ਪਿੱਛੇ ਜਿਹੇ ਫਰਾਂਸ ਹੌਲੈਂਡ ਵਿੱਚ ਪਿੰਡਾਂ ਤੋਂ ਤੁਰ ਸ਼ਹਿਰਾਂ ਵੱਲ ਨੂੰ ਆ ਗਏ..ਮਨ ਵਿੱਚ ਰੋਸ..ਸਿਸਟਮ ਖਿਲਾਫ ਗਿਲਾ ਸੀ..ਬਣਦੇ ਭਾਅ ਨਾ ਮਿਲਣ ਦੀ ਚੀਸ..ਪੈਰਿਸ ਆਈਫਲ ਟਾਵਰ ਕੋਲ ਪਰਾਲੀ ਦੇ ਉੱਚੇ-ਉੱਚੇ ਢੇਰ ਲਾ ਦਿੱਤੇ..ਸੜਕਾਂ ਤੇ ਗੋਹਾ ਖਿਲਾਰ ਦਿੱਤਾ..ਥਾਂ-ਥਾਂ ਮਿੱਟੀ ਦੀ ਪਰਤ ਚੜਾ ਕੇ ਸਬਜੀ ਬੀਜ ਦਿੱਤੀ..!
ਪਰ ਸ਼ਹਿਰੀਆਂ ਪੁਲਸ ਲੋਕਲ ਨਿਜ਼ਾਮ ਨੇ ਸੰਜਮ ਬਣਾਈ ਰਖਿਆ..ਕੋਈ ਸਖਤੀ ਨਹੀਂ ਕੀਤੀ..ਮੰਦਾ ਚੰਗਾ ਵੀ ਨਹੀਂ ਆਖਿਆ..ਕਿਹਾ ਇਹ ਸਾਡੇ ਭਰਾ ਹੀ ਨੇ..ਅੱਜ ਨਰਾਜ ਹੋ ਗਏ ਤਾਂ ਕੀ ਹੋਇਆ..ਸਾਡੇ ਖਾਣ ਲਈ ਅੰਨ ਵੀ ਤਾਂ ਪੈਦਾ ਕਰਦੇ ਨੇ..ਸਰਕਾਰਾਂ ਵੀ ਆਖਿਆ ਆਓ ਗੱਲਬਾਤ ਕਰੀਏ..ਮਿਲ ਬੈਠਕੇ ਹੱਲ ਕੱਢੀਏ..!
ਇਸ ਵੇਰ ਦਿੱਲੀ ਵੱਲ ਨੂੰ ਦੁਬਾਰਾ ਮੁੜੀਆਂ ਮੁਹਾਰਾਂ..ਪਿਛਲੀ ਵੇਰ ਜੋ ਵਾਦੇ ਕਰਕੇ ਤੋਰਿਆ ਸੀ..ਤਿੰਨ ਵਰੇ ਲੰਘ ਗਏ ਪੂਰੇ ਨਹੀਂ ਕੀਤੇ..ਅੱਜ ਹਰਿਆਣਾ ਬਾਡਰ ਤੇ ਜੋ ਕੁਝ ਹੋ ਰਿਹਾ ਸਭ ਦੇ ਸਾਮਣੇ ਏ..ਵੀਹ ਵੀਹ ਫੁਟ ਕੰਕਰੀਟ ਦੀ ਚੌੜੀ ਕੰਧ..ਸੂਏ..ਤਿੱਖੀਆਂ ਸੂਲਾਂ..ਦ੍ਰੋਣਾ ਨਾਲ ਹੰਝੂ ਗੈਸ..ਗੋਦੀ ਮੀਡਿਆ ਵੀ ਪੂਰੀ ਹਰਕਤ ਵਿਚ..ਟਰੈਕਟਰ ਵਾਲੇ ਖਾਲਿਸਤਾਨੀ..ਇਸ ਵੇਰ ਦਿੱਲੀ ਵੜੇ ਤਾਂ ਸਿਧੇ ਗੋਲੀਆਂ ਨਾਲ ਭੁੰਨ ਦਿਆਂਗੇ..!
ਸੰਨ ਪੈਂਠ ਦੀ ਜੰਗ ਚੇਤੇ ਆ ਗਈ..ਪਾਕਿਸਤਾਨੀ ਫੌਜ ਕੋਲ ਨਵੇਂ ਅਮਰੀਕੀ ਟੈਂਕ..ਏਧਰ ਆਰਮੀ ਚੀਫ ਦਾ ਹੁਕਮ..ਆਪਣਾ ਬੇਸ ਕੈਂਪ ਦਰਿਆ ਸਤਲੁੱਜ ਦੇ ਉਰਲੇ ਕੰਢੇ ਤੇ ਲੈ ਆਵੋ..ਵਰਨਾ ਉਹ ਅੰਦਰ ਤੀਕਰ ਆ ਵੜਨਗੇ..ਫੇਰ ਜਰਨਲ ਹਰਬਖਸ਼ ਸਿੰਘ ਨੇ ਨਾਂਹ ਕਰ ਦਿੱਤੀ..ਬਾਕੀ ਦੇ ਕਹਾਣੀ ਸਭ ਜਾਣਦੇ..!
ਲਹਿੰਦੇ ਵਾਲੇ ਅਕਸਰ ਆਖਦੇ ਓਏ ਚੜ੍ਹਦੇ ਵਾਲਿਓ..ਤੁਹਾਡੇ ਗੁਰੂ ਗੋਬਿੰਦ ਸਿੰਘ ਨੇ ਪਤਾ ਨੀ ਬੋਲਣ ਵਾਲਾ ਕਿਹੜਾ ਤਲਿੱਸਮੀ ਜਾਦੂ ਖੰਡੇ ਬਾਟੇ ਵਿਚ ਘੋਲ ਕੇ ਪਿਆ ਦਿੱਤਾ..ਕੋਲ ਭਾਵੇਂ ਕੁਝ ਵੀ ਨਾ ਹੋਵੇ..ਨਿਹੱਥੇ ਨਿਰਾ ਪੁਰਾ “ਬੋਲੇ ਸੋ ਨਿਹਾਲ-ਸੱਤ ਸ੍ਰੀ ਅਕਾਲ” ਹੀ ਆਖ ਦੇਵੋ ਤਾਂ ਅਗਲਾ ਤਰਾਹ ਨਾਲ ਮੁੱਕ ਜਾਂਦਾ!
ਹੁਣ ਸਵਾਲ ਇਹ ਪੈਦਾ ਹੁੰਦਾ..ਇੰਝ ਕਿੰਨੀ ਕੂ ਵੇਰ ਹੁੰਦਾ ਰਹੇਗਾ..ਸਵਾ ਤਿੰਨ ਸੌ ਸਾਲ ਪਹਿਲੋਂ..ਆਟੇ ਦੀਆਂ ਗਊਆਂ ਦੀ ਸਹੁੰ ਤੇ ਮੁੜਕੇ ਪਿੱਠ ਪਿੱਛੋਂ ਵਾਰ..ਕਿੰਨੇ ਦੀਪ ਬੁੱਝ ਗਏ..ਕਿੰਨੇ ਜੇਲਾਂ ਵਿਚ ਰੁਲ ਰਹੇ..ਅਖੀਰ ਫੇਰ ਇਥੇ ਮੁੱਕਦੀ..ਪੰਜਾਬ ਜੰਮਿਆਂ ਨੂੰ ਨਿੱਤ ਮੁਹਿੰਮਾਂ..ਪਿਛਲੀ ਵੇਰ ਕਿੰਨਾ ਕੁਝ ਹੋਇਆ..ਜੈਕਾਰੇ ਨਹੀਂ ਛੱਡਣੇ..ਨਿਸ਼ਾਨ ਸਾਬ ਨਹੀਂ ਝੁਲਾਉਣੇ..ਬਾਬੇ ਦੀ ਬੀੜ ਸ਼ੁਸ਼ੋਬਿਤ ਨਹੀਂ ਕਰਨੀ..ਨਿਹੰਗ ਸਿੰਘ ਵਾਪਿਸ ਜਾਵੋ..ਘੋੜੇ ਨਹੀਂ ਦਿਸਣੇ ਚਾਹੀਦੇ..ਕੇਸਰੀ ਪਟਕੇ ਨਹੀਂ ਸਜਾਉਣੇ..ਗੁਰੂ ਦੀ ਗੱਲ ਨਹੀ ਕਰਨੀ..ਦੀਵਾਨ ਨਹੀਂ ਸਜਾਉਣੇ..ਧਾਰਮਿਕ ਰੰਗਤ ਨਹੀਂ ਦੇਣੀ..ਉਸਦੀ ਫੋਟੋ ਨਹੀਂ ਲੱਗਣ ਦੇਣੀ..!
ਪਰ ਅਖੀਰ ਵਿਚ ਫੇਰ ਓਹੀ ਜਜਬਾ ਕੰਮ ਆਇਆ..ਦਸਮ ਪਿਤਾ ਵੱਲੋਂ ਬਖਸ਼ਿਆ “ਬੋਲੇ ਸੋ ਨਿਹਾਲ..ਸੱਤ ਸ੍ਰੀ ਅਕਾਲ..ਵਾਲਾ ਤਲਿੱਸਮੀ ਸ਼ਸ਼ਤਰ..ਆਲੇ-ਦਵਾਲੇ ਦੇ ਲੂ ਕੰਢੇ ਖੜੇ ਕਰ ਦੇਣ ਵਾਲਾ ਕੌਤਕੀ ਬਿਰਤਾਂਤ!
ਹਰਪ੍ਰੀਤ ਸਿੰਘ ਜਵੰਦਾ