ਛੋਟੀਆਂ ਮੰਡੀਆਂ ਵਿੱਚ ਤਕਰੀਬਨ ਹਰ ਆਦਮੀ ਸ਼ਬਜ਼ੀ ਮੰਡੀ ਜਾ ਕੇ ਭਾਅ ਦੀ ਸੌਦੇ ਬਾਜ਼ੀ ਕਰਦਾ ਹੈ। ਇੱਕ ਦਿਨ ਅਸੀਂ ਬਜ਼ਾਰੋਂ ਪਪੀਤਾ ਲੈਣ ਗਏ। ਵੀਹ ਰੁਪਏ ਕਿਲੋ ਦਾ ਰੇਟ ਮੰਗ ਕੇ ਓਹ ਪੰਦਰਾਂ ਚ ਦੇਣ ਨੂੰ ਰਾਜ਼ੀ ਹੋ ਗਿਆ। ਵਧੀਆ ਜਿਹਾ ਪਪੀਤਾ ਪਸੰਦ ਕਰਕੇ ਤੁਲਵਾਇਆ। ਦੋ ਕਿਲੋ ਤੋਂ ਵੱਧ ਹੀ ਸੀ ਰੇਹੜੀ ਵਾਲੇ ਨੇ ਤੇਤੀ ਰੁਪਏ ਬਣਾਏ। ਪਰ ਆਦਤਨ ਮੈਂ ਉਸ ਨੂੰ ਤੀਹ ਦੇ ਕੇ ਅੱਗੇ ਵੱਧ ਗਿਆ। ਬਿਚਾਰਾ ਤਿੰਨ ਰੁਪਿਆ ਲਈ ਬੋਲਦਾ ਰਿਹਾ ਪਰ ਅਸੀਂ ਇੱਕ ਨਾ ਸੁਣੀ ।
ਪਪੀਤਾ ਪਲਾਸਟਿਕ ਦੇ ਲਿਫਾਫੇ ਚ ਪਾਕੇ ਬਾਇਕ ਦੀ ਸਾਈਡ ਵਾਲੀ ਬੈਗ ਵਿਚ ਰੱਖ ਦਿੱਤਾ। ਰਸਤੇ ਵਿੱਚ ਅਸੀਂ ਇੱਕ ਸੁਨਿਆਰ ਦੀ ਦੁਕਾਨ ਤੇ ਰੁਕੇ।
ਅਸੀਂ ਅੰਦਰ ਬੈਠਿਆਂ ਨੇ ਦੇਖਿਆ ਕਿ ਇੱਕ ਸਾਂਡ ਆਇਆ ਉਸਨੇ ਮੂੰਹ ਨਾਲ ਬੈਗ ਵਿਚੋਂ ਲਿਫ਼ਾਫ਼ਾ ਕੱਢਿਆ ਤੇ ਸੜਕ ਤੇ ਪਟਕ ਦਿੱਤਾ। ਪਪੀਤਾ ਟੁੱਟ ਗਿਆ ਤੇ ਸਾਂਡ ਸਾਡੇ ਦੇਖਦੇ ਦੇਖਦੇ ਪੂਰਾ ਪਪੀਤਾ ਖਾ ਗਿਆ। ਗਰੀਬ ਰੇਹੜੀ ਵਾਲੇ ਦੇ ਤਿੰਨ ਰੁਪਏ ਸਾਡੇ ਤੀਹ ਰੁਪਈਆਂ ਨੂੰ ਲੈ ਡੁੱਬੇ।
ਗਰੀਬ ਦੀ ਆਹ ਬਹੁਤ ਬੁਰੀ ਹੁੰਦੀ ਹੈ। ਅਹਿਸਾਸ ਤਾਂ ਹੋਇਆ ਪਰ ਮਨ ਫਿਰ ਵੀ ਨਹੀਂ ਸਮਝਦਾ।
#ਰਮੇਸ਼ਸੇਠੀਬਾਦਲ
ਸਾਬਕਾਸੁਪਰਡੈਂਟ