“ਤੁਸੀਂ ਅੱਜ ਫੇਰ ਪਾਟੀ ਬਨੈਣ ਪਾ ਲਈ। ਨਵੀਆਂ ਤਿੰਨ ਪਈਆਂ ਹਨ ਅਲਮਾਰੀ ਚ।” ਅੱਜ ਜਦੋਂ ਮੈਂ ਨਹਾਕੇ ਬਾਹਰ ਨਿਕਲਿਆ ਤਾਂ ਉਸਨੇ ਕਿਹਾ।
“ਅਜੇ ਇਹ ਕੰਮ ਦਿੰਦੀ ਹੈ। ਨਵੀਂ ਨਾਲ ਅੱਚਵੀ ਜਿਹੀ ਹੁੰਦੀ ਹੈ।” ਮੈਂ ਲਾਪਰਵਾਹੀ ਜਿਹੀ ਨਾਲ ਕਿਹਾ।
“ਪਰ ਪਾਟੀ ਬਨੈਣ ਤਾਂ ਬਾਹਲੀ ਭੈੜੀ ਲੱਗਦੀ ਹੈ। ਜਦੋ ਨਵੀਆਂ ਪਈਆਂ ਹਨ। ਫੇਰ ਪਾਟੀ ਬਨੈਣ ਕਿਉਂ ਪਾਉਣੀ।” ਉਹ ਆਪਣੀ ਗੱਲ ਤੇ ਅੜੀ ਹੋਈ ਸੀ। ਉਂਜ ਮੈਨੂੰ ਨਵੇਂ ਕੱਪੜੇ ਨਾਲੋਂ ਪੁਰਾਣੇ ਪਾਉਣੇ ਵਧੇਰੇ ਆਰਾਮਦਾਇਕ ਲਗਦੇ ਹਨ। ਨਾਲੇ ਪਾਟੀ ਬਨੈਣ ਤਾਂ ਕਿਸੇ ਨੂੰ ਨਜ਼ਰ ਵੀ ਨਹੀਂ ਆਉਂਦੀ। ਫਿਰ ਕਿਉਂ ਨਵੀ ਦੇ ਚੱਕਰ ਵਿੱਚ ਪਿਆ ਜਾਵੇ। ਕਿਸੇ ਨੂੰ ਦੂਸਰੇ ਦੇ ਪਾਟੇ ਯ ਪੁਰਾਣੇ ਕਪੜੇ ਨਾਲ ਕੋਈ ਵਾਸਤਾ ਨਹੀਂ ਹੁੰਦਾ। ਇਹ ਅਗਲੇ ਦੇ ਆਪਣੇ ਮਨ ਦੇ ਅੰਦਰ ਦੀ ਗੱਲ ਹੁੰਦੀ ਹੈ ਜੋ ਉਸ ਨੂੰ ਉਸਦੀ ਇਸ ਕਮਜ਼ੋਰੀ ਦਾ ਬਾਰ ਬਾਰ ਅਹਿਸਾਸ ਕਰਾਉਂਦੀ ਰਹਿੰਦੀ ਹੈ।
ਪਰ ਮੈਂ ਪਾਟੀ ਬਨੈਣ ਇਸ ਲਈ ਪਾਉਂਦਾ ਹਾਂ ਕਿ ਮੈਨੂੰ ਮੇਰੀ ਪਾਟੀ ਬਨੈਣ ਦਾ ਅਹਿਸਾਸ ਰਹੇ। ਪਾਟੀ ਬਨੈਣ ਹਰ ਆਦਮੀ ਦੇ ਅੰਦਰ ਦੀ ਕਮੀ ਯ ਕਮਜ਼ੋਰੀ ਹੁੰਦੀ ਹੈ ਜੋ ਉਸਨੂੰ ਸਦਾ ਯਾਦ ਰੱਖਣੀ ਚਾਹੀਦੀ ਹੈ। ਪਰ ਅਸੀਂ ਦੂਸਰਿਆਂ ਦੀਆਂ ਕਮਜ਼ੋਰੀਆਂ ਗਿਣਾਉਂਦੇ ਰਹਿੰਦੇ ਹਾਂ। ਦੂਸਰਿਆਂ ਤੇ ਉਂਗਲ ਚੁੱਕਦੇ ਹਾਂ। ਪਰ ਆਪਣੇ ਅੰਦਰ ਆਪਣੀ ਪਾਟੀ ਬਨੈਣ ਵੱਲ ਝਾਤੀ ਨਹੀਂ ਮਾਰਦੇ। ਆਪਣੀਆਂ ਖੁਦ ਦੀਆਂ ਕਮਜ਼ੋਰੀਆਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਦੂਸਰੇ ਦੀਆਂ ਕਮਜ਼ੋਰੀਆਂ ਨੂੰ ਉਜਾਗਰ ਕਰਨ ਦੀ ਹੋੜ ਵਿੱਚ ਲੱਗੇ ਰਹਿੰਦੇ ਹਾਂ। ਇਸ ਲਈ ਮੈਂਨੂੰ ਮੇਰੇ ਪਾਟੀ ਬਨੈਣ ਪਾਉਣ ਵਿੱਚ ਕੋਈ ਹਰਜ ਨਹੀਂ ਲਗਦਾ। ਕਪੜੇ ਬਾਹਰੀ ਦਿਖਾਵਾ ਹਨ ਜਦੋਂ ਕਿ ਕਮਜ਼ੋਰੀ ਸਾਡੇ ਅੰਦਰ ਹੁੰਦੀ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ।