ਕਿੰਨੀ ਸੋਹਣੀ ਲਾਲ ਰੰਗ ਦੀ ਬਿਲਕੁਲ ਟੀਟ ਵਹੁਟੀ ਵਰਗੀ ਸੀ ਮਾਂ ਕੋਲ ਟੂਲ ਦੀ ਫੁਲਕਾਰੀ । ਅਸੀਂ ਛੋਟੇ ਹੁੰਦਿਆਂ ਨੇ ਦੇਖਣਾ ਮਾਂ ਨੂੰ ਟੂਲ ਦੀ ਫੁਲਕਾਰੀ ਉੱਤੇ ਲੈਂਦੇ ਹੋਏ। ਜਦੋਂ ਮਾਂ ਨੇ ਟੂਲ ਦੀ ਫੁਲਕਾਰੀ ਉੱਤੇ ਲੈਣੀ ਮਾਂ ਕਿੰਨੀ ਸੋਹਣੀ ਲੱਗਦੀ ਸੀ। ਅਸੀਂ ਹੱਥ ਲਾ ਲਾ ਕੇ ਦੇਖਣਾਂ ਤੇ ਪੁਛਣਾ ਮਾਂ ਇਸ ਨੂੰ ਟੂਲ ਦੀ ਫੁਲਕਾਰੀ ਕਿਓਂ ਕਹਿੰਦੇ ਐ। ਮਾਂ ਨੇ ਦੱਸਣਾ ਪੁੱਤ ਇਸ ਕੱਪੜੇ ਦਾ ਨਾਮ ਟੂਲ
ਐ । ਇਸ ਲਈ ਇਸ ਨੂੰ ਟੂਲ ਦੀ ਫੁਲਕਾਰੀ ਕਹਿੰਦੇ ਹਨ। ਅਸੀਂ ਪੁੱਛਣਾ ਮਾਂ ਇਹ ਕਢਾਈ ਕਿਸ ਨੇ ਕੀਤੀ ਐ । ਮਾਂ ਨੇ ਕਹਿਣਾ ਮੈਂ ਕੀਤੀ ਐ ਇਹ ਕਢਾਈ ਆਪਣੇ ਵਿਆਹ ਤੋਂ ਪਹਿਲਾਂ।
ਤਿੰਨੋ ਭੈਣਾਂ ਵੱਡੀਆਂ ਹੋਈਆਂ ਤਾਂ ਜਦੋਂ ਜਿਹੜੀ ਨੇ ਵੀ ਪੇਟੀ ਖੋਲ੍ਹਣੀ ਮਾਂ ਨੂੰ ਕਹਿਣਾ ਮਾਂ ਇਹ ਫੁਲਕਾਰੀ ਮੈਨੂੰ ਦੇ ਦੇ ਮਾਂ ਅੱਗੋਂ ਕਹਿ ਦਿੰਦੀ ਨਾ ਤਿੰਨਾਂ ਵਿੱਚੋਂ ਕਿਸੇ ਨੂੰ ਵੀ ਨਹੀਂ ਦਿੰਦੀ।
ਮੇਰੇ ਸਹੁਰਿਆਂ ਦਾ ਪਿੰਡ ਤੇ ਮੇਰੀ ਭੂਆ ਦੇ ਸਹੁਰਿਆਂ ਦਾ ਪਿੰਡ ਕੋਲੋ ਕੋਲ ਸਨ ।ਇੱਕ ਵਾਰ ਮੈਂ ਪੇਕਿਆਂ ਨੂੰ ਆਉਂਦੇ ਹੋਏ ਭੂਆ ਦੇ ਪਿੰਡ ਰੁਕ ਗਈ ਤਾਂ ਭੂਆ ਨੇ ਮੈਨੂੰ ਇੱਕ ਲਿਫਾਫਾ ਫੜਾਇਆ ਕਿ ਤੇਰੀ ਮਾਂ ਦੀ ਅਮਾਨਤ ਲੈ ਜਾ।
ਮੈ ਉਹ ਲਿਫਾਫਾ ਲਿਜਾ ਕੇ ਮਾਂ ਨੂੰ ਫੜਾਇਆ ਕਿ ਭੂਆ ਜੀ ਨੇ ਭੇਜਿਆ ਐ।ਤੇ ਕਿਹਾ ਸੀ ਕਿ ਤੇਰੀ ਮਾਂ ਦੀ ਅਮਾਨਤ ਐ। ਮੈ ਪੁੱਛਿਆ ਕਿ ਮਾਂ ਕੀ ਐ ਇਹਦੇ ਵਿੱਚ । ਤਾਂ ਮਾਂ ਨੇ ਦੱਸਿਆ ਕਿ ਇਹਦੇ ਵਿੱਚ ਟੂਲ ਦੀ ਫੁਲਕਾਰੀ ਐ ਤੇਰੀ ਭੁਆ ਵਿਆਹ ਮੁੰਡੇ ਦਾ ਵਿਆਹ ਦੇਣ ਆਈ ਲੈ ਗਈ ਸੀ। ਵਹੁਟੀ ਦੇ ਉੱਤੋਂ ਪਾਣੀ ਵਾਰਨ ਵੇਲੇ ਲੈਣ ਲਈ।
ਇੱਕ ਵਾਰ ਮੈਂ ਪੇਕਿਆਂ ਦੇ ਗਈ ਤਾਂ ਮਾਂ ਨੇ ਮੈਨੂੰ ਕਿਹਾ ਕਿ ਪੇਟੀ ਵਿੱਚ ਪਏ ਕੱਪੜਿਆਂ ਨੂੰ ਧੁੱਪ ਲਵਾਉਣ ਵਾਲੀ ਐ। ਮੈ ਸਾਰੇ ਕੱਪੜੇ ਕੱਢ ਕੇ ਧੁੱਪ ਲਵਾ ਦਿੱਤੀ ।ਜਦ ਮੈਂ ਵਾਪਸ ਪੇਟੀ ਵਿੱਚ ਕੱਪੜੇ ਰੱਖਣ ਲੱਗੀ ਤਾਂ ਮੇਰਾ ਧਿਆਨ ਇੱਕ ਲਿਫਾਫੇ ਵੱਲ ਗਿਆ। ਮੈਂ ਮਾਂ ਨੂੰ ਪੁੱਛਿਆ ਮਾਂ ਇਹਦੇ ਵਿੱਚ ਕੀ ਐ। ਮੈਂ ਅਜੇ ਲਿਫਾਫਾ ਖੋਲ੍ਹਣ ਈ ਲੱਗੀ ਸੀ ਕਿ ਮਾਂ ਨੇ ਕਿਹਾ ਪੁੱਤ ਨਾ ਖੋਲ੍ਹੀਂ ਇਹ ਲਿਫਾਫਾ। ਮੈ ਪੁੱਛਿਆ ਮਾਂ ਇਹਦੇ ਵਿੱਚ ਹੈ ਕੀ। ਕਿਓਂ ਮੈਂ ਇਹ ਲਿਫਾਫਾ ਖੋਲ੍ਹ ਨਹੀਂ ਸਕਦੀ। ਮਾਂ ਨੇ ਮੇਰੇ ਹੱਥ ਵਿੱਚੋਂ ਲਿਫਾਫਾ ਫੜ੍ਹ ਕੇ ਪੇਟੀ ਵਿੱਚ ਰੱਖ ਦਿੱਤਾ
ਮਾਂ ਮੇਰੇ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਲੈਂਦਿਆਂ ਬੋਲੀ ਪੁੱਤ ਇਸ ਲਿਫਾਫੇ ਵਿੱਚ ਇੱਕ ਸਿਲਾਈ ਕੀਤਾ ਮੇਰਾ ਨਵਾਂ ਸੂਟ ਤੇ ਨਾਲ਼ ਟੂਲ ਦੀ ਫੁਲਕਾਰੀ ਐ। ਮੈਂ ਕਿਹਾ ਮਾਂ ਫਿਰ ਮੈਂ ਕਿਓਂ ਨਹੀਂ ਖੋਲ੍ਹ ਸਕਦੀ ਇਹ ਲਿਫਾਫਾ। ਮਾਂ ਕਹਿੰਦੀ ਪੁੱਤ ਜਦੋਂ ਮੈਂ ਮਰੀ ਤਾਂ ਮੇਰੇ ਆਹ ਸੂਟ ਪਾ ਕੇ ਉੱਤੇ ਲਾਲ ਫੁਲਕਾਰੀ ਦੇ ਦਿਓ। ਕਿਉਂਕਿ ਮੈਂ ਤੇਰੇ ਪਾਪਾ ਤੋ ਪਹਿਲਾਂ ਮਰੂਂਗੀ ।ਸੁਹਾਗਣ ਦੇ ਮਰੀ ਤੋਂ ਉੱਤੇ ਲਾਲ ਫੁਲਕਾਰੀ ਦਿੰਦੇ ਐ। ਮਾਂ ਨੇ ਜਦੋਂ ਐਨਾ ਕਿਹਾ ਮੈਂ ਉੱਚੀ ਉੱਚੀ ਰੋਣ ਲੱਗੀ। ਮਾਂ ਨੇ ਮੈਨੂੰ ਬੁੱਕਲ਼ ਵਿੱਚ ਲੈਂਦਿਆਂ ਕਿਹਾ ਪੁੱਤ ਰੋ ਨਾ ਇਹ ਟਾਈਮ ਤਾਂ ਇੱਕ ਦਿਨ ਹਰ ਇੱਕ ਤੇ ਆਉਂਦਾ ਐ।
ਉਸ ਗੱਲ ਤੋਂ ਦੋ ਸਾਲ ਬਾਅਦ ਉੱਨੀ ਮਈ ਨੂੰ ਓਹ ਮਨਹੂਸ ਦਿਨ ਇੱਕ ਆ ਗਿਆ। ਸਵੇਰੇ ਸੱਤ ਵਜੇ ਭੂਆ ਜੀ ਦੀ ਕਾਲ ਆਈ। ਭੂਆ ਜੀ ਨੇ ਦੱਸਿਆ ਕਿ ਤੇਰੀ ਮਾਂ ਬਿਮਾਰ ਐ ਤੂੰ ਮੇਰੇ ਕੋਲ ਆ ਜਾ। ਆਪਾਂ ਭੂਆ ਭਤੀਜੀ ਪਤਾ ਲੈਣ ਚੱਲਾਂਗੇ।ਭੁਆ ਜੀ ਨੂੰ ਮਾਂ ਮਰੀ ਦਾ ਪਤਾ ਸੀ ਪਰ ਮੈਨੂੰ ਓਹਨਾਂ ਨੇ ਬਿਮਾਰ ਹੀ ਦੱਸਿਆ।ਮਾਂ ਬਿਮਾਰ ਐ ਸੁਣ ਕੇ ਗੱਲ ਸਹਿਣ ਨਾ ਹੋਈ
ਤੇ ਮੈਂ ਰੋਣ ਲੱਗ ਪਈ।
ਮੈ ਤੇ ਭੂਆ ਜੀ ਪੇਕਿਆਂ ਨੂੰ ਤੁਰ ਪਈਆਂ।ਪੂਰੇ ਰਸਤੇ ਭੂਆ ਜੀ ਨੇ ਜ਼ਿਆਦਾ ਗੱਲ ਨਾ ਕਰੀ ਤੇ ਨਾ ਹੀ ਮੈਨੂੰ ਮਾਂ ਦੇ ਮਰੀ ਦਾ ਪਤਾ ਲੱਗਣ ਦਿੱਤਾ।ਘਰ ਪਹੁੰਚਣ ਤੇ ਮੈਨੂੰ ਮਾਂ ਦਾ ਪਤਾ ਲੱਗਿਆ। ਮੈਂ ਪੇਟੀ ਚੋਂ ਮਾਂ ਦੇ ਸੂਟ ਤੇ ਫੁਲਕਾਰੀ ਵਾਲਾ ਲਿਫਾਫਾ ਕੱਢ ਕੇ ਭੂਆ ਜੀ ਨੂੰ ਫੜਾਇਆ।ਤੇ ਮਾਂ ਦੀ ਆਖਰੀ ਇੱਛਾ ਦੱਸੀ ।ਮਰੀ ਮਾਂ ਜਦ ਫੁਲਕਾਰੀ ਵਿੱਚ ਲਪੇਟੀ ਪਈ ਸੀ ਤਾਂ ਮੈਂ ਮਾਂ ਦੀ ਛਾਤੀ ਤੇ ਸਿਰ ਰੱਖ ਕੇ ਰੋ ਰਹੀ ਸੀ ਸੋਚ ਰਹੀ ਸੀ ਕਿ ਮਾਂ ਜਿਸ ਦਿਨ ਤੂੰ ਚਾਵਾਂ ਨਾਲ ਇਹ ਫੁਲਕਾਰੀ ਤੇ ਕਢਾਈ ਕੀਤੀ ਸੀ । ਕੀ ਤੂੰ ਸੋਚਿਆ ਸੀ ਕਿ ਮਰ ਕੇ ਵੀ ਇਹ ਫੁਲਕਾਰੀ ਤੂੰ ਉੱਤੇ ਲੈ ਕੇ ਮੇਰੇ ਪਾਪਾ ਤੋਂ ਪਹਿਲਾਂ ਸਾਨੂੰ ਛੱਡ ਕੇ ਜਾਵੇਂਗੀ।
ਮਾਂ ਮਰੀ ਨੂੰ ਦੋ ਸਾਲ ਅੱਠ ਮਹੀਨੇ ਹੋ ਗਏ ਪਰ ਓਹ ਮਨਹੂਸ ਦਿਨ ਜਦ ਵੀ ਯਾਦ ਆ ਜਾਂਦਾ ਐ ਤਾਂ ਹੰਝੂ ਰੁਕਨ ਦਾ ਨਾਮ ਨਹੀਂ ਲੈਂਦੇ ਮਾਵਾਂ ਦੇ ਨਾਲ ਈ ਤੁਰ ਜਾਂਦੀ ਐ ਧੀਆਂ ਦੀ ਦੁਨੀਆਂ। ” ਮਾਵਾਂ ਠੰਢੀਆਂ ਛਾਵਾਂ,ਛਾਵਾਂ ਕੌਣ ਕਰੇ “।
✍️✍️✍️k.k.k.k.