ਕੇਲਿਆਂ ਦੀ ਫੈਕਟਰੀ | kelya di factory

“ਸੇਠੀ ਸਾਹਿਬ ਤੁਸੀਂ ਵੀ ਕੱਲ੍ਹ ਨੂੰ ਜਾਣਾ ਹੋਵੇਗਾ Rajat Mureja ਨੇ ਕੇਲਿਆਂ ਦੀ ਫੈਕਟਰੀ ਲਾਈ ਹੈ ਨਾ। ਮਹੂਰਤ ਹੈ। ਮੈਨੂੰ ਵੀ ਕਾਰਡ ਆਇਆ ਹੈ।” ਕੱਲ੍ਹ ਸ਼ਾਮੀ ਇੱਕ ਕਰੀਬੀ ਨੇ ਫੋਨ ਤੇ ਮੇਰੇ ਨਾਲ ਗੱਲ ਕੀਤੀ।
“ਹਾਂਜੀ ਹਾਂਜੀ ਜਾਣਾ ਹੈ। ਪਰ ਯਾਰ ਫੈਕਟਰੀ ਨਹੀਂ ਲਾਈ। ਫੈਕਟਰੀ ਨੂੰ ਕਿਹੜਾ ਓਹਨਾ ਪਲਾਸਟਿਕ ਦੇ ਕੇਲੇ ਬਣਾਕੇ ਵੇਚਣੇ ਹਨ। ਕੱਚੇ ਕੇਲੇ ਨੂੰ ਪਕਾਉਣ ਦਾ ਪਲਾਂਟ ਯਾਨੀ ਕੋਲਡ ਸਟੋਰ ਲਗਾਇਆ ਹੈ। ਉਸਦਾ ਨਾਮ #ਸ੍ਰੀ_ਬਾਲਾਜੀ_ਫਰੂਟ_ਰਾਈਪਿੰਗ_ਚੈਂਬਰਸ ਹੈ।” ਮੈਂ ਉਸਦੇ ਫੈਕਟਰੀ ਸ਼ਬਦ ਦੀ ਵਿਆਖਿਆ ਕੀਤੀ।
“ਹਾਂਜੀ ਹਾਂਜੀ। ਓਹੀ ਓਹੀ। ਉਹ ਫੈਕਟਰੀ ਹੀ ਹੋਈ ਨਾ। ਮੈਨੂੰ ਇੰਦੂ ਨੇ ਦੱਸਿਆ ਸੀ ਫੈਕਟਰੀ ਬਾਰੇ।” ਉਹ ਧੱਕੇ ਨਾਲ ਆਪਣੇ ਗਲਤ ਸ਼ਬਦ ਨੂੰ ਸ਼ਹੀ ਸਿੱਧ ਕਰਨਾ ਚਾਹੁੰਦਾ ਸੀ।

ਮੇਰੇ ਯਾਦ ਆਇਆ ਬਹੁਤ ਸਾਲ ਪਹਿਲਾਂ ਮੈਨੂੰ ਕਿਸੇ ਨੇ ਸੱਦਾ ਦਿੱਤਾ। “ਸਰ ਸਾਡੀ ਫੈਕਟਰੀ ਵੇਖਣ ਜਰੂਰ ਆਇਓ। ਅਸੀਂ ਘਰੇ ਹੀ ਲਾਈ ਹੈ। ਪਾਈਪ ਬੈੰਡ ਬਨਾਉਂਦੇ ਹਾਂ।” ਮੇਰੇ ਨਾਲ ਦੀ ਕੁਲੀਗ ਨੇ ਇੱਕ ਦਿਨ ਮੈਨੂੰ ਕਿਹਾ। ਕੁਦਰਤੀ ਬਠਿੰਡੇ ਦਾ ਪ੍ਰੋਗਰਾਮ ਬਣਿਆ। ਉਸਦੀ ਫੈਕਟਰੀ ਵੇਖਣ ਵੀ ਚਲੇ ਗਏ ਉਸਦੇ ਘਰ। ਚਾਹ ਪਾਣੀ ਪੀ ਲਿਆ ਪਰ ਮੈਂ ਫੈਕਟਰੀ ਵੇਖਣ ਨੂੰ ਉਤਾਵਲਾ। ਘਰ ਦੇ ਇੱਕ ਬਾਥਰੂਮ ਜਿਸ ਨੂੰ ਤਿਆਰ ਨਹੀਂ ਕੀਤਾ ਗਿਆ ਸੀ ਤੇ ਪਲਸਤਰ ਵੀ ਨਹੀਂ ਸੀ ਕੀਤਾ। ਉਥੇ ਇੱਕ ਹੀਟਰ ਰੱਖਿਆ ਹੋਇਆ ਸੀ। ਜਿਸ ਨਾਲ ਉਹ ਬਿਜਲੀ ਵਾਲੀ ਪਾਈਪ ਨੂੰ ਗਰਮ ਕਰਕੇ ਮੋੜਦੇ ਸਨ ਤੇ ਬੇਂਡ ਤਿਆਰ ਕਰਦੇ ਸਨ। ਉਹ ਉਹਨਾਂ ਦੀ ਫੈਕਟਰੀ ਸੀ। ਬਹੁਤ ਵਧੀਆ ਬਹੁਤ ਵਧੀਆ ਕਹਿਕੇ ਅਸੀਂ ਬਾਹਰ ਆ ਗਏ।

ਕੋਲਡ ਸਟੋਰ ਵਿੱਚ ਮਹੂਰਤ ਸਮੇ ਪਟਿਆਲਾ ਵਾਲੇ Om Prakash Jasuja ਜੀ ਵੀ ਹਾਜ਼ਿਰ ਸਨ। ਓਹ ਬਹੁਤ ਵਧੀਆ ਇਨਸਾਨ ਹਨ ਤੇ ਥੋੜੇ ਮਜਾਕੀਆ ਵੀ। ਅਖੇ ਬਚਕੇ ਰਿਹੋ ਸੇਠੀ ਸਾਹਿਬ ਨੇ ਕਹਾਣੀ ਲਿਖ਼ ਦੇਣੀ ਹੈ। ਉਹਨਾਂ ਨੇ ਕਿਹਾ। ਇੰਨੇ ਨੂੰ
“ਆਓਂ ਬੈਠੋ ਬੈਠੋ” ਕਹਿਕੇ ਇੰਦੂ ਜੀ ਨੇ ਦੋ ਤਿੰਨ ਕੁਰਸੀ ਖਿੱਚਕੇ ਉਰਾਂ ਕਰ ਦਿੱਤੀਆਂ। ਮੇਰੇ ਨਾਲ ਸੱਤ ਗਿਆਰਾਂ ਵਾਲਾ ਮੌਂਟੀ ਛਾਬੜਾ ਵੀ ਸੀ। ਇੰਦੂ ਜੀ ਨੇ ਇੱਕ ਕੁਰਸੀ ਉਹ ਵੀ ਉਰਾਂ ਖਿੱਚ ਲਈ ਜਿਸ ਤੇ ਮੋਨਾ ( ਮਿਸੇਜ ਮੌਂਟੀ) ਬੈਠਣ ਹੀ ਵਾਲੀ ਸੀ। ਮੈਂ ਹੱਸ ਪਿਆ। ਹੁਣ ਘਰਵਾਲੀ ਆਲੀ ਕੁਰਸੀ ਤੇ ਪਤੀ ਦੇਵ ਕਿਵੇ ਬੈਠੁ। ਫਿਰ ਕਹਾਣੀ ਤਾਂ ਬਣੇਗੀ ਹੀ। ਵਿਚਾਰੀ ਕੁਰਸੀ ਵਿਚਾਲੇ ਹੀ ਪਈ ਰਹੀ। ਨਾ ਉਹ ਬੈਠਾ ਨਾ ਉਹ ਬੈਠੀ।

ਗੱਲ ਫੈਕਟਰੀ ਦੀ ਚੱਲੀ ਸੀ। ਮੋਗੇ ਜਾਂਦੇ ਰਸਤੇ ਵਿੱਚ ਮੱਝਾਂ ਦੀ ਵੱਡੀ ਸਾਰੀ ਡੇਅਰੀ ਨਜ਼ਰ ਆਈ। ਕੋਈ ਸੋ ਕ਼ੁ ਮੱਝ ਹੋਣੀ ਹੈ ਓਥੇ। ਅਖੇ ਪਾਪਾ ਮੱਝਾਂ ਦਾ ਕਾਰਖਾਨਾ। ਜੁਆਕ ਨੇ ਆਖਿਆ। ਕੌਣ ਸਮਝਾਵੇ ਜੁਆਕ ਨੂੰ ਕਿ ਮੱਝਾਂ ਦੀ ਡੇਅਰੀ ਹੁੰਦੀ ਹੈ ਕਾਰਖਾਨਾ ਨਹੀਂ।
ਸੋ ਐਂਕਲ ਜੀ ਕੇਲਿਆਂ ਦੀ ਫੈਕਟਰੀ ਨਹੀਂ ਹੁੰਦੀ। ਰਾਈਪਿੰਗ ਚੈਂਬਰ ਹੁੰਦਾ ਹੈ ਯ ਕੋਲਡ ਸਟੋਰ।
ਊਂ ਗੱਲ ਆ ਇੱਕ।
ਗੁਸਤਾਖੀ ਮਾਫ।
#ਰਮੇਸ਼ਸੇਠੀਬਾਦਲ
ਸਾਬਕਾ ਸੂਪਰਡੈਂਟ।

Leave a Reply

Your email address will not be published. Required fields are marked *