ਸ਼ੈਲਾ ਸਿੰਘ ਨੂੰ ਯਾਦ ਕਰਦੇ ਹੋਏ | shela singh nu yaad karde hoye

ਕੇਰਾਂ ਅਸੀਂ ਸਕੂਲ ਵੱਲੋਂ ਰਾਜਸਥਾਨ ਲਈ ਬੱਚਿਆਂ ਦਾ ਟੂਰ ਲੈ ਕੇ ਗਏ। ਜੈਪੁਰ ਅਜਮੇਰ ਉਦੈਪੁਰ ਤੋਂ ਬਾਦ ਅਸੀਂ ਜੋਧਪੁਰ ਚਲੇ ਗਏ। ਰਾਜਸਥਾਨ ਵਿੱਚ ਵੇਖਣ ਲਈ ਕਿਲ੍ਹੇ ਹੀ ਹਨ। ਜਿਨ੍ਹਾਂ ਨੂੰ ਵੇਖਣ ਵਿੱਚ ਬੱਚਿਆਂ ਦੀ ਦਿਲਚਸਪੀ ਘੱਟ ਹੀ ਹੁੰਦੀ ਹੈ। ਜੋਧਪੁਰ ਦਾ ਕਿਲ੍ਹਾ ਵੀ ਵਾਹਵਾ ਵੱਡਾ ਸੀ। ਦੋ ਤਿੰਨ ਬੱਚੇ ਥੱਕ ਕੇ ਬੀਮਾਰ ਹੋ ਗਏ ਸਨ। ਸੋ ਉਹਨਾਂ ਦੀ ਦੇਖ ਰੇਖ ਲਈ ਹੋਸਟਲ ਦੀ ਇੱਕ ਬੀਬੀ ਅਤੇ ਇੱਕ ਸਕੂਲ ਦੇ ਮਾਲੀ ਛੈਲਾ ਸਿੰਘ ਨੂੰ ਬੱਸ ਕੋਲ ਛੱਡ ਦਿੱਤਾ। ਉਂਜ ਬੱਸ ਦੇ ਡਰਾਈਵਰ ਕੰਡਕਟਰ ਵੀ ਬੱਸ ਕੋਲ ਸਨ। ਰਾਜਸਥਾਨ ਦੇ ਕਈ ਕਿਲ੍ਹਿਆਂ ਮੂਹਰੇ ਰਾਜਸਥਾਨੀ ਵਿਰਸੇ ਨੂੰ ਦਰਸ਼ਾਉਂਣ ਲਈ ਰਾਜਸਥਾਨੀ ਪਹਿਰਾਵੇ ਵਾਲੇ ਦਰਬਾਨ ਖੜ੍ਹੇ ਹੁੰਦੇ ਹਨ। ਉਹਨਾ ਨੂੰ ਬਸ ਖੜਨ ਦੀ ਦਿਹਾੜੀ ਮਿਲਦੀ ਹੈ।
ਗਰੀਬ ਆਦਮੀ ਬੁੱਤ ਬਣਾਕੇ ਖੜਾਏ ਜਾਂਦੇ ਹਨ। ਉਹ ਅਕਸ਼ਰ ਨਸ਼ਾ ਕਰਦੇ ਹਨ। ਜਿਆਦਾਤਰ ਫ਼ੀਮ ਦੇ ਨਸ਼ੇ ਵਿੱਚ ਹੀ ਖੜ੍ਹੇ ਰਹਿੰਦੇ ਹਨ। ਬਾਹਾਰ ਖੜ੍ਹੇ ਛੈਲਾ ਸਿੰਘ ਅਤੇ ਬਸ ਦੇ ਡਰਾਈਵਰ ਕੰਡਕਟਰ ਨੇ ਉਸ ਨਾਲ ਦੋਸਤੀ ਕਰ ਲਈ। ਉਸਨੂੰ ਵਲਚਾ ਕੇ ਉਸ ਕੋਲੋਂ ਦਿਨੇ ਖਾਣ ਲਈ ਰੱਖੀ ਫ਼ੀਮ ਲੈ ਕੇ ਖਾ ਲਈ।
ਦੁਪਹਿਰ ਦੋ ਕ਼ੁ ਵਜੇ ਤੋਂ ਬਾਦ ਦਰਬਾਨ ਦਾ ਨਸ਼ਾ ਟੁੱਟ ਗਿਆ। ਉਸਦਾ ਕੋਟਾ ਵੰਡਿਆ ਗਿਆ ਸੀ। ਉਹ ਨਸ਼ੇ ਦੀ ਤਲਬ ਵਿਚ ਅਪਸੈਟ ਜਿਹਾ ਹੋ ਗਿਆ। ਉਸ ਲਈ ਇੱਕ ਮਿੰਟ ਵੀ ਓਥੇ ਖੜ੍ਹਨਾ ਮੁਸ਼ਕਿਲ ਹੋ ਗਿਆ। ਉਹ ਡਿਊਟੀ ਵੀ ਨਹੀਂ ਸੀ ਛੱਡ ਸਕਦਾ।
ਇਹਨੂੰ ਕੀ ਹੋ ਗਿਆ। ਬਾਹਾਰ ਆਕੇ ਅਸੀਂ ਸਾਡੇ ਡਿਊਟੀ ਵਾਲੇ ਸਟਾਫ ਨੂੰ ਪੁੱਛਿਆ।
ਹੋਣਾ ਕੀ ਹੈ ਇਹਨੂੰ। ਇਹਨੇ ਮਾਲ ਪੱਤਾ ਸਾਨੂੰ ਵੰਡ ਦਿੱਤਾ। ਤੇ ਹੁਣ ਸਰੀਰ ਟੁੱਟਦਾ ਹੈ ਇਸਦਾ। ਛੈਲਾ ਸਿੰਘ ਨੇ ਦੱਸਿਆ। ਜਦੋਂ ਸਾਡੇ ਸਾਰਾ ਮਾਜਰਾ ਸਮਝ ਆਇਆ ਤਾਂ ਅਸੀਂ ਖੂਬ ਹੱਸੇ। ਟੂਰ ਵਿਚਲੀਆਂ ਛੋਟੀਆਂ ਛੋਟੀਆਂ ਘਟਨਾਵਾਂ ਮਿਠੀਆਂ ਯਾਦਾਂ ਬਣ ਜਾਂਦੀਆਂ ਹਨ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *