1974 ਵਿੱਚ ਜਦੋਂ ਅਸੀਂ ਮੇਰੇ ਫੁਫੜ ਜੀ ਤੋਂ ਮਕਾਨ ਖਰੀਦਿਆ ਤਾਂ ਇੱਕ ਨਵਾਂ ਪੰਗਾ ਸਾਹਮਣੇ ਆਇਆ। ਸਾਡੀ ਗਲੀ ਦਾ ਅਖੀਰਲਾ ਪਲਾਟ ਗਲੀ ਵਿਚਲੇ ਸਾਡੇ ਗੁਆਂਢੀ ਸਬਜ਼ੀ ਵਾਲਿਆਂ ਨੇ ਖਰੀਦ ਲਿਆ ਸੀ।ਜਿੰਨਾਂ ਨੂੰ ਪ੍ਰਸਿੱਧ ਕਾਂਗਰਸੀ ਨੇਤਾ ਸਰਦਾਰ ਗੁਰਦੇਵ ਸਿੰਘ ਸ਼ਾਂਤ ਦੀ ਸ਼ਹਿ ਪ੍ਰਾਪਤ ਸੀ। ਇਸ ਨਾਲ ਸਾਡੀ ਗਲੀ ਬੰਦ ਹੋ ਜਾਣੀ ਸੀ। ਗਲੀ ਵਾਲੇ ਇਸਦਾ ਖੁੱਲਕੇ ਵਿਰੋਧ ਨਹੀਂ ਕਰ ਰਹੇ ਸੀ ਕਿਉਂਕਿ ਉਹ ਕਿਸੇ ਅਮੀਰ ਆਦਮੀ ਨਾਲ ਟੱਕਰ ਨਹੀਂ ਲੈਣਾ ਚਾਹੁੰਦੇ ਸੀ। ਪਰ ਸਾਡੀ ਗਲੀ ਦੀ ਹੀ ਇੱਕ ਬਹਾਦਰ ਔਰਤ ਜਿਸ ਦਾ ਪਤੀ ਨਹੀਂ ਸੀ ਖੁੱਲਕੇ ਮੈਦਾਨ ਵਿੱਚ ਆਈ। ਅਤੇ ਉਸਨੇ ਗਲੀ ਬੰਦ ਕਰਨ ਵਾਲਿਆਂ ਨੂੰ ਰੋਕਿਆ। ਸਰਦਾਰ ਭੰਨਤਰ ਸਿੰਘ ਜੋ ਉਹਨਾਂ ਦਾ ਦੂਰ ਦੇ ਰਿਸ਼ਤੇਦਾਰ ਸੀ ਅਤੇ ਸ਼ਹਿਰ ਦੀ ਮੰਨੀ ਸਖਸ਼ੀਅਤ ਸੀ ਉਸਦੀ ਮਦਦ ਕਰਦਾ ਸੀ। ਇਸ ਤਰਾਂ ਨਾਲ ਗਲੀ ਦਾ ਮਸਲਾ ਉਹਨਾਂ ਦੋਹਾਂ ਲੀਡਰਾਂ ਦੀ ਮੁੱਛ ਦਾ ਸਵਾਲ ਬਣ ਗਿਆ। ਸਾਡੇ ਉਸ ਗਲੀ ਵਿਚ ਮਕਾਨ ਖਰੀਦਣ ਨਾਲ ਗਲੀ ਖੁਲਾਉਣ ਵਾਲੀ ਧਿਰ ਨੂੰ ਪੂਰਾ ਬਲ ਮਿਲਿਆ। ਪਾਪਾ ਜੀ ਮਾਲ ਵਿਭਾਗ ਵਿੱਚ ਹੋਣ ਕਰਕੇ ਸਾਡਾ ਪੱਖ ਮਜਬੂਤ ਹੋਣ ਦੇ ਪੂਰੇ ਮੌਕੇ ਸਨ। ਉਧਰ ਰੇਲਵੇ ਡਿੱਗੀਆਂ ਵਾਲੀ ਸੜਕ ਦਾ ਅਖੀਰਲਾ ਪਲਾਟ ਜੋ ਮੋਹਨ ਲਾਲ ਸੁਖੀਜਾ ਪੰਪ ਵਾਲੇ ਨੇ ਖਰੀਦਕੇ ਸੜਕ ਬੰਦ ਕਰ ਦਿੱਤੀ ਸੀ। ਸ੍ਰੀ ਗੁਰਦੇਵ ਸ਼ਾਂਤ ਸੜ੍ਹਕ ਖੁਲਾਉਣ ਲਈ ਮੋਹਨ ਲਾਲ ਨਾਲ ਅਦਾਲਤੀ ਕੇਸ ਲੜ੍ਹ ਰਹੇ ਸੀ।
ਸ਼ਾਂਤ ਸਾਹਿਬ ਇੱਕ ਪਾਸੇ ਤਾਂ ਤੁਸੀਂ ਮੋਹਨ ਲਾਲ ਵਰਗੇ ਧਨਾਢ ਨਾਲ ਸੜ੍ਹਕ ਖੋਲਣ ਲਈ ਸੰਘਰਸ਼ ਕਰ ਰਹੇ ਹੋ। ਜੋ ਬਹੁਤ ਪ੍ਰਸ਼ੰਸ਼ਾ ਵਾਲੀ ਗੱਲ ਹੈ ਪਰ ਦੂਜੇ ਪਾਸੇ ਤੁਸੀਂ ਗਲੀ ਬੰਦ ਕਰਨ ਲਈ ਸਬਜ਼ੀ ਵਾਲਿਆਂ ਦੀ ਮਦਦ ਕਰ ਰਹੇ ਹੋ। ਜੋ ਤੁਹਾਡੇ ਇਖਲਾਕ ਦੇ ਖਿਲਾਫ ਹੈ। ਬਾਕੀ ਤੁਹਾਡੀ ਮਰਜ਼ੀ। ਮੇਰੇ ਪਾਪਾ ਜੀ ਨੇ ਸ਼ਾਂਤ ਸਾਹਿਬ ਨੂੰ ਕਿਹਾ।
ਕਿਉਂਕਿ ਉਹਨਾਂ ਨਾਲ ਮੇਰੇ ਪਰਿਵਾਰਿਕ ਸਬੰਧ ਹਨ। ਮਦਦ ਕਰਨਾ ਮੇਰਾ ਫਰਜ਼ ਹੈ। ਜਿਥੋਂ ਤੱਕ ਅਸੂਲਾਂ ਦੀ ਗੱਲ ਹੈ। ਅੱਗੇ ਤੋਂ ਗੁਰਦੇਵ ਸ਼ਾਂਤ ਕੋਈ ਐਸਾ ਕੰਮ ਨਹੀਂ ਕਰੇਗਾ ਜਿਸ ਨਾਲ ਸਮਾਜ ਯ ਜਨਤਾ ਨੂੰ ਕੋਈ ਤਕਲੀਫ ਹੋਵੇ। ਸ਼ਾਂਤ ਸਾਹਿਬ ਨੇ ਕਿਹਾ। ਉਸ ਦਿਨ ਤੋਂ ਬਾਦ ਸ਼ਾਂਤ ਸਾਹਿਬ ਨੇ ਸਬਜ਼ੀ ਵਾਲਿਆਂ ਦੀ ਮਦਦ ਕਰਨੀ ਛੱਡ ਦਿੱਤੀ। ਹੋਲੀ ਹੋਲੀ ਉਹ ਪਰਿਵਾਰ ਵੀ ਸਮਝ ਗਿਆ ਕਿ ਗਲੀ ਵਾਲੀ ਜਗ੍ਹਾ ਖਰੀਦਕੇ ਮਕਾਨ ਬਣਾਉਣ ਤੇ ਲੋਕਾਂ ਦੀਆਂ ਆਹਾਂ ਲੈਣੀਆਂ ਚੰਗੀ ਗੱਲ ਨਹੀਂ। ਉਹਨਾਂ ਦੇ ਦੋਹਾਂ ਮੁੰਡਿਆਂ ਅਤੇ ਬਹੂਆਂ ਨੇ ਆਪਣੇ ਪਾਪਾ ਜੀ ਨੂੰ ਜਿਦ ਛੱਡ ਕੇ ਗਲੀ ਛੱਡਣ ਲਈ ਮਨਾ ਲਿਆ। ਗਲੀ ਵਾਲਿਆਂ ਨੇ ਹਿੱਸੇ ਮੂਜਬ ਪੈਸੇ ਇਕੱਠੇ ਕਰਕੇ ਉਹਨਾਂ ਦੀ ਲੱਗੀ ਕੀਮਤ ਅਦਾ ਕਰ ਦਿੱਤੀ। ਅਦਾਲਤ ਵਿੱਚ ਚਲਦਾ ਕੇਸ ਵਾਪਿਸ ਲੈ ਲਿਆ ਗਿਆ। ਹੁਣ ਗਲੀ ਆਰਪਾਰ ਖੁੱਲ ਗਈ ਸੀ। ਇਸ ਨਾਲ ਮਕਾਨਾਂ ਦੀਆਂ ਕੀਮਤਾਂ ਵੱਧ ਗਈਆਂ। ਇਸ ਤਰਾਂ ਨਾਲ ਸ੍ਰੀ ਗੁਰਦੇਵ ਸ਼ਾਂਤ, ਸ੍ਰੀ ਭੰਨਤਰ ਸਿੰਘ , ਸਬਜ਼ੀ ਵਾਲੇ ਅਤੇ ਮੇਰੇ ਪਾਪਾ ਜੀ ਦੀ ਆਪਸੀ ਸੂਝ ਬੂਝ ਨਾਲ ਗਲੀ ਦਾ ਮਸਲਾ ਹੱਲ ਹੋ ਗਿਆ। ਤੇ ਗਲੀ ਨਿਵਾਸੀਆਂ ਵਿੱਚ ਮੁੜ ਤੋਂ ਪ੍ਰੇਮ ਪਿਆਰ ਬਣ ਗਿਆ। ਪੈਟਰੋਲ ਪੰਪ ਵਾਲੇ ਕੇਸ ਵਿਚ ਸ੍ਰੀ ਮੋਹਨ ਲਾਲ ਕੇਸ ਜਿੱਤ ਗਿਆ ਤੇ ਸੜ੍ਹਕ ਬੰਦ ਹੋ ਗਈ। ਪਰ ਸਮੇ ਦਾ ਗੇੜ ਵੇਖੋ। ਕੁਦਰਤੀ ਕਿਸੇ ਕਨੂੰਨੀ ਅੜਚਨਾਂ ਕਰਕੇ ਮੋਹਨ ਲਾਲ ਦਾ ਪੰਪ ਬੰਦ ਹੋ ਗਿਆ। ਕਈ ਸਾਲ ਦੇ ਅਦਾਲਤੀ ਚਕਰਾਂ ਤੋਂ ਬਾਦ ਮੋਹਨ ਲਾਲ ਦੇ ਵਾਰਿਸਾਂ ਨੇ ਪੰਪ ਵਾਲੀ ਜਗ੍ਹਾ ਵੇਚ ਦਿੱਤੀ ਤੇ ਹੁਣ ਓਥੇ ਦੁਕਾਨਾਂ ਕੱਟ ਦਿਤੀਆਂ। ਦੁਕਾਨਾਂ ਕੱਟਣ ਲਈ ਮਾਲਿਕਾਂ ਨੂੰ ਓਥੇ ਹੀ ਸੜ੍ਹਕ ਬਣਾਉਣੀ ਪਈ। ਇਸ ਤਰਾਂ ਰੇਲਵੇ ਡਿੱਗੀਆਂ ਵਾਲੀ ਸੜਕ ਵੀ ਰਾਸ਼ਟਰੀ ਰਾਜ ਮਾਰਗ 9 ਨਾਲ ਜੁੜ ਹੀ ਗਈ। ਕੁਦਰਤ ਦੇ ਘਰ ਦੇਰ ਹੈ ਅੰਧੇਰ ਨਹੀਂ ਵਾਲੀ ਗੱਲ ਸੱਚ ਹੋ ਗਈ।
ਰਮੇਸ਼ ਸੇਠੀ ਬਾਦਲ
9876627233