ਦੇਵਕੀ ਭਾਗ 2 | devki part 2

ਦੇਵਕੀ ਨੇ ਸਿਥਾਰਥ ਦੀ ਮਾਂ ਨੂੰ ਵੀ ਸਾਰੀ ਗੱਲ ਦੱਸ ਦਿੱਤੀ। ਉਸ ਨੂੰ ਵੀ ਉਨ੍ਹਾਂ ਚਾਰਾਂ ਤੇ ਬਹੁਤ ਗੁੱਸਾਂ ਆਇਆ। ਉਹ ਵੀ ਦੇਵਕੀ ਨਾਲ ਸਹਿਮਤ ਸੀ ਵੀ ਉਨ੍ਹਾਂ ਨੂੰ ਸਜ਼ਾ ਮਿਲਣੀ ਚਾਹਿੰਦੀ ਹੈ।

” ਸਿਥੂ (ਸਿਥਾਰਥ) ਦੇਵਕੀ ਠੀਕ ਕਹਿ ਰਹੀ ਹੈ। ਉਨ੍ਹਾਂ ਨੂੰ ਸਜ਼ਾ ਜਰੂਰ ਮਿਲਣੀ ਚਾਹੀਦੀ ਹੈ ,,ਤੂੰ ਪੁਲਸ ਸਟੇਸ਼ਨ ਜਾ ਤੇ ਰਿਪੋਰਟ ਦਰਜ਼ ਕਰਵਾ”

” ਪਰ ਮਾਂ ਮਹੀਨਾ ਲੰਘ ਗਿਆ ਹੁਣ ਪੁਲਸ ਵੀ ਕੀ ਕਰੂ। ਨਾਲੇ ਆਪਣੀ ਬਦਨਾਮੀ ਹੋਵੇਗੀ ਮਾਂ ਮੈਂ ਨਹੀ ਜਾਣਾ ਪੁਲਸ ਸਟੇਸ਼ਨ”

ਇੰਨਾ ਸੁਣਕੇ ਮਾਂ ਨੂੰ ਗੁੱਸਾ ਆ ਗਿਆ।

” ਬਦਨਾਮੀ ਤੋਂ ਡਰਦਾ ਤਾਂ ਚਾਰਾਂ ਦਾ ਕਤਲ ਕਰਦੇ। ਤੇਰੀ ਪਤਨੀ ਨਾਲ ਜ਼ਬਰਦਸਤੀ ਕੀਤੀ ਉਨ੍ਹਾਂ ਨੇ ਤੇਰਾ ਫ਼ਰਜ਼ ਬਣਦਾ ਦੇਵਕੀ ਦੀ ਰਾਖੀ ਕਰਨ ਦਾ ਪਰ ਤੂੰ ਰਿਪੋਰਟ ਦਰਜ਼ ਕਰਵਾਉਣ ਤੋਂ ਵੀ ਡਰ ਰਿਹਾ ਬੇਸ਼ਰਮ”
ਮਾਂ ਨੇ ਸਿਥਾਰਥ ਨੂੰ ਖੁੱਲ ਕੇ ਝਾੜ ਪਾਈ।

” ਠੀਕ ਹੈ ਮਾਂ ਤੂੰ ਵੀ ਇਹੋ ਚਾਹੁੰਦੀ ਹੈ ਤਾਂ ਮੈਂ ਦੇਵਕੀ ਨੂੰ ਪੁਲਿਸ ਸਟੇਸ਼ਨ ਲੈੰ ਜਾਣਾ”

” ਬਿੱਲਕੁਲ ਲੈ ਕੇ ਜਾ। ਤੂੰ ਆਏ ਕਰ ਪਹਿਲਾਂ ਮੈਨੂੰ ਬਸ ਚੜ੍ਹਾ ਕੇ ਆ ਤੇ ਵਾਪਿਸ ਆ ਕੇ ਰਿਪੋਰਟ ਦਰਜ਼ ਕਰਾਂ”

” ਠੀਕ ਹੈ ਮਾਂ ਤੈਨੂੰ ਜਿਵੇ ਠੀਕ ਲੱਗਦਾ ”

ਮਾਂ ਦੀਆਂ ਗੱਲਾ ਸੁਣਕੇ ਦੇਵਕੀ ਬਹੁਤ ਖੁਸ਼ ਹੋਈ। ਉਸ ਨੂੰ ਲੱਗੀਆਂ ਹੁਣ ਸਿਥਾਰਥ ਉਸ ਨਾਲ ਪੁਲਿਸ ਸਟੇਸ਼ਨ ਰਿਪੋਰਟ ਲਿਖਵਾਉਣ ਜਰੂਰ ਜਾਏਗਾਂ।  ਸਿਥਾਰਥ ਮਾਂ ਨੂੰ ਬੱਸ ਚੜਾਉਣ ਗਿਆ ਤੇ ਉਸਨੇ ਮਾਂ ਨਾਲ ਵਾਅਦਾ ਕੀਤਾ ਕਿ ਉਹ ਦੇਵਕੀ ਨਾਲ ਪੁਲਸ ਸਟੇਸ਼ਨ ਜਾਏਗਾ ਤੇ ਉਨ੍ਹਾਂ ਖਿਲਾਫ਼ ਰਿਪੋਰਟ ਦਰਜ਼ ਕਰਵਾਏਗਾ। ਮਾਂ ਬੱਸ ਚੜ੍ਹ ਗਈ ਤੇ ਸਿਥਾਰਥ ਘਰ ਵਾਪਿਸ ਆ ਗਿਆ। ਦੇਵਕੀ ਤਿਆਰ ਬੈਠੀ ਸੀ ਪੁਲਿਸ ਸਟੇਸ਼ਨ ਜਾਣ ਲਈ। ਸਿਥਾਰਥ ਤੇ ਦੇਵਕੀ ਪੁਲਿਸ ਸਟੇਸ਼ਨ ਦੇ ਬਾਹਰ ਪਹੁੰਚ ਗਏ। ਸਿਥਾਰਥ ਦੇਵਕੀ ਨਾਲ ਪੁਲਿਸ ਸਟੇਸ਼ਨ ਆ ਤਾਂ ਗਿਆ ਪਰ ਅੰਦਰ ਜਾਣ ਨੂੰ ਤਿਆਰ ਨਾ ਹੋਇਆ। ਉਸ ਨੇ ਦੇਵਕੀ ਨੂੰ ਇੱਕ ਵਾਰ ਫੇਰ ਸਮਝਾਇਆ।

” ਦੇਵਕੀ ਤੂੰ ਇੱਕ ਵਾਰ ਫੇਰ ਸੋਚ ਲੈ ਪੁਲਿਸ ਵਾਲੇ ਬਹੁਤ ਗੰਦੇ ਸਵਾਲ ਪੁੱਛਣਗੇ ਤੇਰੇ ਤੋਂ। ਉਹ ਵੀ ਕਿਸੇ ਬਲਾਤਕਾਰ ਤੋਂ ਘੱਟ ਨਹੀ ਹੋਵੇਗਾ”

” ਨਹੀ ਸਿਥਾਰਥ ਕੁੱਝ ਵੀ ਹੋ ਜਾਏ ਮੈੰ ਰਿਪੋਰਟ ਕਰਨੀ ਹੀ ਕਰਨੀ ਆ ”

” ਅੱਛਾ ਫੇਰ ਤੇਰੀ ਮਰਜ਼ੀ ਤੂੰ ਜਾ ਲਿਖਵਾ ਜਾ ਕੇ ਰਿਪੋਰਟ ਮੈੰ ਐਥੇ ਬੈਠਾ ਤੇਰਾ ਇੰਤਜਾਰ ਕਰਦਾ ਮੈਂ ਅੰਦਰ ਨਹੀ ਜਾਣਾ”

ਸਿਥਾਰਥ ਮੋਟਰਸਾਈਕਲ ਦੀ ਸੀਟ ਤੇ ਬੈਠ ਗਿਆ। ਦੇਵਕੀ ਹੌਂਸਲਾ ਜਿਹਾ ਕਰਕੇ ਪੁਲਿਸ ਸਟੇਸ਼ਨ ਦੇ ਗੇਟ ਤੱਕ ਗਈ। ਪਰ ਅੱਗੇ ਜਾਣ ਦੀ ਉਸ ਦੀ ਵੀ ਹਿਮੰਤ ਨਾ ਪਈ। ਉਹ ਕਦੇ ਵੀ ਪੁਲਿਸ ਸਟੇਸ਼ਨ ਨਹੀਂ ਆਈ ਸੀ। ਉਹ ਡਰ ਕੇ ਵਾਪਿਸ ਆ ਗਈ। ਉਹ ਰੋ ਰਹੀ ਸੀ। ਸਿਥਾਰਥ ਉਸਨੂੰ ਘਰ ਲੈ ਆਇਆ।ਸਿਥਾਰਥ ਨੇ ਰਿਪੋਰਟ ਨਾਂ ਦਰਜ਼ ਕਰਵਾਈ।  ਉਨ੍ਹਾਂ ਦੀ ਪਹਿਲਾਂ ਵਾਲੀ ਰੁਟੀਨ ਸ਼ੁਰੂ ਹੋ ਗਈ। ਇੱਕ ਦਿਨ ਦੇਵਕੀ ਜਦੋਂ ਕਾਲਜ ਦੇ ਆਪਣੇ ਕਮਰੇ ਚ ਬੈਠੀ ਸੀ ਤਾ ਸਾਹਮਣੇ ਇੱਕ ਪੁਲਿਸ ਅਫ਼ਸਰ ਉਸ ਦੇ ਕਮਰੇ ਵੱਲ ਹੀ ਆ ਰਿਹਾ ਸੀ। ਉਹ ਹੈਰਾਨ ਹੋਈ ਵੀ ਪੁਲਸ ਅਫ਼ਸਰ ਉਸ ਵੱਲ ਕਿਉਂ ਆ ਰਿਹਾ। ਉਹ ਆਪਣੀ ਕੁਰਸੀ ਤੋਂ ਖੜੀ ਹੋ ਗਈ। ਉਸ ਨੌਜਵਾਨ ਪੁਲਸ ਅਫਸਰ ਨੇ ਆਉਦਿਂਆ ਹੀ ਦੇਵਕੀ ਦੇ ਪੈਰੀ ਹੱਥ ਲਾਏ।

” ਮੈਡਮ ਤੁਸੀ ਮੈਨੂੰ ਪਹਿਚਾਣਿਆ ਨਹੀ ਜੀ ਮੈਂ ਹਾਕੀ ਵਾਲਾ ਕੁਲਬੀਰ ਤੁਹਾਡਾ ਸਟੂਡੈਟ”

” ਉਹ ਅੱਛਾ। ਤੇਰੀ ਤਾਂ ਬਿੱਲਕੁਲ ਵੀ ਪਹਿਚਾਣ ਨਹੀ ਆਈ ਮੈਨੂੰ।  ਕਾਫ਼ੀ ਸਮਾਂ ਹੋ ਗਿਆ ਤੁਹਾਨੂੰ ਗਏ ਹੋਏ”

” ਨੌਂ ਸਾਲ ਹੋ ਗਏ ਜੀ ਕਾਲਜ ਛੱਡੇ ਨੂੰ। ਮੈਂਨੂੰ ਸਪੋਰਟਸ ਕੋਟੇ ਚ ਪੁਲਿਸ ਚ ਨੌਕਰੀ ਮਿਲ ਗਈ।ਮੇਰੀ ਐਥੇ ਪੋਸਟਿੰਗ ਹੋਈ ਹੈ ਕੁੱਝ ਦਿਨ ਪਹਿਲਾਂ । ਅੱਜ ਕਾਲਜ ਯਾਦ ਆਇਆ ਤਾਂ ਵੇਖਣ ਆ ਗਿਆ ”

” ਬਹੁਤ ਵਧੀਆ ਕੀਤਾ ਕੁਲਬੀਰ ਤੁਸੀਂ । ਮੈੰ ਉਸ ਵਕਤ ਨਵੀ ਨਵੀ ਨੌਕਰੀ ਜੁਆਇਨ ਕੀਤੀ ਸੀ ਜਦੋਂ ਤੁਸੀ ਐਥੇ ਹਾਕੀ ਖੇਡਦੇ ਸੀ । ਵਧੀਆ ਖੇਡ ਸੀ ਤੁਹਾਡੀ”

” ਹਾਂ ਜੀ ਮੈਡਮ ਮੈੰ ਤੁਹਾਡੇ ਤੋਂ ਕਾਫ਼ੀ ਕੁੱਝ ਸਿੱਖਿਆ ਜੀ। ਬਹੁਤ ਮਿਹਨਤ ਕਰਵਾਉਂਦੇ ਸੀ ਤੁਸੀ ”

” ਨਹੀ ਜੀ ਟੀਚਰ ਨੇ ਤਾ ਦੱਸਣਾ ਹੀ ਹੁੰਦਾ ਮਿਹਨਤ ਤਾਂ ਸਟੂਡੈਟ ਦੀ ਹੁੰਦੀ ਹੈ”

ਕੁੱਝ ਦੇਰ ਗੱਲਬਾਤ ਕਰਨ ਤੋਂ ਬਾਅਦ ਕੁਲਬੀਰ ਚਲਾ ਗਿਆ ਤੇ ਦੇਵਕੀ ਨੂੰ ਆਪਣਾ ਟੈਲੀਫੋਨ ਨੰਬਰ ਦੇ ਗਿਆ।ਦੇਵਕੀ ਨੂੰ ਤਾਂ ਕਲਬੀਰ ਰੱਬ ਵਾਂਗ ਬਹੁੜਿਆ। ਉਹ ਅਗਲੇ ਹੀ ਦਿਨ ਕੁਲਬੀਰ ਦੇ ਦਫ਼ਤਰ ਪਹੁੰਚ ਗਈ। ਉਸ ਨੇ ਕੁਲਬੀਰ ਨੂੰ ਸਾਰੀ ਗੱਲ ਦੱਸੀ। ਕੁਲਬੀਰ ਨੇ ਦੇਵਕੀ ਦੀ ਸ਼ਿਕਾਇਤ ਦਰਜ਼ ਕਰਵਾਈ। ਉਸ ਨੇ ਦੇਵਕੀ ਦਾ ਕੇਸ ਇੱਕ ਮਹਿਲਾ ਪੁਲਸ ਅਫ਼ਸਰ ਨੂੰ ਦਿੱਤਾ। ਸਭ ਤੋਂ ਵੱਡੀ ਚੁਨੌਤੀ ਪੁਲਿਸ ਦੇ ਸਾਹਮਣੇ  ਸਬੂਤ ਇੱਕਠੇ ਕਰਨਾ ਸੀ ਤਾਂ ਜੋ ਮੁਰਜਮਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਈ ਜਾ ਸਕੇ। ਇੱਕ ਮਹਿਨੇ ਦਾ ਸਮਾਂ ਲੰਘ ਗਿਆ ਸੀ। ਮੈਡੀਕਲ ਜਾਂ ਹੋਰ ਸਰੀਰਕ ਸਬੂਤ ਤਾਂ ਨਹੀ ਮਿਲ ਸਕਦੇ ਸਨ। ਉਸ ਮਹਿਲਾ ਅਫ਼ਸਰ ਨੇ ਘਟਨਾ ਵਾਲੀ ਥਾਂ ਦਾ ਨਿਰਖਣ ਕੀਤਾ ਤਾ ਜੋ ਕੋਈ ਠੋਸ ਸਬੂਤ ਮਿੱਲ ਜਾਏ। ਉੱਥੇ ਤਹਿਕੀਕਾਤ ਕਰ ਦਿਆਂ ਅਚਾਨਕ ਉਸ ਦੀ ਨਜ਼ਰ ਸੀ.ਸੀ.ਟੀ.ਵੀ. ਕੈਮਰੇ ਤੇ ਪੈ ਗਈ। ਉਸ ਨੇ ਘਟਨਾ ਵਾਲੇ ਦਿਨ ਦੀਆਂ ਸਾਰੀਆਂ ਫੁਟੇਜ ਕਢਵਾਈਆਂ। ਸਪੋਰਟਸ ਕੰਮਪਲੈਕਸ ਚ, ਕਈ ਸੀ.ਸੀ. ਟੀ.ਵੀ ਕੈਮਰੇ ਲੱਗੇ ਸਨ। ਮੇਨ ਗੇਟ ਤੇ ਵੀ ਕੈਮਰਾ ਸੀ। ਇੱਕ ਕੈਮਰੇ ਵਿੱਚ ਉਹ ਸਾਰੀ ਘਟਨਾ ਕੈਦ ਹੋ ਗਈ ਸੀ। ਕਿਵੇ ਦੇਵਕੀ ਬੇਹੋਸ਼ ਹੋਈ ਤੇ ਕਿਵੇਂ ਵਾਰੀ ਵਾਰੀ ਉਨ੍ਹਾਂ ਚਾਰਾਂ ਨੇ ਉਸ ਨਾਲ ਬਲਾਤਕਾਰ ਕੀਤਾ। ਦੇਵਕੀ ਨੇ ਜਦੋਂ ਉਹ ਫੂਟੇਜ ਵੇੱਖੀ ਤਾ ਉਸ ਦੀਆਂ ਚੀਕਾਂ ਨਿਕਲ ਗਈਆਂ। ਸਬੂਤ ਮਿਲਦੇ ਹੀ ਪੁਲਿਸ ਨੇ ਉਨ੍ਹਾਂ ਚਾਰਾਂ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਨੂੰ ਕਾਲਜ ਤੋ ਬਰਖਾਸਤ ਕਰਕੇ ਜੇਲ ਭੇਜ ਦਿੱਤਾ ਗਿਆ। ਪੁਲਸ ਕੋਲ ਪੁੱਖਤਾ ਸਬੂਤ ਸਨ ਉਨ੍ਹਾਂ ਨੂੰ ਸਜ਼ਾ ਦਿਵਾਉਣ ਦੇ। ਦੇਵਕੀ ਨੇ ਕੁਲਬੀਰ ਦਾ ਧੰਨਵਾਦ ਕੀਤਾ। ਦੇਵਕੀ ਦੇ ਮਨ ਦਾ ਬੋਝ ਹਲਕਾ ਹੋ ਗਿਆ। ਉਸ ਨੇ ਸਭ ਤੋਂ ਪਹਿਲਾਂ ਸਿਥਾਰਥ ਦੀ ਮਾਂ ਨੂੰ ਦੱਸਿਆ । ਉਹ ਵੀ ਬਹੁਤ ਖੁਸ਼ ਹੋਈ । ਫੇਰ ਉਸ ਨੇ ਆਪਣੀ ਮਾਂ ਅਤੇ ਛੋਟੀ ਭੈਂਣ ਨਾਲ ਗੱਲ ਕੀਤੀ ਉਹ ਵੀ ਬਹੁਤ ਖੁਸ਼ ਸਨ। ਸਿਥਾਰਥ ਨੇ ਸ਼ਾਮ ਨੂੰ ਘਰ ਆ ਕੇ ਦੇਵਕੀ ਨੂੰ ਵਧਾਈ ਦਿੱਤੀ।

” ਸਿਥਾਰਥ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ”

” ਹਾਂ ਹਾਂ ਦੇਵਕੀ ਦੱਸ ਕੀ ਕਹਿਣਾ ਤੂੰ”

” ਸਿਥਾਰਥ ਮੈਂ ਐਸੇ ਬੰਦੇਂ ਨਾਲ ਜਿੰਦਗੀ ਨਹੀ ਬਿਤਾ ਸਕਦੀ ਜੋ ਬੁਰੇ ਵਕਤ ਮੈਨੂੰ ਇੱਕਲੀ ਨੂੰ ਛੱਡ ਗਿਆ ਹੋਵੇ ”

” ਤੇਰਾ ਕੀ ਮਤਲਬ ਹੈ ਮੈਨੂੰ ਸਮਝ ਨਹੀ ਆਈ”

” ਅੱਜ ਤੋਂ ਬਾਅਦ ਆਪਾ ਇੱਕਠੇ ਨਹੀ ਰਹਾਂਗੇ”

” ਦੇਵਕੀ ਇਹ ਤੂੰ ਕੀ ਕਹਿ ਰਹੀ ਹੈ”???

“ਇਹ ਘਰ ਸਰਕਾਰੀ ਹੈਂ ਜੋ ਮੈਨੂੰ ਅਲਾਟ ਹੋਇਆ । ਇਸ ਲਈ ਤੁਹਾਨੂੰ ਇਹ ਘਰ ਤਰੁੰਤ ਖਾਲੀ ਕਰਨਾ ਪਉ”

” ਤੂੰ ਕੀ ਕਹਿ ਰਹੀ ਹੈ ਤੈਨੂੰ ਪਤਾ ਵੀ ਹੈ ।ਦੇਵਕੀ ਮੈਂ ਤੇਰਾ ਪਤੀ ਹਾਂ ਸਿਥਾਰਥ। ਤੇਰੇ ਨਾਲ ਫੇਰੇ ਲਏ ਨੇ ਮੈਂ .. ਆਪਣਾ ਵਿਆਹ ਹੋਇਆ ”

” ਤਾਂ ਹੀ ਤੁਸੀ ਵਿਆਹ ਦੀ ਲਾਜ ਰੱਖੀ? ਪਤੀ ਹੋਣ ਦਾ ਵਧੀਆ ਫ਼ਰਜ਼ ਨਿਭਾਇਆ । ਮੈਨੂੰ ਮੇਰੇ ਬੇਕਸੂਰ ਬੱਚੇ ਦਾ ਅਬੌਰਸ਼ਨ ਕਰਵਾਉਣ ਲਈ ਮਜਬੂਰ ਕੀਤਾ। ਉਹ ਤਾਂ ਮੇਰੀ ਹਿਮੰਤ ਸੀ ਕੇ ਮੈੰ ਅਬੌਰਸ਼ਨ ਨਹੀ ਕਰਵਾਇਆ। ਪਰ ਤੁਸੀਂ ਤਾਂ ਕੋਈ ਕਸਰ ਨਹੀ ਸੀ ਛੱਡੀ ਮੇਰੇ ਬੱਚੇ ਨੂੰ ਮਰਵਾਉਣ ਦੀ। ਸਿਥਾਰਥ ਮੈਨੂੰ ਬਹਿਸ ਨਹੀ ਘਰ ਖਾਲੀ ਚਾਹਿੰਦਾ ”

” ਦੇਵਕੀ ਤੂੰ ਅਬੌਰਸ਼ਨ ਨਹੀ ਕਰਵਾਇਆ” ਸਿਥਾਰਥ ਨੇ ਗੁੱਸੇ ਨਾਲ ਕਿਹਾ।

” ਹਾਂ ਮੈਂ ਅਬੌਰਸ਼ਨ ਨਹੀ ਕਰਵਾਇਆ ।ਮੈਂ ਆਪਣੇ ਬੱਚੇ ਨੂੰ ਜਨਮ ਦੇਵਾਂਗੀ। ਮੈਨੂੰ ਇਹ ਨਹੀ ਪਤਾ ਤੁਹਾਡੇ ਪੰਜਾ ਬਲਾਤਕਾਰੀਆਂ ਚੋ, ਇਸ ਦਾ ਬਾਪ ਕੌਣ ਹੈ । ਪਰ ਮੈਂ ਇਸ ਦੀ ਮਾਂ ਹਾਂ ਇਹ ਮੈਨੂੰ ਪਤਾ । ਮੈਂ ਇਸ ਨੂੰ ਜਨਮ ਦੇਵਾਂਗੀ ਤੇ  ਇਸ ਦੇ ਸਹਾਰੇ ਜਿੰਦਗੀ ਕੱਟਾਂਗੀ” ਦੇਵਕੀ ਭਾਵੁਕ ਹੋ ਗਈ ਸੀ।

” ਤੂੰ ਮੈਨੂੰ ਵੀ ਬਲਾਤਕਾਰੀ ਕਹਿ ਰਹੀ। ਮੈੰ ਤੇਰਾ ਪਤੀ ਹਾਂ”

” ਉਨ੍ਹਾਂ ਚਾਰਾਂ ਨੇ ਤਾਂ ਮੇਰਾ ਇੱਕ ਵਾਰ ਬਲਾਤਕਾਰ ਕੀਤਾ ਸੀ ਪਰ ਸਿਥਾਰਥ ਤੁਸੀ ਤਾਂ ਪਿੱਛਲੇ ਦੋ ਸਾਲਾਂ ਤੋਂ ਮੇਰੇ ਨਾਲ ਬਲਾਤਕਾਰ ਕਰਦੇ ਆ ਰਹੇ ਹੋ। ਤੁਸੀ ਉਨ੍ਹਾਂ ਤੋਂ ਵੀ ਜਿਆਦਾ ਖਤਰਨਾਕ ਹੋ” ਦੇਵਕੀ ਭਾਵੁਕ ਹੋ ਗਈ ਸੀ। ਉਹ ਬੁਰੀ ਤਰ੍ਹਾਂ ਰੋ ਰਹੀ ਸੀ।

” ਦੇਵਕੀ ਪਲੀਜ਼”

” ਸਿਥਾਰਥ ਜਲਦੀ ਸਮਾਨ ਚੁੱਕੋ ਤੇ ਮੇਰਾ ਘਰ ਖਾਲੀ ਕਰੋ । ਤਲਾਕ ਦੇ ਪੇਪਰ ਤੁਹਾਨੂੰ ਜਲਦੀ ਮਿਲ ਜਾਣਗੇ ਪਰ ਅੱਜ ਤੋਂ ਬਾਅਦ ਮੈਨੂੰ ਆਪਣੀ ਸ਼ਕਲ ਨਾ ਵਿਖਾਇਉ” ਇੰਨ੍ਹਾ ਕਹਿਕੇ ਦੇਵਕੀ ਫੇਰ ਰੋਂਣ ਲੱਗ ਗਈ ਤੇ ਸਿਥਾਰਥ ਆਪਣਾ ਸਮਾਨ ਪੈਕ ਕਰਨ ਲੱਗ ਗਿਆ ।

ਸਮਾਪਤ

Leave a Reply

Your email address will not be published. Required fields are marked *