ਗੱਲ ਵਾਹਵਾ ਪੁਰਾਣੀ ਹੈ। ਅਸੀਂ ਸੈਂਟਰਲ ਬੈੰਕ ਆਫ ਇੰਡੀਆ ਦੀ ਬਾਦਲ ਬ੍ਰਾਂਚ ਵਿੱਚ ਬੈਠੇ ਸੀ। ਨਜ਼ਦੀਕੀ ਪਿੰਡ ਦੇ ਕਿਸੇ ਨਾਮੀ ਸਰਦਾਰ ਦਾ ਚੈਕ ਆਇਆ। ਪਰ ਉਸ ਦੇ ਦਸਖਤ ਮਿਲ ਨਹੀਂ ਸੀ ਰਹੇ। ਨਵੇਂ ਆਏ ਮੈਨੇਜਰ ਨੇ ਉਸਨੂੰ ਦੁਬਾਰਾ ਦਸਖਤ ਕਰਨ ਲਈ ਕਿਹਾ। ਪਰ ਦਸਖਤ ਫਿਰ ਵੀ ਨਾ ਮਿਲੇ। ਸਰਦਾਰ ਵੀ ਥੋੜ੍ਹਾ ਹੈਰਾਨ ਜਿਹਾ ਹੋਇਆ। ਫਿਰ ਉਹ ਇੱਕ ਦਮ ਬੈੰਕ ਤੋਂ ਬਾਹਰ ਗਿਆ ਤੇ ਪੰਜ ਕੁ ਮਿੰਟ ਚ ਵਾਪਿਸ ਆ ਗਿਆ। ਉਸਨੇ ਚੈੱਕ ਤੇ ਫਿਰ ਤੋਂ ਦਸਖਤ ਕੀਤੇ ਤੇ ਦਸਖਤ ਮਿਲ ਗਏ। ਬੈੰਕ ਮੈਨੇਜਰ ਬਹੁਤ ਹੈਰਾਨ ਹੋਇਆ ਕਿ ਹੁਣ ਇੱਕ ਦਮ ਦਸਖਤ ਕਿਵੇਂ ਮਿਲ ਗਏ।
“ਦਰਅਸਲ ਅੱਜ ਮੈਂ ਸਵੇਰ ਦੀ ਦਾਰੂ ਨਹੀਂ ਸੀ ਪੀਤੀ। ਇਸ ਲਈ ਮੇਰੇ ਹੱਥ ਨਹੀਂ ਸੀ ਚੱਲ ਰਹੇ। ਤਾਹੀਓਂ ਦਸਖਤ ਨਹੀਂ ਸੀ ਮਿਲ ਰਹੇ। ਮੈਂ ਹੁਣ ਜੀਪ ਵਿੱਚ ਪਈ ਬੋਤਲ ਚੋ ਦੋ ਪੈਗ ਲਾਕੇ ਆਇਆ ਹਾਂ।” ਜਦੋਂ ਮੈਨੇਜਰ ਨੇ ਸੰਗਦੇ ਜਿਹੇ ਨੇ ਪੁੱਛਿਆ ਤਾਂ ਸਰਦਾਰ ਸਾਹਿਬ ਨੇ ਦਿਲ ਦੀ ਗੱਲ ਦੱਸੀ।
ਉੱਥੇ ਬੈਠੇ ਕੈਸ਼ੀਅਰ ਸ੍ਰੀ ਰਮੇਸ਼ਵਰ ਗੌਤਮ ਜੀ ਨੇ ਇੱਕ ਗੱਲ ਸੁਣਾਈ। ਕਿ ਇੱਕ ਵਾਰੀ ਇੱਕ ਬੱਸ ਦੇ ਕੰਡਕਟਰ ਦਸਖਤ ਵੀ ਨਹੀਂ ਸੀ ਮਿਲ ਰਹੇ। ਉਸ ਨੇ ਬਹੁਤ ਜੋਰ ਲਾਇਆ। ਫਿਰ ਉਹ ਕਹਿੰਦਾ ਦੋ ਜਣੇ ਚੈੱਕ ਨੂੰ ਹਿਲਾਓ ਫਿਰ ਮੈਂ ਦਸਖਤ ਕਰਾਂਗਾ। ਉਹ ਸਹੀ ਹੋਣਗੇ। ਕਿਉਂਕਿ ਮੈਨੂੰ ਤਾਂ ਚਲਦੀ ਬੱਸ ਵਿੱਚ ਲਿਖਣ ਤੇ ਦਸਖਤ ਕਰਨ ਦੀ ਆਦਤ ਹੈ। ਫਿਰ ਉਸੇ ਤਰ੍ਹਾਂ ਹੀ ਕੀਤਾ ਗਿਆ ਤੇ ਦਸਖਤ ਮਿਲ ਗਏ।
ਬੀਤੇ ਦਿਨੀਂ ਸੈਂਟਰਲ ਬੈੰਕ ਬਾਦਲ ਵਾਲੇ ਅਨਿਲ ਚੌਧਰੀ ਨੂੰ ਮਿਲਕੇ ਕਿੱਸਾ ਯਾਦ ਆ ਗਿਆ।
#ਰਮੇਸ਼ਸੇਠੀਬਾਦਲ