ਬਲਵੰਤ ਰਾਏ ਬਾਦੀਆਂ ਤੋਂ ਸਾਨੂੰ ਮਿਲਣ ਆਏ। ਓਦੋਂ ਅਸੀਂ ਪਿੰਡ ਘੁਮਿਆਰੇ ਰਹਿੰਦੇ ਸੀ। ਕੁਦਰਤੀ ਮੈਂ ਘਰੇ ਕੱਲਾ ਹੀ ਸੀ। ਐਤਵਾਰ ਦਾ ਦਿਨ ਸੀ ਤੇ ਮੇਰੀ ਮਾਂ ਡਿੱਗੀ ਤੇ ਕਪੜੇ ਧੋਣ ਗਈ ਸੀ। ਮਾਸੜ ਆਉਂਦੇ ਹੋਏ ਸਾਡੇ ਲਈ ਮੋਗੇ ਦੀ ਮਸ਼ਹੂਰ ਸਬੁਣ ਲਿਆਏ ਸੀ। ਵੀਹ ਕਿਲੋ ਸਬੁਣ ਦੀ ਪੋਟੀ ਮਾਸੜ ਮੋਢੇ ਤੇ ਚੁੱਕ ਕੇ ਹੀ ਸਾਡੇ ਘਰ ਲਿਆਏ ਆਉਣਸਾਰ ਮਾਸੜ ਨੇ ਪਾਣੀ ਮੰਗਿਆ। ਜੋ ਮੈਂ ਦੇ ਦਿੱਤਾ।
“ਬੀਬੀ ਕਿੱਥੇ ਹੈ।” ਮੇਰੀ ਮਾਂ ਨੂੰ ਉਸਦੇ ਪੇਕੇ ਬੀਬੀ ਆਖਦੇ ਸਨ। ਜਦੋਂ ਮੈਂ ਦਸਿਆ ਕੇ ਓਹ ਕਪੜੇ ਧੋਣ ਗਈ ਹੈ ਤਾਂ ਮਾਸੜ ਇਧਰ ਉਧਰ ਦੇਖਣ ਲਗਿਆ ਤੇ ਉਸਨੂੰ ਲਗਿਆ ਬਈ ਹੁਣ ਤਾਂ ਚਾਹ ਵੀ ਨਹੀਂ ਮਿਲਣੀ। ਸ਼ੱਕ ਮਾਸੜ ਦਾ ਵੀ ਸਹੀ ਸੀ। ਮੈਨੂੰ ਚਾਹ ਬਣਾਉਣੀ ਨਹੀਂ ਸੀ ਆਉਂਦੀ। ਆਉਂਦੀ ਅੱਜ ਵੀ ਨਹੀਂ। ਮੈਂ ਥੋੜਾ ਸੋਚਕੇ ਪਲੇ ਨਾਲ ਕਾੜ੍ਹਨੀ ਵਿਚੋਂ ਸਣੇ ਮਲਾਈ ਦੁੱਧ ਤੂੰਬੇ ਵਿੱਚ ਪਾਇਆ ਜਿਸ ਵਿੱਚ ਮੈਂ ਥੋੜੀ ਜਿਹੀ ਖੰਡ ਪਹਿਲਾ ਹੀ ਪਾ ਰੱਖੀ ਸੀ। ਅੱਧਾ ਤੂੰਬਾ ਦੁੱਧ ਦਾ ਤੇ ਇੱਕ ਪਿੱਤਲ ਦਾ ਗਿਲਾਸ ਮੈਂ ਮਾਸੜ ਜੀ ਮੂਹਰੇ ਰੱਖ ਦਿੱਤਾ। ਦੁੱਧ ਦੋ ਢਾਈ ਗਿਲਾਸ ਸੀ ਮਾਸੜ ਨੇ ਮਸਾਂ ਪੀਤਾ ।
“ਮੈਂ ਚਲਦਾ ਹਾਂ ਤੇ ਬੀਬੀ ਨੂੰ ਮੈਂ ਜਾਂਦਾ ਹੋਇਆ ਡਿੱਗੀ ਤੇ ਮਿਲਕੇ ਜਾਵਾਂਗਾ।” ਕਹਿਕੇ ਮਾਸੜ ਜੀ ਨੇ ਰਵਾਨਗੀ ਪਾ ਲਈ। ਡਿੱਗੀ ਤੇ ਮਿਲਣ ਗਏ ਜਦੋ ਮੇਰੀ ਮਾਂ ਨੇ ਮਾਸੜ ਜੀ ਨੂੰ ਚਾਹ ਬਾਰੇ ਪੁੱਛਿਆ ਤਾਂ ਮਾਸੜ ਨੇ ਦੁੱਧ ਬਾਰੇ ਦੱਸ ਦਿੱਤਾ। ਮਾਸੜ ਜੀ ਦੀ ਦੁੱਧ ਪੀਕੇ ਤੱਸਲੀ ਹੋ ਗਈ ਸੀ। ਮੇਰੇ ਨੰਬਰ ਬਣ ਗਏ। ਬਹੁਤ ਸੇਵਾ ਕੀਤੀ ਦਾ ਖਿਤਾਬ ਮੈਨੂੰ ਮਿਲ ਚੁੱਕਿਆ ਸੀ। ਪਰ ਦੁੱਧ ਪਿਆਉਣਾ ਮੇਰੀ ਮਜਬੂਰੀ ਸੀ ਕਿਉਂਕਿ ਮੈਨੂੰ ਚਾਹ ਬਣਾਉਣੀ ਨਹੀਂ ਸੀ ਆਉਂਦੀ। ਫਿਰ ਦੁੱਧ ਵਾਲੀ ਗੱਲ ਮਾਸੜ ਨੇ ਘਰੇ ਜਾ ਕੇ ਮਾਸੀ ਤਾਰੋ ਨੂੰ ਵੀ ਦੱਸੀ।ਫਿਰ ਜਦੋ ਵੀ ਮਾਸੜ ਜੀ ਮੈਨੂੰ ਮਿਲਦੇ ਤਾਂ ਰੱਜਵੇਂ ਦੁੱਧ ਵਾਲੀ ਗੱਲ ਜ਼ਰੂਰ ਚਿਤਾਰਦੇ।
#ਰਮੇਸ਼ਸੇਠੀਬਾਦਲ ਰਮੇਸ਼ਸੇਠੀਬਾਦਲ