” ਜੀ ਉੱਠੋ ਸੂਰਜ ਸਿਰ ਤੇ ਆ ਗਿਆ ਛੁੱਟੀ ਦਾ ਇਹ ਮਤਲਬ ਤਾਂ ਨਹੀਂ ਵੀ ਸਾਰਾ ਦਿਨ ਸੁੱਤੇ ਰਹੋ” ਘਰਵਾਲੀ ਨੇ ਕੁਲਦੀਪ ਨੂੰ ਹਲੂਣ ਕੇ ਉਠਾਇਆ।
” ਤੁਸੀਂ ਅੱਜ ਜ਼ਮੀਨ ਦਾ ਮਾਮਲਾ ਲੈਣ ਪਿੰਡ ਵੀ ਜਾਣਾ ” ਘਰਵਾਲੀ ਨੇ ਯਾਦ ਕਰਾਇਆ।
” ਹਾਂ ਯਾਰ ਜਾਣਾ ਤਾਂ ਹੈ ਚੱਲ ਮੈ ਨਹਾ ਕੇ ਆਇਆ ਤੂੰ ਨਾਸ਼ਤਾ ਬਣਾ” ਕੁਲਦੀਪ ਨੇ ਉੱਠਦੇ ਕਿਹਾ। ਨਹਾ ਕੇ ਕੁਲਦੀਪ ਤਿਆਰ ਹੋ ਨਾਸ਼ਤਾ ਕਰਨ ਲੱਗਾ
” ਇਸ ਵਾਰ ਠੇਕਾ ਵਧਾ ਕੇ ਲੈ ਕੇ ਆਇਓ ਕਈ ਸਾਲਾ ਤੋ ਉਨ੍ਹਾਂ ਹੀ ਲਈ ਜਾਂਦੇ ਹੋ ਬਥੇਰੀ ਕਮਾਈ ਹੈ ਉਨ੍ਹਾਂ ਨੂੰ” ਘਰਵਾਲੀ ਨੇ ਨਸੀਹਤ ਦਿੱਤੀ।
” ਠੀਕ ਹੈ ਕੋਈ ਨੀ ਐਤਕੀਂ ਵਧਾ ਲਵਾਂਗੇ” ਕੁਲਦੀਪ ਨੇ ਠਰਮੇ ਨਾਲ ਕਿਹਾ।
ਕੁਲਦੀਪ ਤੇ ਮਨਦੀਪ ਦੋ ਭਰਾ ਇੱਕ ਸ਼ਹਿਰ ਨੌਕਰੀ ਕਰਦਾ ਹੈ ਤੇ ਇੱਕ ਪਿੰਡ ਖੇਤੀ ਕਰਦਾ ਹੈ ।ਚਾਰ ਕਿੱਲੇ ਜ਼ਮੀਨ ਸੀ ਸਾਰੀ ਕੁਲਦੀਪ ਆਪਣੇ ਦੋ ਕਿੱਲੇ ਆਪਣੇ ਭਰਾ ਨੂੰ ਹੀ ਠੇਕੇ ਤੇ ਦੇ ਆਉਂਦਾ ਹੈ ਨੱਬੇ ਹਜ਼ਾਰ ਵਿੱਚ । ਚਾਰ ਕੀਲਿਆ ਦੀ ਖੇਤੀ ਚੋ ਮਨਦੀਪ ਦਾ ਗੁਜ਼ਾਰਾ ਨਹੀਂ ਹੁੰਦਾ ਉਹ ਨਾਲ ਨਾਲ ਡੇਅਰੀ ਦਾ ਕੰਮ ਵੀ ਕਰਦਾ ਇਸ ਕੰਮ ਚ ਉਸ ਦੀ ਘਰਵਾਲੀ ਵੀ ਉਸ ਦਾ ਸਾਥ ਦਿੰਦੀ ਹੈ ।ਕੁਲਦੀਪ ਭਾਵੇਂ ਸ਼ਹਿਰ ਵਿੱਚ ਨੌਕਰੀ ਕਰਦਾ ਸੀ ਪਰ ਤਨਖ਼ਾਹ ਐਨੀ ਨਹੀਂ ਸੀ ਕੇ ਘਰ ਵਧੀਆ ਚਲਾ ਸਕਦਾ ਇਸ ਲਈ ਉਸ ਦੀ ਘਰਵਾਲੀ ਨੂੰ ਵੀ ਨੌਕਰੀ ਕਰਨੀ ਪੈਂਦੀ ਸੀ ।ਕੁਲਦੀਪ ਤੋ ਆਪਣੇ ਭਰਾ ਦੀ ਹਾਲਤ ਛੁਪੀ ਨਹੀਂ ਸੀ ਉਹ ਨਹੀਂ ਸੀ ਚਾਹੁੰਦਾ ਕੇ ਜ਼ਮੀਨ ਦਾ ਠੇਕਾ ਵਧਾਇਆ ਜਾਵੇ ਪਰ ਘਰਵਾਲੀ ਨੂੰ ਵੀ ਨਾਰਾਜ਼ ਨਹੀਂ ਸੀ ਕਰਨਾ ਚਾਹੁੰਦਾ ਉਹ ਨੇ ਪਿੰਡ ਜਾਣ ਤੋ ਪਹਿਲਾ ATM ਤੋ ਪੰਜ ਹਜ਼ਾਰ ਕਢਾਏ ਤੇ ਪਿੰਡ ਲਈ ਚਾਲੇ ਮਾਰ ਦਿੱਤੇ।
” ਮੈ ਕਿਹਾ ਜੀ ਬਾਈ ਜੀ ਨੂੰ ਐਤਕੀਂ ਪੰਜ ਹਜ਼ਾਰ ਘੱਟ ਦੇ ਦਿਓ ਜੀ ਉਹ ਤਾਂ ਦੋਵੇਂ ਜੀਅ ਨੌਕਰੀ ਕਰਦੇ ਨੇ ਸ਼ਹਿਰ ਰਹਿੰਦੇ ਨੇ ਉਨ੍ਹਾਂ ਨੂੰ ਕੀ ਫ਼ਰਕ ਪੈਂਦਾ ਆਹ ਸੰਨ੍ਹੀ ਨੂੰ ਸਾਲ ਹੋ ਗਿਆ ਸਾਈਕਲ ਮੰਗਦੇ ਨੂੰ ਇਹਨੂੰ ਸਾਈਕਲ ਲੈ ਦਿਓ ਵਿਚਾਰਾ ਤੁਰ ਕੇ ਸਕੂਲ ਜਾਂਦਾ ਰੋਜ਼ ” ਮਨਦੀਪ ਦੀ ਪਤਨੀ ਨੇ ਮਨਦੀਪ ਨੂੰ ਸਮਝਾਇਆ।
” ਕੋਈ ਗਲ਼ ਨਹੀਂ ਮੈ ਬਾਈ ਨਾਲ ਗਲ਼ ਕਰੂ ਉਹ ਕਿਹੜਾ ਆਪਣੀ ਗਲ਼ ਮੋੜਦਾ ” ਮਨਦੀਪ ਨੇ ਜਵਾਬ ਦਿੱਤਾ।
” ਉਹ ਮੇਰਾ ਭਰਾ ਹੀ ਨਹੀਂ ਪਿਉ ਵੀ ਹੈ ਜੱਦੋ ਮਾਂ ਬਾਪ ਨਾ ਹੋਣ ਤਾਂ ਵੱਡੇ ਭਰਾਂ ਪਿਉਆਂ ਵਾਂਗ ਹੁੰਦੇ ਨੇ”;ਮਨਦੀਪ ਨੇ ਭਾਵੁਕ ਹੋ ਕੇ ਕਿਹਾ । ਮਨਦੀਪ ਪਹਿਲਾ ਹੀ ਆੜ੍ਹਤੀਏ ਤੋ ਨੱਬੇ ਹਜ਼ਾਰ ਲਿਆਈ ਬੈਠਾ ਸੀ ਉਸ ਨੇ ਪੰਜ ਹਜ਼ਾਰ ਜੇਬ ਚ ਰੱਖ ਪੰਜਾਸੀ ਹਜ਼ਾਰ ਘਰਵਾਲੀ ਨੂੰ ਫੜਾ ਦਿੱਤੇ ਵੀ ਬਾਈ ਨੂੰ ਦੇਵਾਂਗੇ।
ਕੁਲਦੀਪ ਪਿੰਡ ਆ ਗਿਆ ਦੋਵੇਂ ਭਰਾਵਾਂ ਨੇ ਠੇਕੇ ਬਾਰੇ ਇੱਕ ਦੂਜੇ ਨਾਲ ਕੋਈ ਗਲ਼ ਨਹੀਂ ਕੀਤੀ ।ਮਨਦੀਪ ਨੇ ਘਰਵਾਲੀ ਤੋ ਪਚਾਸੀ ਹਜ਼ਾਰ ਫੜ੍ਹ ਕੇ ਪੰਚ ਹਜ਼ਾਰ ਜੇਬ ਵਿਚਲਾ ਪਾ ਕੇ ਕੁਲਦੀਪ ਨੂੰ ਪੂਰਾ ਨੱਬੇ ਹਜ਼ਾਰ ਫੜ੍ਹਾ ਦਿੱਤਾ।
“ਬਾਈ ਜੀ ਬੋਲੇ ਨੀ ਵੀ ਪੈਸੇ ਘੱਟ ਨੇ” ਘਰਵਾਲੀ ਨੇ ਮਨਦੀਪ ਤੋ ਪੁੱਛਿਆ ।
” ਨਹੀਂ ਮੈਂ ਤੈਨੂੰ ਕਿਹਾ ਤਾਂ ਹੈ ਉਹ ਨਹੀਂ ਬੋਲਦਾ ” ਮਨਦੀਪ ਨੇ ਕਿਹਾ।
ਕੁਲਦੀਪ ਰੋਟੀ ਖਾਂ ਹੀ ਰਿਹਾ ਸੀ ਕੇ ਮਨਦੀਪ ਦਾ ਮੁੰਡਾ ਸੰਨ੍ਹੀ ਆ ਗਿਆ । ਤਾਇਆ ਜੀ ਦੇ ਪੈਰੀਂ ਹੱਥ ਲਾ ਆਪਣੇ ਮਾਂ ਪਿਉ ਦੀਆਂ ਸ਼ਕਾਇਤਾਂ ਲਾਉਣ ਲੱਗਾ।
” ਤਾਇਆ ਜੀ ਇਹ ਮੈਨੂੰ ਸਾਈਕਲ ਨਹੀਂ ਲੈ ਕੇ ਦਿੰਦੇ ਮੈ ਰੋਜ਼ ਤੁਰ ਕੇ ਸਕੂਲ ਜਾਦਾ”
” ਬਈ ਮਨਦੀਪ ਮੁੰਡੇ ਨੂੰ ਸਾਈਕਲ ਲੈ ਕੇ ਦਿਓ ਵੀ ਜ਼ਰੂਰ ” ਕੁਲਦੀਪ ਨੇ ਕਿਹਾ ।
” ਹਾਂ ਬਾਈ ਬੱਸ ਲੈ ਕੇ ਦਿੰਦੇ ਥੋੜ੍ਹਾ ਹੱਥ ਤੰਗ ਸੀ ” ਮਨਦੀਪ ਨੇ ਸਫ਼ਾਈ ਦਿੱਤੀ । ਕੁਲਦੀਪ ਵਾਪਸੀ ਸ਼ਹਿਰ ਆ ਗਿਆ ਤੇ ਉਸ ਨੇ ਨੱਬੇ ਮਨਦੀਪ ਵਾਲਾ ਤੇ ਪੰਜ ਆਪਣੇ ਵਾਲਾ ਮਿਲਾਕੇ ਪੰਚਨਵੇ ਹਜ਼ਾਰ ਘਰਵਾਲੀ ਨੂੰ ਲਿਆ ਫੜਾਇਆ।
” ਕਿੰਨੇ ਮਿਲੇ ਜੀ”
ਪੰਚਨਵੇ ਹਜ਼ਾਰ ਪੰਜ ਵਧਾ ਲਿਆ ਠੇਕਾ ਐਤਕੀਂ” ” ਬੋਲੇ ਨੀ ਕੁੱਝ ਜੀ ਕਹਿੰਦੇ ਹੋਣੇ ਬਾਈ ਐਤਕੀਂ ਉੱਨੇ ਹੀ ਲੈ ਜਾ”
“ਨਹੀਂ ਮਨਦੀਪ ਮੇਰੇ ਬੱਚਿਆ ਵਰਗਾ ਹੈ ਮੇਰਾ ਕਹਾ ਨੀ ਮੋੜਦਾ ਭਾਵੇਂ ਸੰਨ੍ਹੀ ਨੂੰ ਸਾਈਕਲ ਦੀ ਲੋੜ ਸੀ ਪਰ ਉੱਨੇ ਸਾਈਕਲ ਨੀ ਲੈ ਕੇ ਦਿੱਤਾ ਮੈਨੂੰ ਪੈਸੇ ਦੇ ਦਿੱਤੇ” ਕੁਲਦੀਪ ਨੇ ਸਫ਼ਾਈ ਦਿੱਤੀ ।
“ਹੁਣ ਖ਼ੁਸ਼ ਹੈ” ਕੁਲਦੀਪ ਨੇ ਘਰਵਾਲੀ ਨੂੰ ਪੁੱਛੀਆਂ ।
ਘਰਵਾਲੀ ਨੇ ਪੈਸੇ ਗਿਣ ਕੇ ਤਸੱਲੀ ਕਰ ਲਈ ਤੇ ਅੰਦਰ ਰੱਖ ਦਿੱਤੇ।ਥੋਹੜੀ ਦੇਰ ਬਾਅਦ ਕੁਲਦੀਪ ਦੀ ਘਰਵਾਲੀ ਨੇ ਪੰਜ ਹਜ਼ਾਰ ਲਿਆ ਕੇ ਕੁਲਦੀਪ ਨੂੰ ਫੜਾ ਦਿੱਤਾ ।
” ਇਹ ਕਾਹਦੇ ਲਈ” ਕੁਲਦੀਪ ਨੇ ਹੈਰਾਨ ਹੋ ਕੇ ਪੁੱਛਿਆ ।
“ਸੰਨ੍ਹੀ ਦੇ ਸਾਈਕਲ ਲਈ ਤੁਸੀਂ ਸੰਨ੍ਹੀ ਨੂੰ ਸਾਈਕਲ ਲੈ ਦਿਓ ਉਹ ਆਪਣਾ ਕਿਹੜਾ ਕੁੱਝ ਲੱਗਦਾ ਨਹੀਂ” ਘਰਵਾਲੀ ਨੇ ਜਵਾਬ ਦਿੱਤਾ ।
ਕੁਲਦੀਪ ਨੂੰ ਜਿਵੇਂ ਚਾਅ ਚੜ ਗਿਆ ਉਸ ਨੇ ਮਨਦੀਪ ਨੂੰ ਸ਼ਹਿਰ ਸੱਦ ਲਿਆ ਵੀ ਸੰਨ੍ਹੀ ਲਈ ਸਾਈਕਲ ਲੈ ਜਾ । ਮਨਦੀਪ ਸਾਈਕਲ ਲੈਣ ਆਇਆ ਪਿੰਡੋਂ ਚਾਰ ਕਿੱਲੋ ਘਿਉ , ਸਬਜ਼ੀ ਤੇ ਕਿੰਨਾ ਕੁੱਝ ਹੋਰ ਲੈ ਆਇਆ ।ਸੰਨ੍ਹੀ ਲਈ ਉਸ ਦੀ ਮਨਪਸੰਦ ਸਾਈਕਲ ਲਈ ਗਈ। ਵੱਡੀ ਭਰਜਾਈ ਬਹੁਤ ਖ਼ੁਸ਼ ਹੋਈ ਕੁੱਝ ਸਮਾਨ ਉਹ ਆਪਣੀਆਂ ਸਹੇਲੀਆਂ ਵਾਸਤੇ ਲੈ ਗਈ ਵੀ ਸਾਡੇ ਪਿੰਡੋਂ ਆਇਆ।ਉੱਧਰ ਜੱਦੋ ਮਨਦੀਪ ਸਾਈਕਲ ਲੈ ਕੇ ਪਿੰਡ ਪਹੁੰਚਿਆ ਤਾਂ ਸਾਰਾ ਟੱਬਰ ਖ਼ੁਸ਼ ਸੰਨ੍ਹੀ ਆਪਣੇ ਦੋਸਤਾ ਨੂੰ ਦੱਸਦਾ ਫਿਰੇ ਵੀ ਮੇਰੇ ਤਾਏ ਨੇ ਭੇਜਿਆ ਹੈ। ਉਨ੍ਹਾਂ ਦੋਵੇਂ ਭਰਾਵਾਂ ਦੇ ਛੋਟੇ ਜੇ ਝੂਠ ਨੇ ਦੋਹਾ ਪਰਿਵਾਰਾਂ ਵਿੱਚ ਖ਼ੁਸ਼ੀ ਲੈ ਆਦੀ ।
ਲਖਵਿੰਦਰ ਸਿੰਘ ਸੰਧੂ
20/07/2016