ਕੱਲਾ ਕਮਰਾ ਲੈਣਾ ਮੇਰੀ ਹੈਸੀਅਤ ਤੋਂ ਬਾਹਰ ਸੀ..ਸ਼ਹਿਰੋਂ ਬਾਹਰਵਾਰ ਪੀ.ਜੀ ਦਾ ਸ਼ੇਅਰਿੰਗ ਰੂਮ ਦੋ ਮਹੀਨੇ ਦੀ ਟਰੇਨਿੰਗ ਲਈ ਮਾਫਿਕ ਲੱਗਾ..ਓਥੇ ਤਿੰਨ ਮੁੰਡੇ ਹੋਰ ਵੀ ਸਨ..ਮੈਥੋਂ ਅੱਧੀ ਉਮਰ ਦੇ..ਦੇਰ ਰਾਤ ਮੁੜਦੇ..ਅਗਲੀ ਦੁਪਹਿਰ ਤੀਕਰ ਸੁੱਤੇ ਰਹਿੰਦੇ..ਹਰ ਰੋਜ ਓਹੀ ਕੱਪੜੇ..ਬਿਨਾ ਪ੍ਰੈਸ ਕੀਤੇ..ਕੇਸਾਂ ਵਾਲੇ ਨੂੰ ਕਦੇ ਕੇਸੀ ਨਹਾਉਂਦਿਆਂ ਨਹੀਂ ਸੀ ਵੇਖਿਆ..ਤੀਜਾ ਹਮੇਸ਼ਾ ਹੀ ਫੋਨ ਤੇ..!
ਕੁਝ ਆਖਣ ਦਾ ਹੱਕ ਤੇ ਨਹੀਂ ਸੀ ਪਰ ਗੁਬਾਰ ਕੱਢਣ ਲਈ ਇੱਕ ਡਾਇਰੀ ਵਿਚ ਲਿਖੀ ਜਾਂਦਾ..ਫੇਰ ਅਟੈਚੀ ਵਿਚ ਥੱਲੇ ਰੱਖ ਜਿੰਦਾ ਮਾਰ ਦਿੰਦਾ..!
ਗੰਦੇ..ਅਨੁਸ਼ਾਸ਼ਨ ਹੀਣ..ਲਾਪਰਵਾਹ..ਗੰਵਾਰ ਅਤੇ ਹੋਰ ਵੀ ਕਿੰਨੇ ਸਾਰੇ ਵਿਸ਼ੇਸ਼ਣ..ਅਕਸਰ ਵੀ ਡਰ ਜਾਂਦਾ..ਕਿਧਰੇ ਮੇਰੀਆਂ ਦੋ ਧੀਆਂ ਨੂੰ ਵੀ ਏਦਾਂ ਦੇ ਮੁੰਡੇ ਹੀ ਨਾ ਮਿਲ ਜਾਵਣ..!
ਇੱਕ ਦਿਨ ਵਾਪਿਸ ਪਰਤਿਆ ਤਾਂ ਸਭ ਚੀਜਾਂ ਆਪੋ ਆਪਣੀਆਂ ਥਾਵਾਂ ਤੇ..ਕਮਰੇ ਦੀ ਪੂਰੀ ਰੂਪ ਰੇਖਾ ਬਦਲੀ ਹੋਈ..ਸਬ ਨ੍ਹਾ ਧੋ ਕੇ ਕਿਤਾਬਾਂ ਵਿਚ ਮਸਤ..ਸਭ ਤੋਂ ਵੱਧ ਉਸ ਨਿੱਕੇ ਦੀਆਂ ਜੁਰਾਬਾਂ ਵਿਚੋਂ ਆਉਂਦੀ ਮੁਸ਼ਕ ਵੀ ਗਾਇਬ ਸੀ..!
ਫੇਰ ਮੈਨੂੰ ਕੁਝ ਯਾਦ ਆਇਆ..ਮੈਂ ਏਧਰ ਓਧਰ ਕੁਝ ਲੱਭਣ ਲੱਗਾ..!
ਇੱਕ ਮੁੰਡਾ ਕੋਲ ਆਇਆ ਤੇ ਆਖਣ ਲੱਗਾ ਅੰਕਲ ਆਹ ਲਵੋ ਆਪਣੀ ਡਾਇਰੀ..ਤੁਸੀਂ ਗਲਤੀ ਨਾਲ ਬਾਹਰ ਰੱਖ ਗਏ ਸੋ..ਸਿਰਫ ਮੈਂ ਹੀ ਪੜੀ ਹੈਂ..ਜੋ ਮਰਜੀ ਸਜਾ ਦੇ ਸਕਦੇ ਓ..ਪਰ ਮੇਰੀਆਂ ਅੱਖਾਂ ਖੁੱਲ ਗਈਆਂ..ਤੁਹਾਡੀਆਂ ਦੋ ਧੀਆਂ ਨੇ ਤੇ ਮੇਰੀਆਂ ਤਿੰਨ ਭੈਣਾਂ..ਮੈਥੋਂ ਵੱਡੀਆਂ..ਓਹਨਾ ਦੇ ਵਿਆਹਾਂ ਲਈ ਕਿਰਸਾਂ ਦਿਹਾੜੀਆਂ ਕਰਦਾ ਮੇਰਾ ਬਾਪ..ਤੁਹਾਡੀ ਡਾਇਰੀ ਨੇ ਸਭ ਕੁਝ ਮੇਰੇ ਲਿਆ ਅੱਗੇ ਧਰਿਆ..ਬਾਕੀ ਦੇ ਦੋ ਵੀ ਕੋਈ ਮੈਥੋਂ ਵੱਖਰੇ ਨਹੀਂ..ਅਹੁ ਫੋਨ ਵਾਲੇ ਦੀ ਸਿਰਫ ਮਾਂ ਹੀ ਹੈ ਤੇ ਉਸ ਤੀਜੇ ਦੀ ਤੇ ਉਹ ਵੀ ਹੈਨੀ..ਨਾਨੇ ਨੇ ਪਾਲਿਆਂ ਤੇ ਓਹੀ ਫੀਸਾਂ ਭਰਦਾ..ਤੁਸੀਂ ਜੋ ਮਰਜੀ ਡੰਨ ਲਾ ਸਕਦੇ ਓ ਪਰ ਇੱਕ ਸ਼ਰਤ ਤੇ..ਜਿੰਨੀ ਦੇਰ ਵੀ ਇਥੇ ਸਾਡੇ ਨਾਲ ਹੋ..ਡਾਇਰੀ ਵਿੱਚ ਬਾਦਸਤੂਰ ਲਿਖਣਾ ਪਵੇਗਾ..ਜੋ ਵੀ ਵੇਖਦੇ ਹੋ..ਮਹਿਸੂਸ ਕਰਦੇ ਓ..ਮਨ ਆਉਂਦਾ..ਬਿਨਾ ਝਿਜਕ..ਰੱਖਣੀ ਵੀ ਖੁੱਲੇ ਵਿਚ ਹੀ ਹੋਵੇਗੀ..ਮੇਰੀ ਇੱਕ ਚਾਚੀ ਏ..ਉਸਨੂੰ ਚੁਗਲੀ ਦੀ ਬੜੀ ਆਦਤ ਏ..ਮੈਂ ਉਸਨੂੰ ਬੜੀ ਨਫਰਤ ਕਰਦਾ ਪਰ ਤੁਹਾਡੀ ਇਸ “ਚੁਗਲਖੋਰ ਡਾਇਰੀ” ਨਾਲ ਤੇ ਮੋਹ ਪੈ ਗਿਆ..!
“ਚੁਗਲਖੋਰ ਡਾਇਰੀ”..ਸਾਰੇ ਹੱਸ ਪਏ ਉੱਚੀ ਉੱਚੀ..ਪਰ ਮੇਰੇ ਹੰਝੂ ਵਹਿ ਤੁਰੇ..ਮੈਂ ਹੁਣ ਤੀਕਰ ਆਪਣੀਆਂ ਦੋ ਧੀਆਂ ਬਾਰੇ ਹੀ ਚਿੰਤਤ ਸਾਂ ਪਰ ਇਸ “ਚੁਗਲਖੋਰ” ਨੇ ਤਾਂ ਤਿੰਨ ਬੇਗਾਨੀਆਂ ਦਾ ਭਵਿੱਖ ਵੀ ਲੀਹੇ ਪਾ ਦਿੱਤਾ ਸੀ!
ਹਰਪ੍ਰੀਤ ਸਿੰਘ ਜਵੰਦਾ