ਮੈਂ ਤੇ ਮੇਰਾ ਦੋਸਤ Sham Chugh ਬੀ ਕਾਮ ਚ ਇੱਕਠੇ ਪੜ੍ਹਦੇ ਸੀ। ਰਾਤ ਨੂੰ ਉਹ ਮੇਰੇ ਕੋਲ ਹੀ ਸੌਂਦਾ। ਇੱਕ ਵਾਰੀ ਮੇਰੀ ਮਾਸੀ ਦਾ ਮੁੰਡਾ ਰਾਮ ਚੰਦ ਸਾਡੇ ਕੋਲ ਆਇਆ ਮਲੌਟ ਤੋਂ। ਤੇ ਅਸੀਂ ਰਾਤ ਨੂੰ ਫਿਲਮ ਦੇਖਣ ਦੀ ਸਕੀਮ ਬਣਾਈ। ਜਦੋ ਸ਼ਾਮ ਲਾਲ ਆਪਣੇ ਘਰ ਜਾਣ ਲੱਗਿਆ ਤਾਂ ਮੈਂ ਕਿਹਾ ਯਾਰ ਨੀਲੀ ਪੈੰਟ ਪਾ ਕੇ ਆਈ। ਚੰਗਾ ਕਿਹ ਕੇ ਸ਼ਾਮ ਲਾਲ ਆਪਣੇ ਘਰ ਚਲਾ ਗਿਆ। ਰਾਮ ਚੰਦ ਮੇਰੇ ਨਾਲ ਗੁੱਸੇ ਹੋਇਆ ਕਿ ਤੂੰ ਸ਼ਾਮ ਲਾਲ ਨੂੰ ਫਿਲਮ ਦੇਖਣ ਜਾਣ ਬਾਰੇ ਕਿਓਂ ਨਹੀਂ ਆਖਿਆ।
ਮਖਿਆ ਉਹ ਸਮਝ ਗਿਆ। ਫਿਲਮ ਦੇਖਣ ਹੀ ਚੱਲਾਂ ਗੇ। ਰਾਮ ਚੰਦ ਕਹਿੰਦਾ ਤੂੰ ਉਸਨੂੰ ਸਿਰਫ ਨੀਲੀ ਪੈਂਟ ਪਾ ਕੇ ਆਉਣ ਦਾ ਆਖਿਆ ਹੈ। ਰਾਮ ਚੰਦ ਨੂੰ ਨੀਲੀ ਪੇਂਟ ਵਾਲੀ ਗੱਲ ਸਮਝ ਨਾ ਆਈ।
ਯਾਰ ਨੀਲੀ ਪੇਂਟ ਵਾਲੀ ਕੀ ਗੱਲ ਹੈ।
ਰੋਟੀ ਖਾਂਦੇ ਰਾਮ ਚੰਦ ਨੇ ਮੇਨੂ ਪੁਛਿਆ।
ਮੈਂ ਚੁੱਪ। ਸਿਨੇਮਾ ਜਾਂਦੇ ਰਸਤੇ ਚ ਵੀ ਰਾਮ ਚੰਦ ਨੇ ਨੀਲੀ ਪੇਂਟ ਬਾਰੇ ਫੇਰ ਪੁੱਛਿਆ। ਪਰ ਅਸੀਂ ਚੁੱਪ ਰਹੇ। ਰਾਮ ਚੰਦ ਜ਼ੀਨਤ ਅਮਾਨ ਦਾ ਫੈਨ ਸੀ।ਤੇ ਫਿਲਮ ਵਿੱਚ ਜ਼ੀਨਤ ਅਮਾਨ ਸੀ। ਪਰ ਉਸਦੇ ਖਿਆਲਾ ਵਿੱਚ ਨੀਲੀ ਪੈਂਟ ਘੁਸੀ ਹੋਈ ਸੀ। ਚਲਦੀ ਫਿਲਮ ਵਿੱਚ ਵੀ ਉਸਨੇ ਨੀਲੀ ਪੇਂਟ ਬਾਰੇ ਕਈ ਵਾਰੀ ਪੁੱਛਿਆ। ਪਰ ਉਸ ਨੂੰ ਜਵਾਬ ਨਾ ਮਿਲਿਆ।ਇੰਟਰਵੇਲ ਵਿਚ ਜਦੋਂ ਸ਼ਾਮ ਲਾਲ ਬਾਹਰੋਂ ਮੂੰਗਫਲੀ ਤੇ ਕੁਲਫ਼ੀ ਲੈਣ ਗਿਆ ਤਾਂ ਰਾਮ ਚੰਦ ਨੇ ਨੀਲੀ ਪੇਂਟ ਬਾਰੇ ਮੈਨੂੰ ਫਿਰ ਪੁੱਛਿਆ। ਤੇ ਬਾਦ ਵਿੱਚ ਵੀ ਪੁੱਛਦਾ ਰਿਹਾ।
ਇਸ ਤਰਾਂ ਨੀਲੀ ਪੈਂਟ ਦੇ ਚੱਕਰ ਕਰਕੇ ਉਸ ਨੂੰ ਫਿਲਮ ਦੀ ਸਟੋਰੀ ਵੀ ਸਮਝ ਆਈ। ਰਾਤੀ ਜਦੋ ਅਸੀਂ ਤਿੰਨੇ ਸੋਣ ਲੱਗੇ ਤਾਂ ਉਸਨੇ ਸ਼ਾਮ ਲਾਲ ਨੂੰ ਜ਼ੋਰ ਦੇ ਕੇ ਨੀਲੀ ਪੇਂਟ ਦਾ ਰਾਜ਼ ਪੁਛਿਆ।
ਦਰਅਸਲ ਸ਼ਾਮ ਲਾਲ ਕੋਲ ਇੱਕ ਘਸੀ ਜਿਹੀ ਨੀਲੀ ਪੇਂਟ ਸੀ। ਜੋ ਥੋੜੀ ਜਿਆਦਾ ਖੁਲੀ ਸੀ। ਜਿਸ ਤੋਂ ਉਹ ਪਜਾਮੇ ਦਾ ਕੰਮ ਲੈਂਦਾ ਸੀ। ਜਿਸ ਦਿਨ ਉਸਨੇ ਮੇਰੇ ਕੋਲ ਸੋਣਾ ਹੁੰਦਾ ਸੀ ਉਹ ਨੀਲੀ ਪੇਂਟ ਪਾ ਕੇ ਆਉਂਦਾ ਸੀ। ਜਿਸ ਦਿਨ ਉਸਨੇ ਕੋਈ ਹੋਰ ਪੇਂਟ ਪਾਈ ਹੁੰਦੀ ਉਹ ਸ਼ਾਮੀ ਘਰ ਜਾ ਕੇ ਪੇਂਟ ਬਦਲ ਆਉਂਦਾ ਤੇ ਨੀਲੀ ਪਾ ਆਉਂਦਾ। ਜਦੋ ਰਾਮ ਚੰਦ ਨੂੰ ਨੀਲੀ ਪੇਂਟ ਦਾ ਰਾਜ਼ ਪਤਾ ਚੱਲਿਆ ਤਾਂ ਉਹ ਬਹੁਤ ਹੱਸਿਆ ਕਹਿੰਦਾ ਯਾਰ ਸੋਡੀ ਨੀਲੀ ਪੇਂਟ ਦੇ ਚੱਕਰ ਨੇ ਤਾਂ ਮੇਰਾ ਫਿਲਮ ਦਾ ਸਵਾਦ ਹੀ ਗਾਲ ਦਿੱਤਾ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ