ਮੈਂ ਉਨ੍ਹਾਂ ਦੇ ਨਾਲ ਵਾਲੇ ਘਰ ਵਿੱਚ ਕੰਮ ਕਰਦੀ ਸੀ।ਉਸਦਾ ਕਣਕ ਵੰਨਾ ਰੰਗ ਉਮਰ 45ਕੁ ਸਾਲ। ਮੈਨੂੰ ਬੜੀ ਸੋਹਣੀ ਲੱਗਦੀ ਓਹ। ਓਹਦਾ ਮਿੱਠਾ ਸੁਭਾਅ ਹਰ ਇੱਕ ਨੂੰ ਜੀਅ ਕਹਿ ਕੇ ਬੁਲਾਉਣਾ।ਆਂਢ ਗੁਆਂਢ ਉਸਦੀਆਂ ਸਿਫ਼ਤਾਂ ਹੁੰਦੀਆਂ।ਉਸਦੀ ਤੇ ਉਸਦੇ ਬੱਚਿਆਂ ਦੀ ਤਾਰੀਫ਼ ਕਰਦੇ ਨਾ ਥੱਕਦੇ ਲੋਕ।ਓਹ ਬਾਹਰ ਘੱਟ ਈ ਨਿਕਲਦੀ।
ਮੈਂ ਉਸਨੂੰ ਸਵੇਰੇ ਦੁੱਧ ਲੈਂਦਿਆਂ ਦੇਖਦੀ ਗਲੀ ਗੁਆਂਢ ਦੀਆਂ ਔਰਤਾਂ ਉਸਨੂੰ ਭੱਜ ਭੱਜ ਬੁਲਾਉਂਦੀਆਂ ।ਸਕੂਲ ਜਾਂਦੇ ਬੱਚੇ ਵੀ ਆਂਟੀ ਸਤਿ ਸ਼੍ਰੀ ਆਕਾਲ ਆਂਟੀ ਸਤਿ ਸ਼੍ਰੀ ਆਕਾਲ ਨਾਲ ਗਲੀ ਗੂੰਜਦੀ ਰਹਿੰਦੀ ।ਜਿਨ੍ਹਾਂ ਚਿਰ ਓਹ ਬਾਹਰ ਹੁੰਦੀ।
ਮੈਂ ਕਈ ਵਾਰ ਉਸਦੇ ਘਰ ਚਲੀ ਜਾਂਦੀ। ਤਾਂ ਓਹ ਮੈਨੂੰ ਕਹਿੰਦੀ ਪਾਲੀ ਰਸੋਈ ਚ ਜਾ ਕੇ ਚਾਹ ਬਣਾ ਲੈ ਦੋਨੋਂ ਪੀਵਾਂਗੇ।
ਮੈਨੂੰ ਬੜੀ ਚੰਗੀ ਲੱਗਦੀ ਓਹ।ਪਰ ਮੈਂ ਕਈ ਵਾਰੀ ਮੇਰੀ ਮਾਲਕਣ ਨੂੰ ਕਹਿੰਦੇ ਸੁਣਿਆ ਸੀ ਕਿ ਵਿਚਾਰੀ ਨੇ ਬੜੇ ਕਸ਼ਟ ਝੱਲੇ ਐ ਜਿੰਦਗੀ ਭਰ। ਹੁਣ ਬੱਚੇ ਸਿਆਣੇ ਨਿਕਲੇ ਐ। ਇਹਦੀ ਤਰ੍ਹਾਂ ਮਿੱਠਾ ਬੋਲਦੇ ਐ ਵੱਡੇ ਛੋਟੇ ਦਾ ਆਦਰ ਕਰਦੇ ਐ।
ਮੈਂ ਵੇਖਦੀ ਕਈ ਵਾਰੀ ਉਹ ਬੜੀ ਖੁਸ਼ ਹੁੰਦੀ ਤੇ ਕਈ ਵਾਰੀ ਉਦਾਸ ਪਰ ਮੂੰਹੋਂ ਕੁੱਝ ਨਾ ਦੱਸਦੀ। ਮੈਂ ਕਈ ਵਾਰੀ ਪੁੱਛ ਲੈਂਦੀ ਦੀਦੀ ਬੱਚੇ ਹੋਸਟਲ ਚ ਨੇ ਤੇ ਤੁਸੀਂ ਦੋਵੇਂ ਰਹਿ ਜਾਂਦੇ ਓ।ਘਰ ਖਾਲੀ ਖਾਲੀ ਲੱਗਦਾ ਹੋਣੈ। ਉਹ ਉਦਾਸ ਹੋ ਕੇ ਕਹਿੰਦੀ , ਹਾਂ ਪਾਲੀ ਸੁੰਨਾ ਸੁੰਨਾ ਤਾਂ ਲੱਗਦੈ ਪਰ ਬੱਚਿਆਂ ਦੀ ਜ਼ਿੰਦਗੀ ਵੀ ਤਾਂ ਬਣਾਉਣੀ ਐ। ਗੋਡੇ ਲਾ ਕੇ ਤਾਂ ਬਿਠਾ ਨਹੀਂ ਸਕਦੇ।
ਅੱਜ ਸਵੇਰੇ ਜਦੋਂ ਮੈਂ ਕੰਮ ਤੇ ਆਈ ਤਾਂ ਉਹ ਗਲੀ ਚ ਦੁੱਧ ਵਾਲਾ ਪਤੀਲਾ ਲੈ ਕੇ ਖੜ੍ਹੀ ਸੀ ।ਗਲੀ ਦੇ ਬੱਚੇ ਅਤੇ ਔਰਤਾਂ ਉਸਨੂੰ ਬੁਲਾਉਣ ਲਈ ਇੱਕ ਤੋਂ ਇੱਕ ਕਾਹਲਾ ਸੀ।ਓਹ ਹੱਸ ਹੱਸ ਕੇ ਸਭ ਨੂੰ ਜਵਾਬ ਦੇ ਰਹੀ ਸੀ।ਪਰ ਮੈਨੂੰ ਉਸ ਦੀਆਂ ਅੱਖਾਂ ਵਿੱਚ ਡੂੰਘੀ ਉਦਾਸੀ ਲੱਗੀ।
ਮੈਂ ਮਾਲਕਾਂ ਦਾ ਕੰਮ ਕਰਕੇ ਉਸਦੇ ਘਰ ਚਲੀ ਗਈ।ਉਸਦਾ ਪਤੀ ਅਕਸਰ ਘਰ ਈ ਹੁੰਦਾ ਸੀ। ਮੈਂ ਪੁੱਛਿਆ ਦੀਦੀ ਚਾਹ ਬਣਾ ਦਿਆਂ। ਉਸਨੇ ਕਿਹਾ ਬਣਾ ਲੈ ਉਹ ਲੌਬੀ ਵਿੱਚ ਕੁਰਸੀ ਤੇ ਉਦਾਸ ਬੈਠੀ ਸੀ।ਬਾਈ ਜੀ ਅੱਜ ਦਿਸਦੇ ਨਹੀਂ ਮੈਂ ਪੁੱਛਿਆ। ਖੇਤ ਗਏ ਐ ਗੇੜਾ ਮਾਰਨ ਉਸਨੇ ਦੱਸਿਆ। ਮੈ ਚਾਹ ਬਣਾ ਕੇ ਲੈ ਆਈ
ਤੇ ਉਸਦੇ ਕੋਲ ਥੱਲੇ ਈ ਬੈਠ ਗਈ।ਪਾਲੀ ਕੁਰਸੀ ਤੇ ਬੈਠ ਏਦਾਂ ਚੰਗਾ ਨਹੀਂ ਲੱਗਦਾ ਓਹ ਬੋਲੀ।
ਮੈਂ ਤਾਂ ਅੱਜ ਤੁਹਾਡੇ ਕੋਲ ਈ ਬੈਠਣਾ ਐ ਮੈਂ ਕਿਹਾ। ਉਸਦੇ ਹੱਥ ਤੇ ਹੱਥ ਰੱਖਦਿਆਂ ਮੈਂ ਪੁਛਿਆ ਦੀਦੀ ਅੱਜ ਉਦਾਸ ਓ।ਬਾਈ ਜੀ ਨਾਲ ਕੋਈ ਬੋਲ ਬੁਲਾਰਾ ਹੋਇਆ ਜਾਂ ਬੱਚਿਆਂ ਬਿਨ੍ਹਾਂ ਜੀਅ ਨੀ ਲੱਗਦਾ।ਪਾਲੀ ਮੈਂ ਠੀਕ ਆਂ ਉਸ ਨੇ ਕਿਹਾ। ਦੀਦੀ ਮੰਨੋ ਭਾਵੇਂ ਨਾ ਮੰਨੋਂ ਤੁਸੀਂ ਅੱਜ ਉਦਾਸ ਓ।
ਕਿ ਬੇਟਾ ਬਾਹਰ ਚੱਲਿਐ ਤਾਂ ਉਦਾਸ ਓ।ਨਹੀਂ ਪਾਲੀ ਮੈ ਖੁਸ਼ ਆਂ ਉਹ ਬੋਲੀ! ਛੋਟਾ ਜਾਏਗਾ ਤਾਂ ਵੱਡੇ ਨੂੰ ਵੀ ਬੁਲਾ ਲਏਗਾ ਦੋਨੋਂ ਸੈੱਟ ਹੋ ਜਾਣਗੇ। ਏਨਾ ਆਖਦਿਆਂ ਛਲਕ ਆਏ ਹੰਝੂਆਂ ਨੂੰ ਮੂੰਹ ਪਾਸੇ ਕਰਕੇ ਪੂੰਝਣ ਲੱਗੀ।
ਉਸਦੇ ਛਲਕਦੇ ਹੰਝੂਆਂ ਨੂੰ ਦੇਖ ਕੇ ਮੇਰਾ ਵੀ ਕਲੇਜਾ ਬਾਹਰ ਨੂੰ ਆ ਗਿਆ। ਮੈਂ ਮਨ ਕਰੜਾ ਕਰ ਕੇ ਬੋਲੀ ਦੀਦੀ ਮੇਰੇ ਨਾਲ ਸਾਂਝਾ ਕਰ ਲਓਗੇ ਤਾਂ ਮਨ ਹਲਕਾ ਹੋ ਜਾਏਗਾ।ਪਾਲੀ ਗੱਲ ਤਾਂ ਕੋਈ ਨੀਂ ਉਦਾਸ ਹੋਣ ਵਾਲੀ।ਪਰ ਮੇਰਾ ਮਨ ਅੱਜ ਅਤੀਤ ਦੇ ਪੰਨਿਆਂ ਵਿੱਚ ਗੁਆਚਿਆ ਹੋਇਐ।
ਮੈਂ ਅਜੇ ਪੜ੍ਹਦੀ ਸੀ ਕਿ ਮੇਰੇ ਪਿਓ ਨੇ ਜ਼ਮੀਨ ਦੇ ਲਾਲਚ ਵਿੱਚ ਮੇਰਾ ਵਿਆਹ ਕਰ ਦਿੱਤਾ ਸੀ। ਏਥੇ ਵਿਆਹੀ ਆਈ ਬਥੇਰਾ ਕੁਛ ਲੈ ਕੇ ਆਈ ਸੀ। ਦਰਾਣੀਆਂ ਜਠਾਣੀਆਂ ਤੋਂ ਵੱਧ ਦਿੱਤਾ ਸੀ ਮੈਨੂੰ ਮੇਰੇ ਪਿਓ ਨੇ। ਛਾਪਾਂ ਛੱਲੇ ਤੇ ਹਰ ਜ਼ਰੂਰਤ ਦਾ ਸਮਾਨ।ਗਲੀ ਗੁਆਂਢ ਗੱਲਾਂ ਹੁੰਦੀਆਂ ਸੀ। ਬਥੇਰਾ ਦਿੱਤੈ ਕੁੜੀ ਆਲਿਆਂ ਨੇ।
ਬੋਲਦਿਆਂ ਉਸ ਦਾ ਗੱਚ ਭਰ ਆਇਆ। ਮੈਂ ਉਸਦੇ ਹੱਥ ਨੂੰ ਹੋਰ ਮਜ਼ਬੂਤੀ ਨਾਲ ਘੁੱਟਿਆ ।ਜਿਵੇਂ ਉਹਨੂੰ ਧਰਵਾਸ ਦੇ ਰਹੀ ਹੋਵਾਂ। ਫੇਰ ਓਹ ਬੋਲੀ ਪਰ ਪਾਲੀ ਘਰ ਵਿੱਚ ਤਾਂ ਮੈਨੂੰ ਹਰ ਕੋਈ ਕੌੜੀ ਨਜ਼ਰ ਨਾਲ ਦੇਖਦਾ ਸੀ।ਜਿਵੇਂ ਮੈਂ ਕੋਈ ਗੁਨਾਹ ਕਰਕੇ ਆਈ ਹੋਵਾਂ ਪਤਾ ਨੀ ਹੋਰ ਕੀ ਚਾਹੀਦਾ ਸੀ ਇਹਨਾਂ ਨੂੰ।ਆਨੀ ਬਹਾਨੀ ਤਾਨ੍ਹੇ ਮਿਹਨੇ ਗਾਲ਼ੀ ਗਲੋਚ ਛਿੱਤਰ ਪੌਲਾ ਬਥੇਰਾ ਕੁੱਝ ਹੁੰਦਾ ਸੀ।
ਬਾਰਾ ਜਮਾਤਾਂ ਕਰ ਲਈਆਂ ਸਨ।ਤ੍ਹੇਰਵੀਂ ਜਮਾਤ ਵਿੱਚ ਪੜ੍ਹਦੀ ਸੀ। ਮੇਰੇ ਪਿਓ ਨੇ ਅੱਧ ਵਿਚਾਲਿਉਂ ਹਟਾ ਕੇ ਵਿਆਹ ਦਿੱਤਾ। ਏਥੇ ਆ ਕੇ ਪਾਲੀ ਮੇਰੇ ਨਾਲ ਅਨਪੜ੍ਹਾਂ ਤੋਂ ਵੀ ਭੈੜਾ ਸਲੂਕ ਹੁੰਦਾ ਸੀ ਇਸ ਟੱਬਰ ਨੂੰ ਲੈਣ ਦੇਣ ਦਾ ਲਾਲਚ ਸੀ । ਜਿੰਨ੍ਹਾਂ ਮਰਜ਼ੀ ਲਿਆਂਦਾ ਪੇਕਿਆਂ ਤੋਂ ਇਹਨਾਂ ਦਾ ਢਿੱਡ ਨਾ ਭਰਿਆ।
ਨਣਾਨਾਂ ਵਿਆਹੀਆਂ ਗਈਆਂ।ਸੱਸ ਸਹੁਰਾ ਅਗਲੇ ਘਰ ਤੁਰਗੇ।ਪਾਲੀ ਕਈ ਵਾਰੀ ਅਤੀਤ ਮਨ ਤੇ ਭਾਰੀ ਪੈ ਜਾਂਦੈ। ਮੈਂ ਕਿਹਾ ਦੀਦੀ ਤੁਸੀਂ ਇੱਜ਼ਤ ਕਮਾਈ ਐ। ਤੁਹਾਡੀ ਮਿੱਠੀ ਬੋਲੀ ਨੂੰ ਸਲਾਮਾਂ ਹੁੰਦੀਐਂ ਬੱਚਿਆਂ ਦੀ ਕੀਤੀ ਪਰਵਰਿਸ਼ ਦੀ ਸਲਾਹਿਤਾ ਹੁੰਦੀ ਐ। ਦੂਜੇ ਪਾਸੇ ਬਾਈ ਜੀ ਦੀ ਅੜ੍ਹਬ ਬੋਲੀ ਕਰਕੇ ਉਨ੍ਹਾਂ ਨੂੰ ਕੋਈ ਬੁਲਾ ਕੇ ਨਹੀਂ ਰਾਜ਼ੀ। ਐਵੇਂ ਉਦਾਸ ਨਾ ਹੋਇਆ ਕਰੋ ਪਾਠ ਕਰਦੇ ਓ ਇਸੇ ਕਰਕੇ ਵਾਹਿਗੁਰੂ ਨੇ ਤੁਹਾਡਾ ਬਥੇਰਾ ਸਾਥ ਦਿੱਤੈ।
k.k.k.k.✍️✍️