ਸਲਮਾ ਆਖਰੀ ਭਾਗ | salma akhiri bhaag

ਸਲਮਾ ਨੇ ਆਪਣਾ ਬੈਗ ਚੁੱਕਿਆ ਤੇ ਜਾਣ ਲਈ ਤਿਆਰ ਹੋ ਗਈ। ਮੇਹਰ ਨੇ ਗਰੇਸ ਨੂੰ ਕਿਹਾ ਕਿ ਸਾਹਿਬ ਨੂੰ ਕਹੋ ਇਸ ਨੂੰ ਵੀਹ ਦਿਨਾਂ ਦੇ ਪੈਸੇ ਦੇ ਦੇਣ। ਹਸਨ ਨੇ ਸਲਮਾ ਨੂੰ ਪੂਰੇ ਮਹੀਨੇ ਦੀ ਤਨਖਾਹ ਦੇ ਦਿੱਤੀ।

” ਤੂੰ ਵਾਪਿਸ ਆਪਣੇ ਘਰ ਜਾਣਾ ਹੈ ਤਾ ਮੈੰ ਟਿਕਟ ਦਾ ਇੰਤਜ਼ਾਮ ਕਰ ਦਿੰਦਾ ਹਾਂ”

” ਨਹੀ ਸਾਹਬ ਜੀ ਮੈਂ ਵਾਪਿਸ ਘਰ ਨਹੀਂ ਜਾ ਸਕਦੀ ” ਸਲਮਾ ਨੇ ਪੈਸੇ ਫੜ੍ਹੇ ਤੇ ਘਰ ਤੋਂ ਬਾਹਰ ਜਾਣ ਲੱਗੀ।

” ਸਲਮਾ ਤੂੰ ਐਥੇ ਜਿੱਥੇ ਜਾਣਾ ਸੰਤੋਸ਼ ਤੈਨੂੰ ਛੱਡ ਆਵੇਗਾ” ਹਸਨ ਨੂੰ ਲੱਗ ਰਿਹਾ ਸੀ ਉਸ ਦੀ ਬੇਵਕੂਫ਼ੀ ਦੀ ਸਜ਼ਾ ਸਲਮਾ ਨੂੰ ਮਿਲ ਰਹੀ ਹੈ।

“ਨਹੀ ਨਹੀਂ ਸਾਹਿਬ ਜੀ ਮੈ ਚਲੀ ਜਾਵਾਂਗੀ” ਸਲਮਾ ਤੇਜ਼ ਤੇਜ਼ ਕਦਮਾਂ ਨਾਲ ਘਰ ਤੋਂ ਬਾਹਰ ਆ ਗਈ। ਉਸ ਕੋਲ ਪੰਮੀ ਦਾ ਪਤਾ ਸੀ। ਉਸ ਨੇ ਟੈਕਸੀ ਲਈ ਤੇਂ ਪੰਮੀ ਦੇ ਘਰ ਪਹੁੰਚ ਗਈ। ਇਹ ਬਹੁਤ ਹੀ ਭੀੜ ਭੜੱਕੇ ਵਾਲਾ ਏਰੀਆ ਸੀ। ਪੰਮੀ ਅਜੇ ਘਰ ਨਹੀ ਸੀ ਆਈ ਉਹ ਬਾਹਰ ਬੈਠਕੇ ਉਸ ਦਾ ਇੰਤਜ਼ਾਰ ਕਰਦੀ ਰਹੀ। ਸਲਮਾ ਆਪਣੀ ਮਾੜੀ ਕਿਸਮਤ ਤੇ ਰੋ ਰਹੀ ਸੀ। ਉਸ ਨੂੰ ਲੱਗ ਰਿਹਾ ਸੀ ਉਹ ਭਾਰਤ ਛੱਡ ਕੇ ਡੁਬਈ ਵੀ ਆ ਗਈ ਪਰ ਮਾੜੇ ਕਰਮਾਂ ਨੇ ਉਸਦਾ ਪਿੱਛਾ ਨਹੀ ਛੱਡਿਆ ਉਹ ਨਾਲ ਹੀ ਆ ਗਏ। ਆਪਣੀਆਂ ਸੋਚਾਂ ਚ, ਉਸ ਨੂੰ ਪਤਾ ਹੀ ਨਾ ਲੱਗਾ ਕਿ ਕਦੋਂ ਪੰਮੀ ਆ ਗਈ। ਪੰਮੀ ਨੇ ਗਰਮਜੋਸ਼ੀ ਨਾਲ ਉਸ ਦਾ ਸਵਾਗਤ ਕੀਤਾ। ਸਲਮਾ ਨੇ ਆਪਣੇ ਨਾਲ ਬੀਤੀ ਸਾਰੀ ਕਹਾਣੀ ਉਸ ਨੂੰ ਸੁਣਾਈ। ਉਸ ਨੇ ਪੰਮੀ ਨੂੰ ਕਿਹਾ ਕੇ ਉਹ ਵਾਪਿਸ ਨਹੀ ਜਾਏਗੀ ਇਸ ਲਈ ਮੈਨੂੰ ਵੀ ਆਪਣੇ ਵਾਲੇ ਪਾਰਲਰ ਚ, ਨੌਕਰੀ ਦਵਾਦੇ।

” ਸਲਮਾ ਪਾਰਲਰ ਚ ਨੌਕਰੀ ਕਰਨਾ ਸੌਖਾ ਨਹੀਂ ਉਸ ਲਈ ਪਹਿਲਾਂ ਸਿੱਖਣਾ ਪੈੰਦਾ ਤੇਰੇ ਲਈ ਮੇਡ ਦਾ ਕੰਮ ਸਭ ਤੋੰ ਵਧੀਆ ਹੈ ਉਹ ਆਪਾਂ ਤੇਰੇ ਲਈ ਲੱਭ ਲਵਾਂਗੇ ”

” ਨਹੀ ਪੰਮੀ ਮੈੰ ਮੇਡ ਦਾ ਕੰਮ ਨਹੀ ਕਰਨਾ ਹੁਣ”

” ਚੱਲ ਕੋਈ ਨਹੀ ਤੂੰ ਮੇਰੇ ਕੋਲ ਰਹਿ ਆਪਾਂ ਤੇਰੇ ਲਈ ਕੰਮ ਲੱਭ ਲਵਾਂਗੇ ” ਪੰਮੀ ਨੇ ਸਲਮਾ ਨੂੰ ਸਹਾਰਾ ਦਿੱਤਾ। ਸਲਮਾ ਨੇ ਕਈ ਕੰਮ ਕੀਤੇ ਪਰ ਹਰ ਕੰਮ ਚ ਕੋਈ ਨਾ ਕੋਈ ਮੁਸ਼ਕਲ ਆ ਜਾ ਜਾਂਦੀ। ਉੱਧਰੋਂ ਮਾਂ ਦਾ ਫੋਨ ਆ ਜਾਂਦਾ ਮਾਂ ਉਸ ਨੂੰ ਦੱਸਦੀ ਵੀ ਉਸ ਦੀ ਨੌਕਰੀ ਕਰਕੇ ਚਾਚੇ ਦੇ ਘਰ ਉਸ ਦੀ ਮਾਂ ਦੀ ਬਹੁਤ ਇੱਜ਼ਤ ਹੈ। ਚਾਚਾ ਚਾਚੀ ਉਸ ਦੀ ਬਹੁਤ ਸੇਵਾ ਕਰਦੇ ਨੇ। ਸਾਰਾ ਪਿੰਡ ਸਲਮਾ ਤੇ ਮਾਣ ਕਰ ਰਿਹਾ ਹੈ। ਸਲਮਾ ਵਰਗੀ ਧੀ ਰੱਬ ਸਭ ਨੂੰ ਦੇਵੇ ਜਿਸ ਨੇ ਪਰਿਵਾਰ ਨੂੰ ਸੰਭਾਲ ਲਿਆ। ਮਾਂ ਨੇ ਇਹ ਵੀ ਦੱਸਿਆ ਕੇ ਚਾਚੇ ਨੇ ਆਪਣੀਆਂ ਕੁੜੀਆਂ ਨੂੰ ਚੰਗੇ ਸਕੂਲ ਵਿੱਚ ਪੜ੍ਹਨ ਲਗਾ ਦਿੱਤਾ। ਸਲਮਾ ਨੂੰ ਪਤਾ ਸੀ ਇਹ ਸਭ ਇੱਜ਼ਤ ਉਸਦੀ ਪੈਸਿਆਂ ਕਰਕੇ ਹੈ । ਜਦੋਂ ਤੱਕ ਉਹ ਪੈਸੇ ਭੇਜਦੀ ਰਹੂ ਉਦੋਂ ਤੱਕ ਉਸ ਦੀ ਮਾਂ ਦੀ ਸੇਵਾ ਹੁੰਦੀ ਰਹੂ। ਪਰ ਸਲਮਾ ਲਈ ਹੁਣ ਇਹ ਮੁਸ਼ਕਲ ਹੋ ਗਿਆ ਸੀ। ਉਸ ਨੂੰ ਕੋਈ ਢੰਗ ਦਾ ਕੰਮ ਨਹੀ ਮਿਲ ਰਿਹਾ ਸੀ। ਉਪੱਰੋ ਹੁਣ ਉਹ ਪੰਮੀ ਨਾਲ ਰਹਿ ਰਹੀ ਸੀ ਰੋਟੀ ਦਾ ਖਰਚਾ ਵੀ ਦੇਣਾ ਸੀ ਤੇ ਮਕਾਨ ਦਾ ਕਿਰਾਇਆ ਵੀ ਪੰਮੀ ਨਾਲ ਸ਼ੇਅਰ ਕਰਨਾ ਸੀ। ਇਸ ਲਈ ਸਲਮਾ ਕਾਫ਼ੀ ਪਰੇਸ਼ਾਨ ਰਹਿਣ ਲੱਗੀ। ਉੱਧਰ ਮਹੀਨੇ ਤੋਂ ਪਹਿਲਾਂ ਹੀ ਮਾਂ ਦਾ ਪੈਸਿਆਂ ਲਈ ਫ਼ੋਨ ਆ ਜਾਂਦਾ। ਸਲਮਾ ਨੇ ਵਧੀਆ ਕੰਮ ਲੱਭਣ ਦੀ ਕੋਸ਼ਿਸ਼ ਜਾਰੀ ਰੱਖੀ। ਉਸ ਦੀ ਕੋਸ਼ਿਸ਼ ਰੰਗ ਲਿਆਈ ਤੇ ਉਸ ਨੂੰ ਕੰਮ ਮਿਲ ਗਿਆ।

ਇੱਕ ਪੇਂਟਰ ਸੀ ਜੌਨ ਜੋ ਇੰਗਲੈਂਡ ਤੋੰ ਸੀ ਪਰ ਉਸਦੀ ਘਰਵਾਲੀ ਸ਼ੀਲਾ ਦਿੱਲੀ ਤੋਂ ਸੀ। ਜੌਨ ਬਹੁਤ ਸੋਹਣੀਆਂ ਪੇਂਟਿੰਗਜ ਬਣਾਉਂਦਾ ਸੀ। ਉਨ੍ਹਾਂ ਪੇਟਿੰਗ ਦੀ ਸਾਂਭ ਸੰਭਾਲ ਲਈ ਉਨ੍ਹਾਂ ਨੇ ਸਲਮਾ ਨੂੰ ਰੱਖ ਲਿਆ। ਸਲਮਾ ਉਸ ਦੀਆਂ ਪੇਟਿੰਗ ਨੂੰ ਸਾਫ਼ ਕਰਦੀ ਨਾਲ਼ੇ ਸੰਭਾਲ ਕੇ ਰੱਖਦੀ ਕਿਉਕਿ ਵੀਕ ਐੰਡ ਤੇ ਉਹ ਪੇਟਿੰਗ ਦੀ ਪਰਦਰਸ਼ਨੀ ਲਾਉਂਦੇ ਤੇ ਲੋਕ ਜੌਨ ਦੀਆਂ ਪੇਟਿੰਗ ਖਰੀਦ ਕੇ ਲੈ ਜਾਂਦੇ। ਸ਼ੀਲਾ ਦਾ ਸੁਭਾਅ ਵੀ ਬਹੁਤ ਚੰਗਾ ਸੀ। ਸਲਮਾ ਨੂੰ ਇੱਕ ਵਾਰ ਫੇਰ ਵਧੀਆ ਨੌਕਰੀ ਮਿਲ ਗਈ ਸੀ। ਪਰ ਮਾੜੀ ਕਿਸਮਤ ਅਜੇ ਵੀ ਸਲਮਾ ਦਾ ਪਿੱਛਾ ਨਹੀ ਛੱਡ ਰਹੀ ਸੀ। ਸਲਮਾ ਦੀ ਸੁੰਦਰਤਾ ਵੇਖ ਕੇ ਸ਼ੀਲਾ ਨੇ ਜੌਨ ਨੂੰ ਸਲਮਾ ਦਾ ਪ੍ਰੋਟਰੇਟ ਬਣਾਉਣ ਨੂੰ ਕਿਹਾ। ਉਸ ਨੂੰ ਲੱਗਦਾ ਸੀ ਇਹ ਬਹੁਤ ਵਿਕੇਗਾ। ਜੌਨ ਨੂੰ ਗੱਲ ਪਸੰਦ ਆਈ। ਉਸ ਨੇ ਸਲਮਾ ਦੀ ਤਸਵੀਰ ਬਣਾਉਣੀ ਸ਼ੁਰੂ ਕਰ ਦਿੱਤੀ। ਹੁਣ ਸਲਮਾ ਰੋਜ਼ ਇੱਕੋ ਮੁਦਰਾ ਚ,  ਘੰਟਿਆਂ ਬੱਦੀ ਬੈਠੀ ਰਹਿੰਦੀ ਤੇ ਜੌਨ ਉਸ ਦੀ ਤਸਵੀਰ ਬਣਾਉਂਦਾ। ਉਹ ਬਹੁਤ ਵਾਰ ਥੱਕ ਵੀ ਜਾਂਦੀ ਪਰ ਥੋਹੜਾ ਅਰਾਮ ਕਰਕੇ ਉਹ ਫੇਰ ਉਸੇ ਮੁਦਰਾ ਚ, ਬੈਠ ਜਾਂਦੀ। ਉਸ ਦੀ ਤਸਵੀਰ ਲੱਗਭਗ ਪੂਰੀ ਹੋ ਗਈ ਸੀ। ਜੌਨ ਉਸ ਨੂੰ ਅਖਰੀਲੀਆਂ ਛੋਂਹਾਂ ਦੇ ਰਿਹਾ ਸੀ। ਪਰ ਸਲਮਾ ਥੱਕ ਗਈ ਸੀ। ਉਸ ਦੇ ਮੂੰਹ ਦੀ ਪੁਜੀਸ਼ਨ ਠੀਕ ਨਹੀਂ ਸੀ ਆ ਰਹੀ। ਜੌਨ ਬਰੱਸ਼ ਛੱਡ ਕੇ ਉਸ ਕੋਲ, ਆਇਆ ਉਸ ਨੇ ਸਲਮਾ ਦਾ ਮੂੰਹ ਫੜ੍ਹਕੇ ਉਸ ਨੂੰ ਸਹੀ ਪੁਜ਼ੀਸ਼ਨ ਚ ,ਕੀਤਾ। ਪਹਿਲੀ ਵਾਰ ਜੌਨ ਸਲਮਾ ਦੇ ਐਨਾ ਕਰੀਬ ਆਇਆ ਸੀ। ਉਸ ਨੇ ਸਲਮਾ ਦੇ ਲਿਪਸ ਤੇ ਕਿਸ ਕਰ ਲਿਆ। ਪਰ ਸਲਮਾ ਨੂੰ ਇਹ ਬਹੁਤ ਬੁਰਾ ਲੱਗਿਆ ਉਹ ਆਪਣੀ ਸੀਟ ਤੋਂ ਉੱਠੀ ਤੇ ਉਸ ਦੇ ਘਰ ਤੋੰ ਬਾਹਰ ਆ ਗਈ। ਉਸ ਨੂੰ ਇਹ ਨੌਕਰੀ ਵੀ ਛੱਡਣੀ ਪਈ। ਉਹ ਜਦੋਂ ਘਰ ਆਈ ਕਾਫ਼ੀ ਪਰੇਸ਼ਾਨ ਸੀ। ਪੰਮੀ ਘਰ ਨਹੀ ਸੀ ਉਹ ਸਿੱਧੀ ਪੰਮੀ ਦੇ ਪਾਰਲਰ ਤੇ ਪਹੁੰਚ ਗਈ। ਪੰਮੀ ਤਿਆਰ ਹੋ ਰਹੀ ਸੀ। ਉਹ ਸਲਮਾ ਨੂੰ ਉੱਥੇ ਵੇਖ ਘਬਰਾ ਗਈ । ਪਰ ਪਾਰਲਰ ਦਾ ਮਾਲਕ ਸਲਮਾ ਨੂੰ ਵੇਖ ਕੇ ਖੁਸ਼ ਹੋ ਗਿਆ।

” ਸਲਮਾ ਤੂੰ ਐਥੇ ਕਿਵੇਂ ਆਈ ਕੰਮ ਤੇ ਨਹੀਂ ਗਈ”

” ਗਈ ਸੀ ਪਰ ਵਾਪਿਸ ਆ ਗਈ ਮੈੱ ਉਹ ਨੌਕਰੀ ਛੱਡ ਦਿੱਤੀ ਹੈ ਪੰਮੀ”

“ਸਲਮਾ ਤੇਰਾ ਇਰਾਦਾ ਕੀ ਐ ਤੂੰ ਕਿੱਥੇ ਕੰਮ ਕਰੇਂਗੀ ” ਪੰਮੀ ਨੇ ਕਿਹਾ। ਉਨ੍ਹਾਂ ਦੀ ਗੱਲਬਾਤ ਚੱਲ ਹੀ ਰਹੀ ਸੀ ਕੇ ਪੰਮੀ ਨੂੰ ਅੰਦਰੋ ਅਵਾਜ਼ ਆ ਗਈ ਕਿ ਕਸਟਮਰ ਤਿਆਰ ਹੈ। ਪੰਮੀ ਸਲਮਾ ਨੂੰ ਘਰ ਜਾਣ ਲਈ ਕਹਿਕੇ ਅੰਦਰ ਚਲੀ ਗਈ। ਪਰ ਸਲਮਾ ਘਰ ਨਹੀਂ ਗਈ ਉਸ ਨੂੰ ਨੌਕਰੀ ਦੀ ਸਖ਼ਤ ਲੋੜ ਸੀ ਉਸ ਨੇ ਪਾਰਲਰ ਦੇ ਮਾਲਕ ਨੂੰ ਨੌਕਰੀ ਬਾਰੇ ਪੁੱਛਿਆ।

” ਸਾਹਿਬ ਮੈਨੂੰ ਐਥੇ ਨੌਕਰੀ ਮਿਲ ਸਕਦੀ ਹੈ”?

” ਹਾਂ ਮਿਲ ਸਕਦੀ ਹੈ ਜੇ ਤੂੰ ਕੰਮ ਕਰਨਾ ਚਾਹੇ ਤਾਂ”

” ਸਾਹਿਬ ਪੈਸੇ ਕਿੰਨੇ ਮਿਲਣਗੇ ”

” ਇੱਕ ਕਸਟਮਰ ਤੋੰ ਪੰਜ ਸੌ ਦੀਨਾਰ ”

“ਪਰ ਸਾਹਿਬ ਮੈਨੂੰ ਪਾਰਲਰ ਬਾਰੇ ਕੁੱਝ ਨਹੀ ਪਤਾ ਪਹਿਲਾਂ ਮੈਨੂੰ ਸਿੱਖਣਾ ਪੈਂਣਾ”

” ਇਸ ਵਿੱਚ ਸਿੱਖਣ ਨੂੰ ਕੁੱਝ ਵੀ ਨਹੀ ਆ ਤੈਨੂੰ ਵਿਖਾਵਾਂ ਤੇਰੀ ਦੋਸਤ ਪੰਮੀ ਕਿਵੇਂ ਕਸਟਮਰ ਨੂੰ ਅਟੈਂਡ ਕਰ ਰਹੀ ਹੈ ਬਸ ਤੂੰ ਵੀ ਇਹੋ ਕਰਨਾ” ਪਾਰਲਰ ਦਾ ਮਾਲਕ ਸਲਮਾ ਨੂੰ ਅੰਦਰ ਲੈ ਗਿਆ। ਉਸ ਨੇ ਸ਼ੀਸ਼ੇ ਤੋਂ ਪੰਮੀ ਨੂੰ ਵਿਖਾਇਆ। ਅੰਦਰ ਦਾ ਦ੍ਰਿਸ਼ ਵੇਖਕੇ ਸਲਮਾ ਦੀ ਚੀਕ ਨਿਕਲ ਗਈ। ਪੰਮੀ ਨਿਰਵਸਤਰ ਹੋ ਕੇ ਇੱਕ ਆਦਮੀ ਨਾਲ ਬਿਸਤਰ ਸਾਂਝਾ ਕਰ ਰਹੀ ਸੀ। ਸਲਮਾ ਇੱਕ ਮਿਨੰਟ ਚ ਬਾਹਰ ਆ ਗਈ ਤੇ ਉਹ ਸਿੱਧੀ ਘਰ ਆ ਗਈ। ਇਹ ਨਾਂ ਦਾ ਹੀ ਪਾਰਲਰ ਸੀ,ਅਸਲ ਚ,ਇੱਥੇ ਜਿਸਮ ਫਰੋਸ਼ੀ ਦਾ ਕੰਮ ਚੱਲਦਾ ਸੀ। ਘਰ ਆ ਕੇ ਸਲਮਾ ਬਹੁਤ ਰੋਈ ਪਹਿਲਾਂ ਉਸ ਨੂੰ ਪੰਮੀ ਤੇ ਗੁੱਸਾ ਆਇਆ ਤੇ ਫ਼ੇਰ ਤਰਸ। ਜਦੋਂ ਪੰਮੀ ਘਰ ਵਾਪਿਸ ਆਈ ਤਾਂ ਉਹ ਸਲਮਾ ਦੇ ਗਲ਼ ਲੱਗ ਕੇ ਰੋਣ ਲੱਗੀ।

” ਪੰਮੀ ਤੂੰ ਇਹ ਸਭ ਕਿਉਂ ਕਰ ਰਹੀ ਹੈ ”

” ਸਲਮਾ ਮੇਰੀ ਇਹ ਮਜ਼ਬੂਰੀ ਸੀ । ਤੇਰੇ ਵਾਂਗ ਮੇਰੀ ਵੀ ਕੁੱਝ ਸਮੇਂ ਬਾਅਦ ਨੌਕਰੀ ਛੁੱਟ ਗਈ ਸੀ। ਨਵੀਂ ਨੌਕਰੀ ਲੱਭਣੀ ਔਖੀ ਹੋ ਗਈ ਮੈਂ ਵਾਪਿਸ ਦਿੱਲੀ ਜਾਣਾ ਚਾਹੁੰਦੀ ਸੀ। ਪਰ ਇਕਬਾਲ ਨੇ ਕਿਹਾ ਤੇਰੀ ਨੌਕਰੀ ਦੇ ਸਿਰ ਤੇ ਤਾਂ ਮੈਂ ਨਵਾਂ ਫਲੈਟ ਲੈ ਲਿਆ ਹੈ ਕਿਸ਼ਤਾਂ ਤੇ ਜਿਸ ਦੀ ਕਿਸ਼ਤ ਵੀਹ ਹਜ਼ਾਰ ਰੁਪਏ ਮਹੀਨਾ ਹੈ। ਬੱਚੇ ਨੂੰ ਵੀ ਵਧੀਆ ਸਕੂਲ ਚ ਪੜ੍ਹਨ ਲਗਾ ਦਿੱਤਾ ਉਸ ਦੀ ਫੀਸ ਵੀ ਹਜ਼ਾਰਾਂ ਰੁਪਏ ਹੈ। ਜੇ ਤੂੰ ਵਾਪਿਸ ਆ ਗਈ ਤਾਂ ਮੇਰੀ ਕਮਾਈ ਚ, ਇਹ ਨਹੀਂ ਹੋਣਾ। ਤੈਨੂੰ ਉੱਥੇ ਹੀ ਨੌਕਰੀ ਕਰਨੀ ਪੈਣੀ ਆ। ਮੈਂ ਬਥੇਰਾ ਸਮਝਾਇਆ ਪਰ ਉਹ ਨਹੀਂ ਮੰਨਿਆਂ ,,ਦੱਸ ਮੈੰ ਕੀ ਕਰਦੀ ” ਆਪਣੀ ਗੱਲ ਕਰਕੇ ਪੰਮੀ ਨੇ ਰੋਣਾ ਸ਼ੁਰੂ ਕਰ ਦਿੱਤਾ।ਸਲਮਾ ਨੇ ਉਸ ਨੂੰ ਜੱਫ਼ੀ ਪਾ ਲਈ।

“ਤੈਨੂੰ ਇਹ ਅਜੀਬ ਨਹੀਂ ਲੱਗਦਾ ,,,,
ਨਾ ਜਾਣ ,ਨਾ ਪਹਿਚਾਣ ਹਰ ਵਾਰ ਨਵੇਂ ਮਰਦ ਨਾਲ ”

” ਪਹਿਲਾਂ ਪਹਿਲਾਂ ਬਹੁਤ ਅਜੀਬ ਲੱਗਦਾ ਸੀ, ਆਪਣੇ ਆਪ ਤੇ ਘ੍ਰਿਣਾ ਵੀ ਆਉਂਦੀ ਸੀ। ਪਰ ਹੌਲੀ ਹੌਲੀ ਆਦਤ ਪੈ ਗਈ ਹੁਣ ਤਾਂ ਮੇਰੇ ਲਈ ਇਹ ਇੱਕ ਨੌਕਰੀ ਵਾਂਗ ਹੈ ਵੀ ਡਿਉਟੀ ਦਿੱਤੀ ਤੇ ਘਰ”

” ਪਰ ਇਹ ਬਹੁਤ ਮੁਸ਼ਕਲ ਹੈ ਪੰਮੀ ”

”  ਹਾਂ ਮੁਸ਼ਕਲ ਹੈ ਵੀ ਤੇ ਨਹੀਂ ਵੀ। ਕਿਉਂਕਿ ਹੋਰ ਕੰਮ ਚ, ਐਨੇ ਪੈਸੇ ਨਹੀਂ ਮਿਲਦੇ । ਜਿੰਨੇ ਪੈਸੇ ਤੈਨੂੰ ਪੂਰਾ ਮਹੀਨਾ ਕੰਮ ਕਰਕੇ ਮਿਲਦੇ ਹਨ ਇੱਥੇ ਦੋ ਦਿਨਾਂ ਚ ਮਿਲ ਜਾਂਦੇ ਹਨ। ਲੜਕੀਆਂ ਲਈ ਪੈਸੇਂ ਕਮਾਉਣ ਦਾ ਸਭ ਤੋਂ ਵਧੀਆ ਤਰੀਕਾ ਇਹੋ ਹੈ। ਮੈਂ ਤੈਨੂੰ ਦੱਸਣਾ ਨਹੀਂ ਸੀ ਚਾਹੁੰਦੀ ਆਪਣੇ ਬਾਰੇ ਤਾਂ ਹੀ ਮੈਂ ਵਾਰ ਵਾਰ ਤੈਨੂੰ ਕਹਿ ਰਹੀ ਸੀ ਕਿ ਪਾਰਲਰ ਚ, ਤੂੰ ਨੌਕਰੀ ਨਹੀਂ ਕਰ ਸਕਦੀ। ਪਰ ਤੂੰ ਉਸ ਅੰਗਰੇਜ਼ ਦੀ ਨੌਕਰੀ ਕਿਉਂ ਛੱਡ ਦਿੱਤੀ ???”

ਸਲਮਾ ਨੇ ਉਸ ਨੂੰ ਸਾਰੀ ਗੱਲ ਦੱਸੀ। ਉਹ ਗੱਲਾਂ ਹੀ ਕਰ ਰਹੀਆਂ ਸਨ ਕਿ ਸਲਮਾ ਦੀ ਮਾਂ ਦਾ ਫੋਨ ਆ ਗਿਆ।

” ਸਲਮਾ ਬੇਟਾ ਠੀਕ ਹੈ ਤੂੰ। ਤੇਰੀ ਨੌਕਰੀ ਠੀਕ ਚੱਲ ਰਹੀ ਹੈ ਨਾ। ਪੁੱਤਰ ਇਸ ਵਾਰ ਪੈਸੇਂ ਨਹੀ ਭੇਜੇ ਤੂੰ। ਤੇਰਾ ਚਾਚਾ ਪੁੱਛ ਰਿਹਾ ਸੀ”

” ਮਾਂ ਮੇਰੀ ਉਹ ਨੌਕਰੀ ਵੀ ਛੁੱਟ ਗਈ। ਮੈਨੂੰ ਨਹੀਂ ਲੱਗਦਾ ਕੇ ਮੈਨੂੰ ਕੋਈ ਚੰਗੀ ਨੌਕਰੀ ਮਿਲੂ।  ਮਾਂ ਮੈਂ ਐਥੇ ਨਹੀਂ ਰਹਿਣਾ ਚਾਹੁੰਦੀ ਮੈਂ ਵਾਪਿਸ ਆਉਣਾ ਚਾਹੁੰਦੀ ਹਾਂ ਮਾਂ”,,,, ਸਲਮਾ ਨੇ ਤਰਲਾ ਕੀਤਾ।

” ਨਾ ਨਾ ਪੁੱਤ ਇਹ ਗਲਤੀ ਨਾਂ ਕਰੀਂ।ਨੌਕਰੀਆਂ ਸਾਰੀਆਂ ਹੀ ਚੰਗੀਆਂ ਹੁੰਦੀਆਂ ਨੇ ਪੁੱਤਰ ਤੂੰ ਕੋਈ ਵੀ ਨੌਕਰੀ ਕਰ ਪਰ ਕਰ ਜ਼ਰੂਰ।  ਤੇਰੀ ਨੌਕਰੀ ਕਰਕੇ ਤਾਂ ਤੇਰੀ ਮਾਂ ਦੀ ਸੇਵਾ ਹੋ ਰਹੀ ਹੈ। ਸਾਰੇ ਪਿੰਡ ਵਿੱਚ ਬੱਲੇ ਬੱਲੇ ਹੋ ਰਹੀ ਹੈ। ਕੱਚੇ ਮਕਾਨ ਤੋਂ ਪੱਕਾ ਮਕਾਨ ਬਣ ਗਿਆ ਜੋ ਤੇਰੇ ਪਿਤਾ ਤੇ ਚਾਚੇ ਤੋਂ ਅੱਜ ਤੱਕ ਨਹੀਂ ਸੀ ਬਣਿਆ। ਪੁੱਤਰ ਤੂੰ ਧੀ ਨਹੀ ਤੂੰ ਤੇ ਸਾਡਾ ਪੁੱਤ ਹੈ ਜਿਸ ਨੇ ਸਾਨੂੰ ਨਰਕ ਚੋ  ਬਾਹਰ ਕੱਢਿਆ। ਪੁੱਤਰ ਵਾਪਿਸ ਆ ਜਾਵੇਗੀ ਤਾਂ ਆਪਣੀ ਜਿੰਦਗੀ ਫੇਰ ਉਹੀ ਨਰਕ ਬਣ ਜਾਣੀ ਆ ਪੁੱਤਰ” ਮਾਂ ਨੇ ਵੀ ਸਾਰੀ ਗੱਲ ਸਲਮਾ ਨੂੰ ਸਮਝਾ ਦਿੱਤੀ। ਸਲਮਾ ਲਈ ਮੁਸ਼ਕਲ ਦੀ ਘੜੀ ਸੀ। ਪੈਸਾ ਵੀ ਉਸ ਕੋਲ ਕੋਈ ਨਹੀ ਸੀ ਕਿਉਕਿ ਉਹ ਸਾਰੇ ਪੈਸੇ ਤਾਂ ਭੇਜ ਦਿੰਦੀ ਸੀ। ਸਲਮਾ ਨੇ ਕਈ ਜਗ੍ਹਾ ਚੰਗੀ ਨੌਕਰੀ ਦੀ ਤਲਾਸ਼ ਕੀਤੀ ਪਰ ਉਸ ਨੂੰ ਸਫ਼ਲਤਾ ਨਾ ਮਿਲੀ। ਹਫ਼ਤਾ ਲੰਘ ਗਿਆ । ਉਸ ਨੇ ਪੰਮੀ ਨੂੰ ਵੀ ਕੋਈ ਪੈਸਾ ਨਾ ਦਿੱਤਾ ਮੁਫ਼ਤ ਦੀ ਰੋਟੀ ਹੀ ਖਾਂਦੀ ਰਹੀ। ਹਫ਼ਤੇ ਬਾਅਦ ਫਿਰ ਮਾਂ ਦਾ ਪੈਸਿਆਂ ਲਈ ਫੋਨ ਆਇਆ ਇਸ ਵਾਰ ਚਾਚੇ ਨੇ ਵੀ ਗੱਲ ਕੀਤੀ ਬਸ ਪੈਸੇ ਜਲਦੀ ਭੇਜ ਦੇ ਇਹੋ ਮੰਗ ਰੱਖੀ। ਪਰ ਸਲਮਾ ਪੈਸੇ ਕਿੱਥੋਂ ਭੇਜੇ। ਉਸ ਨੇ ਬਥੇਰਾ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਕੋਈ ਨਹੀ ਸਮਝਿਆ। ਦੋਂ ਦਿਨ ਬਾਅਦ ਫ਼ੇਰ ਮਾਂ ਦਾ ਫੋਨ ਆਇਆ। ਉਹ ਰੋ ਰਹੀ ਸੀ।ਉਸ ਕੋਲ ਦਵਾਈ ਲਈ ਵੀ ਪੈਸੇ ਨਹੀ ਸਨ।ਉਸ ਨੇ ਸਲਮਾ ਨੂੰ ਤਾੜਣਾ ਕੀਤੀ ਜੇ ਕੱਲ ਤੱਕ ਪੈਸੇ ਨਾ ਭੇਜੇ ਤਾਂ ਤੇਰੀ ਮਾਂ ਨੇ ਮਰ ਜਾਣਾ ਬਿਨਾਂ ਦਵਾਈ ਤੋਂ। ਫ਼ੋਨ ਰੱਖ ਕੇ ਸਲਮਾ ਨੇ ਕੁੱਝ ਸੋਚਿਆ ਤੇ ਫੇਰ ਟੈਕਸੀ ਲਈ ਤੇ ਪੰਮੀ ਵਾਲੇ ਪਾਰਲਰ ਪਹੁੰਚ ਗਈ। ਮਾਲਕ ਨੇ ਉਸ ਦਾ ਸਵਾਗਤ ਕੀਤਾ।

” ਅੱਜ ਤੋਂ ਬਾਅਦ ਮੈਂ ਵੀ ਤੁਹਾਡੇ ਪਾਰਲਰ ਤੇ ਕੰਮ ਕਰਾਂਗੀ,ਪਰ ਮੈਨੂੰ ਕੁੱਝ ਪੈਸੇ ਐਡਵਾਂਸ ਚਾਹੀਦੇ ਹਨ ਹੁਣੇ ਹੀ ਮੈਂ ਘਰ ਭੇਜਣੇ ਹਨ ”

ਮਾਲਕ ਨੇ ਉਸ ਨੂੰ ਪੈਸੇ ਦੇ ਦਿੱਤੇ। ਸ਼ਰਤ ਰੱਖੀ ਕੇ ਉਹ ਕੰਮ ਹੁਣੇ ਤੋਂ ਹੀ ਸ਼ੁਰੂ ਕਰੇਗੀ। ਸਲਮਾ ਨੇ ਹਾਂ ਕਰ ਦਿੱਤੀ ਪੈਸੇ ਲੈ ਕੇ ਉਹ ਮਾਰਕੀਟ ਗਈ ਤੇ ਉਹ ਪੈਸੇ ਉਸ ਨੇ ਘਰ ਭੇਜ ਦਿੱਤੇ ਤੇ ਨਾਲ ਮੈਸਜ਼ ਭੇਜ ਦਿੱਤਾ ਵੀ ਹੁਣ ਤੋਂ ਪੈਸੇ ਲੇਟ ਨਹੀਂ ਹੋਣਗੇ ਉਸ ਨੂੰ ਪੱਕੀ ਨੌਕਰੀ ਮਿਲ ਗਈ।ਉਹ ਆਪਣੇ ਵਾਅਦੇ ਮੁਤਾਬਕ ਮਾਰਕੀਟ ਚੋ ਸਿੱਧੀ ਪਾਰਲਰ ਆ ਗਈ।

ਸਮਾਪਤ

One comment

Leave a Reply

Your email address will not be published. Required fields are marked *