ਨਾਗਾਲੈਂਡ ਬਰਮਾ ਸਰਹੱਦ..ਇੱਕ ਲੜਾਕੂ ਕਬੀਲਾ..ਗਲਾਂ ਵਿਚ ਗੇਂਦਾ ਵਰਗੀਆਂ ਚੀਜਾਂ ਲਮਕਦੀਆਂ..ਪਤਾ ਲੱਗਾ ਇਹ ਵਿਰੋਧੀ ਕਬੀਲਿਆਂ ਦੇ ਲੋਕਾਂ ਦੀਆਂ ਸੰਕੇਤਕ ਖੋਪੜੀਆਂ ਜਿਹਨਾਂ ਸਾਡੀ ਧਰਤੀ ਤੇ ਕਬਜਾ ਕਰਨ ਦੀ ਕੋਸ਼ਿਸ਼ ਕੀਤੀ..!
ਅਸੂਲ ਦੇ ਬੜੇ ਪੱਕੇ..ਸਾਮਣੇ ਵੀਹ ਦੁਸ਼ਮਣ ਅਤੇ ਇੱਕ ਗੱਦਾਰ ਖਲੋਤਾ ਹੋਵੇ ਤਾਂ ਪਹਿਲੋਂ ਗੱਦਾਰ ਨਾਲ ਸਿੱਝਣਾ..ਵੀਹਾਂ ਨੂੰ ਤੇ ਫੇਰ ਵੀ ਕਦੇ ਟੱਕਰਿਆ ਜਾ ਸਕਦਾ ਪਰ ਜੇ ਗੱਦਾਰ ਬਚ ਗਿਆ ਤਾਂ ਸਾਡੇ ਚਾਲੀ ਲੈ ਡੁੱਬੇਗਾ..!
ਕਬੀਲੇ ਦੀ ਸਭ ਤੋਂ ਭੈੜੀ ਗਾਹਲ ਕਿਸੇ ਨੂੰ “ਗੱਦਾਰ” ਆਖ ਦੇਣਾ!
ਆਪਣਾ ਕਬੀਲਾ ਯਾਦ ਆ ਗਿਆ..ਗੱਦਾਰੀਆਂ ਦੀ ਦਾਸਤਾਨ ਰੀਲ ਬਣ ਘੁੰਮ ਗਈ..!
ਚਾਪੜ ਚਿੜੀ ਦਾ ਮੈਦਾਨ..ਅੱਠ ਸੌ ਸਾਥੀਆਂ ਨਾਲ ਖਾਲਸਾ ਫੌਜ ਨਾਲ ਆ ਰਲਿਆ ਸੂਬੇ ਸਰਹੰਦ ਦਾ ਭਤੀਜਾ..ਰਣ ਤੱਤੇ ਵਿਚੋਂ ਭੱਜਣ ਲੱਗਾ ਤਾਂ ਬਾਬਾ ਬਾਜ ਸਿੰਘ ਨੇ ਜਿਆਦਾ ਦੂਰ ਨਾ ਜਾਣ ਦਿੱਤੇ..!
ਪਿਛਲੀ ਵੇਰ ਸੰਭੂ ਬੋਰਡਰ ਤੇ ਬਣੀਆਂ ਰੋਕਾਂ ਤੋੜਨ ਵਾਲਾ..ਓਹਨਾ ਕਾਮਰੇਡਾਂ ਨੇ ਗੱਦਾਰ ਬਣਾ ਦਿੱਤਾ ਜੋ ਬਣੇ ਬਣਾਏ ਰਾਹ ਤੇ ਤੁਰ ਮਗਰੋਂ ਦਿੱਲੀ ਅੱਪੜ ਗਏ..ਕੁਝ ਅੱਜ ਦੱਬੀ ਅਵਾਜ ਵਿਚ ਯਾਦ ਕਰਦੇ..ਉਸਦੇ ਭਾਸ਼ਣਾਂ ਦੀਆਂ ਟੁਟਵੀਆਂ ਰੀਲਾਂ..ਅੱਜ ਚੱਲਦੀਆਂ ਤਾਂ ਇਹਸਾਸ ਹੁੰਦਾ..ਕਿੰਨੀਆਂ ਸਟੀਕ ਅਤੇ ਐਕੂਰੇਟ ਭਵਿੱਖਬਾਣੀਆਂ..ਐਨ ਸੱਚੀਆਂ..ਇੰਨ ਬਿੰਨ ਉਂਝ ਹੀ ਹੋ ਰਿਹਾ..ਹੋਂਦ ਦੀ ਲੜਾਈ..ਪਰ ਆਪਣੇ ਪਛਾਨਣ ਵਿਚ ਘੌਲ ਕਰ ਗਏ..ਦਿੱਲੀ ਪਹਿਲੋਂ ਪਛਾਣ ਗਈ..ਮੂਸੇ ਵਾਲੇ ਦੀ ਸੋਚ ਨੇ ਜਦੋਂ ਮੋੜਾ ਕੱਟਿਆ ਓਸੇ ਵੇਲੇ ਮੁਕਾ ਦਿੱਤਾ..!
ਅਜੋਕੇ ਘੋਗਲ ਕੰਨੇ ਉਡੀਕ ਰਹੇ..ਦੋਵੇਂ ਹੱਥਾਂ ਵਿਚ ਲੱਡੂ ਲਈ..ਜੇ ਦਿੱਲੀ ਅੱਪੜ ਗਏ ਜਾਂ ਫੇਰ ਚੰਗੀ ਤਰਾਂ ਭਖ ਗਿਆ ਤਾਂ ਪੰਡਾਲ ਵਿਚ ਮਗਰਲੇ ਪਾਸਿਓਂ ਹੌਲੀ ਜਿਹੀ ਮੱਥਾ ਟੇਕ ਰਲ ਜਾਵਾਂਗੇ..ਸਟੇਜ ਕੋਲ ਅੱਪੜਨਾ ਕਿਹੜਾ ਔਖਾ..ਤੇ ਜੇ ਦਿੱਲੀ ਨਾ ਅੱਪੜ ਸਕੇ ਤਾਂ ਮੇਹਣੇ ਤੰਨਕੀਦਾਂ ਤੇ ਘੜਾ ਕੇ ਰੱਖੀਆਂ ਹੀ ਹੋਈਆਂ ਨੇ..!
ਦੀਪ ਸਿੰਘ ਵਾਲਾ ਪਿੰਡ ਦਾ ਇੱਕ ਸਿੰਘ ਭਾਈ ਨਿਰਵੈਰ ਸਿੰਘ ਹੋਇਆ..ਦੱਸਦੇ ਮਾਰਨ ਤੋਂ ਪਹਿਲਾਂ ਬੜਾ ਤਸ਼ੱਦਤ ਕੀਤਾ..ਪਰ ਈਂਨ ਨਹੀਂ ਮੰਨੀ..ਇੱਕੋ ਪਿੰਡ ਇੱਕ ਧਰਤੀ ਪਰ ਦੋ ਵੱਖ ਵੱਖ ਸੋਚਾਂ..!
ਖੈਰ ਸਮਾਂ ਬੜਾ ਬਲਵਾਨ..ਕੁਝ ਸਾਲ ਪਹਿਲੋਂ ਤੁਰਕੀ ਵਿਚ ਭੁਚਾਲ ਆਇਆ..ਇੱਕ ਬੰਦਾ ਦੂਜੇ ਵੱਲੋਂ ਦੱਸ ਰਿਹਾ..ਅਖ਼ੇ ਇਹ ਮੇਰਾ ਮਕਾਨ ਮਾਲਕ ਏ..ਕਿਰਾਇਆ ਨਾ ਦਿੱਤਾ ਗਿਆ..ਪਰਸੋਂ ਘਰੋਂ ਕੱਢ ਦਿੱਤਾ..ਤਰਲੇ ਕੱਢੇ..ਵਾਸਤੇ ਪਾਏ..ਪਰ ਨਹੀਂ ਮੰਨਿਆ..ਕੱਲ ਸਭ ਕੁਝ ਢਹਿ ਢੇਰੀ ਹੋ ਗਿਆ..ਤੇ ਅੱਜ ਦੋਵੇਂ ਇੱਕੋ ਤੰਬੂ ਵਿਚ ਹਾਂ..ਇਹ ਹੈ ਸਮੇਂ ਦੀ ਤਾਕਤ..!
ਇੱਕ ਹੋਰ ਯੁਕ੍ਰੇਨੀ ਭਾਈ..ਹੁਣ ਕਨੇਡਾ ਵਿਚ..ਦੱਸਣ ਲੱਗਾ ਰੂਸੀਆਂ ਹਮਲਾ ਕਰ ਦਿੱਤਾ..ਲੋਕ ਸ਼ਹਿਰ ਛੱਡ ਭੱਜਣ ਲੱਗੇ..ਮੇਰਾ ਆਪਣਾ ਖੁਦ ਦਾ ਪੈਟਰੋਲ ਪੰਪ ਤੇ ਪੰਜ ਗੱਡੀਆਂ..ਚਾਰ ਟੈਂਕੀਆਂ ਫੁਲ ਕਰਾ ਸਟਾਰਟ ਹਾਲਤ ਕਰਕੇ ਸੜਕ ਕੰਢੇ ਛੱਡ ਦਿੱਤੀਆਂ..ਕੋਈ ਲੋੜਵੰਦ ਹੋਵੇ ਤਾਂ ਵਰਤ ਲਵੇਗਾ..ਹੁਣ ਲੁੱਟੇ ਪੁੱਟੇ ਜਾਣ ਨਾਲੋਂ ਇਸ ਗੱਲ ਦੀ ਵਧੇਰੇ ਤਸੱਲੀ..ਘੱਟੋ ਘੱਟ ਵੀਹ ਪੰਝੀ ਜਣੇ ਤਾਂ ਮਰਨੋਂ ਬਚ ਹੀ ਗਏ ਹੋਣਗੇ..!
ਕੁਝ ਮੁਨਾਫ਼ੇ ਉੱਪਰ ਦੀ ਦਰਗਾਹ ਵਿਚ ਨਸੀਬ ਹੁੰਦੇ!
ਅਜੋਕਾ ਵਰਤਾਰਾ..ਇੱਕ ਵਰਗ ਦਾ ਵਿਚਾਰ ..ਇਹ ਅਨਪੜ ਜਾਹਿਲ ਆਪਮੁਹਾਰੀ ਵੇਹਲੀ ਕਿਰਸਾਨੀ ਜਮਾਤ..ਮੂੰਹ ਚੁੱਕ ਤੁਰ ਪੈਂਦੀ..ਪਤੰਗਾ ਨਾਲ ਭਲਾ ਡਰੋਨ ਦਾ ਕਾਹਦਾ ਮੁਕਾਬਲਾ..ਦਿੱਲੀ ਦੀ ਤਾਕਤ ਦਾ ਅੰਦਾਜਾ ਨਹੀਂ..ਗੋਦੀ ਮੀਡਿਆ ਜਾਮ ਵਿਚ ਫਸੇ ਰਾਹੀਆਂ ਨੂੰ ਵਿਖਾ ਰਿਹਾ..ਕਾਸ਼ ਅਯੁੱਧਿਆ ਰਾਹ ਚੋੜਾ ਕਰਨ ਖਾਤਿਰ ਢਾਹ ਦਿੱਤੇ ਮਕਾਨ ਵੀ ਵਿਖਾਏ ਹੁੰਦੇ..!
ਕੌਣ ਸਮਝਾਵੇ ਇਹ ਫਸਲਾਂ ਨਾਲੋਂ ਨਸਲਾਂ ਦੀ ਲੜਾਈ ਜਿਆਦਾ..ਚੁੱਪ ਰਹੇ ਤਾਂ ਵੀ ਕੁੱਟਣਗੇ..ਬੰਦੂਕ ਚੁੱਕੀ ਤਾਂ ਵੀ..ਲਿਖਿਆ ਬੋਲਿਆ ਦੱਸਿਆ ਤਾਂ ਵੀ..ਜਦੋਂ ਕੋਈ ਰਾਹ ਰਿਹਾ ਹੀ ਨਹੀਂ ਤਾਂ ਫੇਰ ਭੱਜਦਿਆਂ ਨੂੰ ਵਾਹਣ ਤੇ ਬਰੋਬਰ ਹੋਣੇ ਹੀ..!
ਬਾਗੀ ਪੁਣਾ ਇੱਕ ਸੋਚ ਇੱਕ ਸਿਧਾਂਤ ਇੱਕ ਪ੍ਰੰਪਰਾ ਇੱਕ ਰਿਵਾਜ ਇੱਕ ਮਨੋਅਵਸਥਾ..ਇਹ ਜਿਤਾਉਣ ਦਾ ਸਾਧਨ ਕੇ ਸਾਨੂੰ ਧੱਕੇ ਸ਼ਾਹੀ ਮਨਜੂਰ ਨਹੀਂ..ਬਕੌਲ ਦੀਪ ਸਿੱਧੂ ਬਿੱਲੀ ਦੁੱਧ ਪੀ ਜਾਵੇ ਕੋਈ ਗੱਲ ਨਹੀਂ..ਪਰ ਜੇ ਸਾਮਣੇ ਬਨੇਰੇ ਤੇ ਖਲੋ ਮੁੱਛਾਂ ਤੇ ਜੁਬਾਨ ਜਿਹੀ ਫੇਰੀ ਜਾਵੇ ਫੇਰ ਚਾਹੇ ਦਿੱਲੀ ਹੋਵੇ ਜਾਂ ਬਿੱਲੀ..ਖੈਰ ਨਹੀਂ..!
ਸਤਾਰਾਂ ਸੌ ਬਾਹਠ ਪਾਨੀਪਤ ਦੀ ਤੀਜੀ ਲੜਾਈ..ਅਬਦਾਲੀ ਨੇ ਮਰਹੱਠੇ ਨਿੰਬੂ ਵਾਂਙ ਨਿਚੋੜ ਸੁੱਟੇ..ਦੋ ਸਦੀਆਂ ਸਿਰ ਨਾ ਚੁੱਕ ਸਕੇ..ਪਰ ਕੁੱਪ ਰਹੀੜੇ ਅੱਧੀ ਕੌਂਮ ਮੁਕਾ ਦਿੱਤੀ..ਫੇਰ ਕੁਝ ਮਹੀਨੇ ਬਾਅਦ ਦੀਵਾਲੀ ਤੇ ਦਰਬਾਰ ਸਾਬ ਚੜ੍ਹਦੀ ਕਲਾ ਵਾਲਾ ਇਕੱਠ ਕਰ ਦਿੱਤਾ..ਅਬਦਾਲੀ ਹੱਥ ਖੜੇ ਕਰ ਗਿਆ..ਪਤਾ ਨੀ ਕਿਹੜੀ ਮਰਨ ਮਿੱਟੀ ਦੇ ਬਣੇ!
ਆਹ ਆਉਂਦੀ ਅਠਾਈ ਫਰਵਰੀ ਨੂੰ ਬਰਸੀ..ਬਾਬਾ ਮਾਨੋਚਾਹਲ..ਫੌਜ ਵਿਚ ਨੌਕਰੀ ਟਰੇਨਿੰਗ..ਰੂਪੋਸ਼ੀ ਦੌਰਾਨ ਇਸ ਤੇ ਜ਼ੋਰ ਦਿਆ ਕਰਦਾ..ਸਿਧਾਂਤਿਕ ਵਿਚਾਰਿਕ ਏਕਤਾ ਦਾ ਮਤਲਬ ਇਹ ਨਹੀਂ ਕੇ ਜਿਸਮਾਨੀ ਤੌਰ ਤੇ ਵੀ ਇਕੱਠੇ ਝੁੰਡਾਂ ਵਿਚ ਵਿੱਚਰਿਆ ਜਾਵੇ..ਹਮੇਸ਼ਾਂ ਖਿੰਡਰ ਪੁੰਡਰ ਕੇ..ਇੱਕ ਦੂਜੇ ਤੋਂ ਦੂਰੀ ਬਣਾ ਕੇ..ਜੇ ਇੱਕ ਅੱਧਾ ਮਾਰ ਵਿਚ ਆ ਵੀ ਜਾਵੇ ਤਾਂ ਬਾਕੀ ਬਚੇ ਰਹਿਣ..ਭੰਗੀਆਂ ਦੀ ਟੁੱਟੇ ਧੁਰੇ ਵਾਲੀ ਤੋਪ ਨੂੰ ਮੋਢਾ ਦੇਣ ਲਈ!
ਹਰਪ੍ਰੀਤ ਸਿੰਘ ਜਵੰਦਾ