ਅੱਸੀ ਕਿਆਸੀ ਦੀ ਗੱਲ ਏ..ਕੇ ਪੀ ਗਿਲ ਅਸਾਮ ਵਿਚ ਡੀਆਈਜੀ ਲੱਗਾ ਸੀ..ਡਿਬ੍ਰੂਗੜ ਕੋਲ ਦੰਗੇ ਭੜਕ ਉੱਠੇ..ਕਬਾਈਲੀਆਂ ਦਾ ਨਿਸ਼ਾਨਾ ਪੁਲਸ ਅਤੇ ਸਰਕਾਰੀ ਤੰਤਰ ਸੀ..ਪੇਂਡੂ ਇਲਾਕੇ ਵਿਚ ਵੱਡੀ ਭੀੜ ਨੇ ਟਰੱਕ ਘੇਰ ਲਿਆ..ਦਸ ਕੂ ਸਿਪਾਹੀ ਥ੍ਰੀ ਨੱਟ ਥ੍ਰੀ ਦੀਆਂ ਰਾਈਫਲਾਂ ਅਤੇ ਇੱਕ ਐੱਲ ਐੱਮ ਜੀ ਵੀ ਸੀ..ਨਾਲ ਹੀ ਸ਼ੇਖਰ ਗੁਪਤਾ ਨਾਮ ਦਾ ਵੱਡੀ ਅਖਬਾਰ ਦਾ ਪੱਤਰਕਾਰ ਅਤੇ ਉਸਦਾ ਕੈਮਰਾ ਮੈਨ ਵੀ ਸਨ..ਹਾਲਾਤ..ਮੌਕਾ ਅਤੇ ਸਭ ਕੁਝ ਉਲਟ ਹੁੰਦੇ ਵੀ ਇੱਕ ਵੀ ਗੋਲੀ ਨਹੀਂ ਚੱਲੀ ਅਤੇ ਡਰਾਈਵਰ ਸੜਦੇ ਹੋਏ ਪੁਲ ਉੱਤੋਂ ਦੀ ਗੱਡੀ ਲੰਘਾ ਗੁਹਾਟੀ ਆਣ ਅੱਪੜਿਆ!
ਓਹੀ ਸ਼ੇਖਰ ਗੁਪਤਾ ਸੰਨ ਅਠਾਸੀ ਉਨਾਨਵੇਂ ਵਿਚ ਪੰਜਾਬ ਕੇ.ਪੀ ਗਿਲ ਨੂੰ ਇੱਕ ਵੇਰ ਫੇਰ ਓਦੋਂ ਮਿਲਿਆ ਜਦੋਂ ਸੱਚਿਆਂ ਨਾਲੋਂ ਝੂਠੇ ਕਈ ਗੁਣਾ ਵੱਧ ਕੀਤੇ ਜਾਂਦੇ ਸਨ..ਪੁੱਛਣ ਲੱਗਾ ਇੱਕ ਸਵਾਲ ਏ..ਆਸਾਮ ਵਿਚ ਜਿਸ ਦਿਨ ਆਪਾਂ ਘਿਰ ਗਏ ਸਾਂ..ਉਸ ਦਿਨ ਫੋਰਸ ਹਥਿਆਰ ਅਤੇ ਸਭ ਕੁਝ ਕੋਲ ਹੁੰਦੇ ਹੋਏ ਵੀ ਗੋਲੀ ਕਿਓਂ ਨਹੀਂ ਚਲਾਈ..?
ਗਿੱਲ ਕੁਝ ਚਿਰ ਚੁੱਪ ਰਿਹਾ..ਫੇਰ ਮੁੱਛਾਂ ਨੂੰ ਵੱਟ ਚਾੜ੍ਹਦਾ ਆਖਣ ਲੱਗਾ ਕੇ ਉਸ ਦਿਨ ਤੁਸੀਂ ਦੋ ਜਣੇ ਜੂ ਨਾਲ ਸੋ..ਪਤਾ ਨੀ ਅਗਲੇ ਦਿਨ ਅਖਬਾਰ ਵਿਚ ਕੀ ਕੁਝ ਲਿਖ ਦਿੰਦੇ..ਸੋ ਤੁਸੀਂ ਦੋਹਾਂ ਨੇ ਮੈਨੂੰ ਇਹ ਸਭ ਕੁਝ ਤੋਂ ਰੋਕੀ ਰਖਿਆ!
ਦੋਸਤੋ ਇਹ ਤੇ ਸੀ ਲੋਕਤੰਤਰ ਦੇ ਚੋਥੇ ਥੰਮ ਦੀ ਅਸਲ ਤਾਕਤ..ਪਰ ਇਹ ਜਦੋਂ ਖਰੀਦ ਲਿਆ ਜਾਂਦਾ ਤਾਂ ਆਮ ਜਿਹਾ ਨਸ਼ੇ ਛੁਡਾਉਂਦਾ..ਧੱਕਿਆਂ ਦੀ ਗੱਲ ਕਰਦਾ ਵੀ ਰਾਤੋ ਰਾਤ ਆਈ.ਐੱਸ.ਐੱਸ,ਪਾਕਿਸਤਾਨ ਦਾ ਘੱਲਿਆ ਹੋਇਆ..ਖੂੰਖਾਰ..ਗੱਦਾਰ..ਮੁਲਖ ਵਿਰੋਧੀ ਅਤੇ ਹੋਰ ਵੀ ਕਿੰਨਾ ਕੁਝ ਬਣ ਜਾਂਦਾ ਏ..!
ਅੱਜ ਜਿਆਦਾ ਲੋੜ ਇਹ ਨਹੀਂ ਕੇ ਦੱਸਿਆ ਜਾਵੇ ਕੇ ਸਾਡੇ ਨਾਲ ਧੱਕਾ ਹੋਇਆ..ਬਹੁਤੀ ਲੋੜ ਇਸ ਦੀ ਹੈ ਕੇ ਇਸ ਸਭ ਕੁਝ ਨੂੰ ਜਾਇਜ ਠਹਿਰਾਉਣ ਲਈ ਪੱਬਾਂ ਭਾਰ ਹੋਏ ਪੂਰੇ ਮੁਲਖ ਦੇ ਮੀਡੀਏ ਦਾ ਸੀਮਤ ਸਾਧਨਾਂ ਨਾਲ ਮੁਕ਼ਾਬਲਾਂ ਕਿੱਦਾਂ ਕਰਨਾ!
ਹਰਪ੍ਰੀਤ ਸਿੰਘ ਜਵੰਦਾ