ਮੌਲਵੀ ਦੇ ਘਰ 2 ਚੂਹੇ ਆ ਗਏ..ਬਿੱਲੀ ਲੈ ਆਇਆ..ਬਿੱਲੀ ਪਹਿਲੇ ਦਿਨ ਹੀ ਦੋਵੇਂ ਮਾਰ ਕੇ ਖਾ ਗਈ..ਹੁਣ ਸਾਰਾ ਦਿਨ ਭੁੱਖੀ ਮਿਆਊਂ ਮਿਆਊਂ ਕਰਦੀ ਰਿਹਾ ਕਰੇ..ਕਿਸੇ ਸਲਾਹ ਦਿੱਤੀ ਦੁੱਧ ਖਾਤਿਰ ਬੱਕਰੀ ਪਾਲ ਲਵੋ..ਹੁਣ ਬੱਕਰੀ ਰੱਜਿਆ ਨਾ ਕਰੇ..ਮੌਲਵੀ ਸਾਬ ਸਾਰਾ ਦਿਨ ਪੱਠੇ ਵੱਢਦਾ ਰਹੇ..!
ਕਿਸੇ ਸਲਾਹ ਦਿਤੀ ਇੱਕ ਕਾਮਾ ਰੱਖ ਲਵੋ..ਪੱਠੇ ਦੱਥੇ ਤੋਂ ਇਲਾਵਾ ਮਸੀਤ ਦੀ ਸਾਫ ਸਫਾਈ ਤੋਂ ਵੀ ਖਹਿੜਾ ਛੁੱਟੂ..!
ਮੌਲਵੀ ਨੇ ਦਾਤਰੀ ਪਰਾਂ ਵਗਾਹ ਮਾਰੀ ਅਖ਼ੇ ਮੇਰੀ ਤੌਬਾ..ਮੈਨੂੰ ਉਹ ਦੋ ਚੂਹੇ ਹੀ ਚੰਗੇ ਸਨ!
ਰਾਤ ਕੱਟਣ ਪਿੰਡ ਵਿਚ ਠਹਿਰੇ ਇੱਕ ਰਾਹੀ ਦੀ ਘੋੜੀ ਨੇ ਰਾਤੀ ਵਛੇਰਾ ਦੇ ਦਿੱਤਾ..ਅਗਲੀ ਸੁਵੇਰ ਮੇਜਬਾਨ ਬੇਈਮਾਨ ਹੋ ਗਿਆ..ਕਹਿੰਦਾ ਵਛੇਰਾ ਮੇਰੀ ਘੋੜੀ ਦਾ ਏ..ਮਸਲਾ ਖੜਾ ਹੋ ਗਿਆ..ਗੱਲ ਸਰਪੰਚ ਤੀਕਰ ਗਈ..!
ਸਰਪੰਚ ਨੇ ਸੋਚਿਆ ਇਹ ਤਾਂ ਮੁਸਾਫ਼ਿਰ ਏ ਰਾਤ ਕੱਟ ਚਲਾ ਜਾਊ..ਮੇਰਾ ਵਾਹ ਤੇ ਮੇਜਮਾਨ ਨਾਲ ਸਦੀਵੀਂ ਹੀ ਰਹੂ..ਸੋ ਉਸਨੇ ਫੈਸਲਾ ਮੇਜਬਾਨ ਦੇ ਹੱਕ ਵਿਚ ਦੇ ਦਿਤਾ..!
ਮੁਸਾਫ਼ਿਰ ਪਿੰਡ ਦੀ ਨਿਆ ਪ੍ਰਨਾਲੀ ਨੂੰ ਕੋਸਦਾ ਹੋਇਆ ਰਵਾਨਾ ਹੋ ਗਿਆ..!
ਸਰਪੰਚ ਅਜੇ ਘਰੇ ਵੀ ਨਹੀਂ ਸੀ ਅੱਪੜਿਆ ਕੇ ਮੇਜਬਾਨ ਰੋਂਦਾ ਕੁਰਲਾਉਂਦਾ ਉਸਦੇ ਘਰੇ ਅੱਪੜ ਗਿਆ..!
ਹੁਣ ਸਰਪੰਚ ਹੈਰਾਨ ਪ੍ਰੇਸ਼ਾਨ ਅਖ਼ੇ ਫੈਸਲਾ ਤੇਰੇ ਹੱਕ ਵਿਚ ਸੁਣਾ ਤੇ ਦਿੱਤਾ ਹੁਣ ਹੋਰ ਕੀ ਚਾਹੁੰਦਾ?
ਆਖਣ ਲੱਗਾ ਜੀ ਮੈਂ ਤਾਂ ਉਸ ਵੇਲੇ ਨੂੰ ਯਾਦ ਕਰਕੇ ਰੋਈ ਜਾ ਰਿਹਾ ਜਦੋਂ ਤੁਸੀਂ ਨਾ ਰਹੇ..ਫੇਰ ਪਤਾ ਨੀ ਏਡੇ ਸੋਹਣੇ ਸੋਹਣੇ ਫੈਸਲੇ ਕੌਣ ਕਰਿਆ ਕਰੂ!
ਇੱਕ ਜੰਗ ਵਿਚ ਬਾਦਸ਼ਾਹ ਕੋਲੋਂ ਆਪਣੀ ਹੀ ਘੋੜੀ ਦੀ ਅੱਖ ਵਿਚ ਨੇਜਾ ਵੱਜ ਗਿਆ..ਘੋੜੀ ਕਾਣੀ ਹੋ ਗਈ..ਵਛੇਰਾ ਨੂੰ ਪਤਾ ਲੱਗਾ ਤਾਂ ਆਖਣ ਲੱਗਾ ਮਾਂ ਇਸਨੂੰ ਜੰਗ ਦੇ ਮੈਦਾਨ ਵਿਚ ਹੀ ਮਰਵਾ ਆਉਣਾ ਸੀ..!
ਆਖਣ ਲੱਗੀ ਪੁੱਤਰ ਵੱਡਾ ਹੋਵੇਂਗਾ ਤਾਂ ਪਤਾ ਲੱਗੂ..!
ਮੁੜਕੇ ਆਪ ਬੁੱਢੀ ਹੋ ਗਈ ਉਹ ਵਛੇਰਾ ਜਵਾਨ..ਲੜਾਈ ਲੱਗ ਗਈ..ਬਾਦਸ਼ਾਹ ਜੰਗ ਦੇ ਮੈਦਾਨ ਵਿਚ ਓਸੇ ਜਵਾਨ ਘੋੜੇ ਤੇ..ਘੋੜਾ ਸੋਚਣ ਲੱਗਾ ਅੱਜ ਮਾਂ ਦਾ ਬਦਲਾ ਜਰੂਰ ਲਊਂ..ਐਨ ਰਣ ਤੇ ਵਿਚ ਇੱਕੋ ਥਾਂ ਖਲੋ ਗਿਆ..ਦੂਜੇ ਪਾਸੇ ਦਾ ਸੈਨਾਪਤੀ ਸਿਪਾਹੀਆਂ ਨੂੰ ਆਖਣ ਲੱਗਾ ਉਹ ਚਿੱਟੇ ਨੁਕਰੇ ਤੇ ਬੈਠਾ ਬੰਦਾ ਬਾਦਸ਼ਾਹ ਏ..ਉਸਦੇ ਦਵਾਲੇ ਹੋਵੋ..ਵੱਡੀ ਗਿਣਤੀ ਵਿਚ ਕੋਲ ਆਉਂਦੀ ਫੌਜ ਵੇਖ ਝੁਣ ਝਣੀ ਜਿਹੀ ਆਈ ਤੇ ਉਹ ਘੋੜਾ ਬਾਦਸ਼ਾਹ ਨੂੰ ਸੁਰਖਿਅਤ ਥਾਂ ਤੇ ਲੈ ਆਇਆ..!
ਘਰੇ ਆਇਆ ਮਾਂ ਪੁੱਛਣ ਲੱਗੀ ਤੂੰ ਮੇਰਾ ਬਦਲਾ ਕਿਓਂ ਨਹੀਂ ਲਿਆ?
ਆਖਣ ਲੱਗਾ ਲੈ ਤਾਂ ਸਕਦਾ ਸਾਂ ਪਰ ਲੋਕਾਂ ਨੇ ਮੇਰੀਆਂ ਅਗਲੀਆਂ ਨਸਲਾਂ ਨੂੰ ਨੁਕਰੇ ਨਹੀਂ ਗੱਦਾਰ ਆਖ ਸੱਦਣਾ ਕਰਨਾ ਸੀ!
ਉਪਰੋਕਤ ਤਿੰਨੋਂ ਬਿਰਤਾਂਤ ਅਜੋਕੇ ਸੰਧਰਭ ਵਿਚ ਵੇਖੇ ਜਾਣ ਤਾਂ ਆਸੇ ਪਾਸੇ ਕੁਝ ਮੌਲਵੀ ਮਿਲਣਗੇ..ਕੁਝ ਗਰਜਾਂ ਖਾਤਿਰ ਗਲਤ ਫੈਸਲੇ ਲੈਂਦੇ ਸਰਪੰਚ ਪਰ ਐਸੇ ਬਹੁਤ ਘੱਟ ਜਿਹਨਾਂ ਨੂੰ ਅਗਲੀਆਂ ਪੀੜੀਆਂ ਦੀ ਇੱਜਤ ਆਬਰੂ ਦਾ ਫਿਕਰ ਏ!
ਹਰਪ੍ਰੀਤ ਸਿੰਘ ਜਵੰਦਾ