ਮੈਂ ਏਅਰਪੋਰਟ ਸਵਾਰੀ ਚੁੱਕਣ ਕਤਾਰ ਵਿਚ ਲੱਗਾਂ ਹੋਇਆ ਸਾਂ..ਉਹ ਮਾਤਾ ਜੀ ਕਦੇ ਏਅਰ-ਪੋਰਟ ਦੇ ਬਾਰ ਵਿਚੋਂ ਬਾਹਰ ਆਉਂਦੇ..ਏਧਰ ਓਧਰ ਵੇਖਦੇ ਫੇਰ ਅੰਦਰ ਚਲੇ ਜਾਂਦੇ..!
ਮੈਨੂੰ ਜਿਗਿਆਸਾਂ ਜਿਹੀ ਹੋਈ..ਏਨੇ ਨੂੰ ਮੇਰੀ ਸਵਾਰੀ ਆ ਗਈ..ਵੀਹਾਂ ਕੂ ਮਿੰਟਾਂ ਦਾ ਟਰਿੱਪ ਸੀ..ਛੇਤੀ ਵਾਪਿਸ ਪਰਤ ਆਇਆ..ਉਹ ਅਜੇ ਵੀ ਬਾਹਰ ਆਪਣੇ ਅਟੈਚੀ ਕੋਲ ਖਲੋਤੇ ਸਨ..ਖੂੰਡੀ ਤੇ ਦੋਵੇਂ ਹੱਥ ਰੱਖ..ਕਦੀ ਏਧਰ ਵੇਖਣ ਤੇ ਕਦੇ ਓਧਰ!
ਮੈਂ ਕੋਲ ਗਿਆ..ਫਤਹਿ ਬੁਲਾਈ..!
ਆਖਣ ਲੱਗੇ ਤੈਨੂੰ ਸ਼ਿੰਦ ਨੇ ਘੱਲਿਆ ਨਾ?
ਦੋਚਿਤੀ ਵਿਚ ਪੈ ਗਿਆ..ਹਾਂ ਆਖਾਂ ਜਾਂ ਨਾਂਹ..ਅਖੀਰ ਮੂਹੋਂ ਹਾਂ ਨਿਕਲ ਹੀ ਗਈ..ਹਾਂਜੀ ਮੈਨੂੰ ਓਸੇ ਨੇ ਹੀ ਘੱਲਿਆ..ਉਹ ਆਪ ਬੱਸ ਤੁਰਿਆ ਹੀ ਆਉਂਦਾ..!
ਅਸੀਂ ਦੋਵੇਂ ਘੰਟਾ ਭਰ ਓਥੇ ਬੈਠੇ ਰਹੇ..ਚਾਹ ਤੇ ਡੋਨੇਟ ਖੁਵਾਇਆ..!
ਪਰ ਕੋਈ ਨਾ ਆਇਆ..ਜਿਹੜਾ ਨੰਬਰ ਦਿਤਾ ਉਹ ਵੀ ਕੋਈ ਚੁੱਕੇ ਨਾ..ਅਖੀਰ ਮੈਂ ਘਰੇ ਲੈ ਆਇਆ..ਪਰ ਉਹ ਅਜੇ ਵੀ ਚੁੱਪ ਅਤੇ ਫ਼ਿਕਰਮੰਦ..ਘੜੀ ਮੁੜੀ ਸ਼ਿੰਦ ਵੱਲੋਂ ਹੀ ਪੁੱਛੀ ਜਾਵਣ..!
ਅਖੀਰ ਫੋਨ ਆ ਹੀ ਗਿਆ..ਅਖ਼ੇ ਮੈਂ ਬੱਸ ਤੁਰਿਆ ਹੀ ਆਉਂਦਾ..ਤਿੰਨ ਚਾਰ ਘੰਟਿਆਂ ਵਿਚ ਅੱਪੜ ਜਾਣਾ..!
ਮੈਂ ਪੁੱਛਿਆ ਮਾਤਾ ਜੀ ਨੂੰ ਸਿੱਧਾ ਐਡਮਿੰਟਨ ਕਿਓਂ ਨਹੀਂ ਸੱਦਿਆ?
ਗੱਚ ਭਰ ਆਇਆ..ਆਖਣ ਲੱਗਾ ਭਾਜੀ ਆ ਕੇ ਦੱਸਾਂਗਾ ਸਾਰੀ ਗੱਲ..ਓਨੀ ਦੇਰ ਆਪਣੇ ਕੋਲ ਹੀ ਰੱਖੀ ਰਖਿਓ..ਜੋ ਵੀ ਖਰਚਾ ਹੋਊ ਮੈਂ ਪੇ ਕਰ ਦਿਆਂਗਾ!
ਅੱਗੋਂ ਆਖਿਆ ਭਾਊ ਮਝੈਲ ਮਾਵਾਂ ਨੂੰ ਕੋਲ ਰੱਖਣ ਦੇ ਪੈਸੇ ਨਹੀਂ ਵਸੂਲਿਆ ਕਰਦੇ..!
ਉਸਤੋਂ ਅੱਗਿਓਂ ਕੋਈ ਗੱਲ ਨਾ ਹੋਈ!
ਕੋਲ ਹੀ ਨੁੱਕਰ ਵਿੱਚ ਥੱਕ ਟੁੱਟ ਕੇ ਸੁੱਤੇ ਪਏ ਮਾਤਾ ਜੀ ਦੇ ਚੇਹਰੇ ਤੇ ਅਜੇ ਵੀ ਫਿਕਰ ਮੰਦੀ ਵਾਲੇ ਡੂੰਘੇ ਭਾਵ ਸਨ..!
ਜਦੋਂ ਇੱਕ ਪਾਸੇ ਸੂਰਜ ਅਸਤ ਹੁੰਦਾ ਜਾ ਰਿਹਾ ਹੋਵੇ ਤੇ ਦੂਜੇ ਪਾਸੇ ਜਿਥੇ ਰਾਤ ਕੱਟਣੀ ਹੋਵੇ ਓਥੇ ਵੀ ਬਾਹਰ ਕੁੰਡਾ ਲੱਗਾ ਦਿਸ ਪਵੇ..ਫਿਕਰ ਪੈ ਜਾਣਾ ਤੇ ਸੁਭਾਵਿਕ ਹੀ ਹੁੰਦਾ!
ਹਰਪ੍ਰੀਤ ਸਿੰਘ ਜਵੰਦਾ