ਮਨਹੂਸ ਖਬਰ..ਤਿੰਨ ਭੈਣਾਂ ਦਾ ਕੱਲਾ ਭਾਈ..ਰਵਾਨਗੀ ਪਾ ਗਿਆ..ਬਿੱਪਰ ਦਾ ਧੰਨਵਾਦ..ਔਕਾਤ ਚੇਤੇ ਕਰਾਉਣ ਲਈ..ਕੁਝ ਆਖਦੇ ਇਹ ਲਿਖਣਾ ਸੌਖਾ..ਖੁਦ ਤੇ ਸਹਿਣਾ ਔਖਾ..ਤੁਹਾਡਾ ਆਖਿਆ ਸਿਰ ਮੱਥੇ..ਪਰ ਬੱਕਰੇ ਦੀ ਮਾਂ ਕਦ ਤਕ ਖੈਰ ਮਨਾਵੇਗੀ..ਅੱਜ ਤਰਲੇ ਹਾੜੇ ਕੱਢ ਦਸ ਬਾਰਾਂ ਸਾਲ ਹੋਰ ਮਿਲ ਵੀ ਗਏ ਤਾਂ ਇਹ ਕਿਹੜਾ ਨਹੀਂ ਆਉਣੀ..!
ਕੁਝ ਉਹ ਆਪਣੇ..ਜਿਹਨਾਂ ਓਦੋਂ ਬੜੀ ਹਾਲ ਦੁਆਹੀ ਮਚਾਈ ਸੀ..ਉਸਨੇ ਠਾਣੇ ਤੇ ਹਮਲਾ ਕਰ ਦਿੱਤਾ..ਕਨੂੰਨ ਤੋੜਿਆਂ..ਅੱਜ ਡਿਬ੍ਰੂਗੜ ਤੋਂ ਸੁਨੇਹਾ ਆਇਆ..ਅਸੀਂ ਮਰਨੋਂ ਨਹੀਂ ਡਰਦੇ ਪਰ ਰੋਟੀ ਵਿਚ ਜਹਿਰ ਦੇ ਕੇ ਮੁਕਾ ਦੇਣ..ਆਹ ਮਨਜੂਰ ਨਹੀਂ..!
ਉਹ ਹਾਲ ਦੁਆਹੀ ਅੱਜ ਚੁੱਪ ਏ..ਬੇਇਨਸਾਫ਼ੀ ਖਿਲਾਫ..ਇੱਕਪਾਸੜ ਕਨੂੰਨ ਖਿਲਾਫ..ਸੁਸਰੀ ਵਾਂਙ ਸੁੱਤੀ ਪਈ..ਖੂਨ ਵਿਚ ਹੀ ਏ ਸਭ ਕੁਝ..ਸਿੱਖੀ ਸਿਖਿਆ ਗੁਰਵੀਚਾਰ ਦੀ ਚੜਤ ਸਹੀ ਨਹੀਂ ਜਾਂਦੀ..!
ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ..ਨਾ ਲੈਂਦੇ ਪੰਗੇ..ਨਾ ਲੌਂਦੇ ਆਢਾ..ਪਰ ਕੀ ਕਰੀਏ ਦਸਮ ਪਿਤਾ ਨੇ ਆਢਾ ਲਾਉਣਾ ਹੀ ਤਾਂ ਸਿਖਾਇਆ..ਜਾਲਮ ਦੀ ਭੱਖਿਆ ਤੇ ਗਰੀਬ ਦੀ ਰੱਖਿਆ..ਬੋਤਾ ਸਿੰਘ ਗਰਜਾ ਸਿੰਘ..ਬੇਅੰਤ ਸਿੰਘ ਸਤਵੰਤ ਸਿੰਘ..ਸੁੱਖਾ ਜਿੰਦਾ..ਸਾਰਿਆਂ ਲਾਇਆ ਹੀ ਤਾਂ ਸੀ..ਇਹ ਵੀ ਨਹੀਂ ਸੋਚਿਆ ਸਾਡਾ ਕੀ ਬਣੂ..ਖੈਰ ਲੰਮੀਆਂ ਗੱਲਾਂ ਅੱਗੇ ਵੀ ਬਹੁਤ ਵੇਰ ਕੀਤੀਆਂ..!
ਹਾਕਮ ਦਾ ਹੰਕਾਰ ਸਿਖਰ ਤੇ..ਆਪਣੇ ਬਰੋਬਰ ਕੁਝ ਵੀ ਪਸੰਦ ਨਹੀਂ..ਸਭ ਥੱਲੇ ਹੋਣੇ ਚਾਹੀਦੇ..ਤੋਰ ਲਹਿਜਾ ਤੱਕਣੀ ਸੁਰ ਬੋਲੀ ਉੱਠਣੀ ਬੈਠਣੀ ਵਸਤਰ ਨਸ਼ਤਰ ਸਭ ਕੁਝ ਬਦਲਿਆ ਹੋਇਆ..ਇਹ ਹੰਕਾਰ ਦੇ ਮੁੱਰਬੇ ਦਾ ਆਖਰੀ ਖੱਤਾ ਹੁੰਦਾ..ਬੰਬੀ ਬੰਦ ਵੀ ਹੋ ਜਾਵੇ..ਭਰਨ ਲਈ ਨਕਾਲ ਹੀ ਕਾਫੀ ਏ..ਬਕੌਲ ਭਰਪੂਰ ਸਿੰਘ ਬਲਬੀਰ..ਦਿੱਲੀ ਕਾ ਲਹਿਜਾ ਕੁਝ ਔਰ..ਜੁਬਾਨ ਕੁਝ ਔਰ ਦਿੱਲ ਕੁਝ ਔਰ ਕਹਿਤਾ ਹੈ..!
ਅੱਤ ਦੇ ਕਰੀਬੀ ਵੀ ਹੈਰਾਨ..ਸੱਪ ਦੀ ਡੱਡੂ ਨਾਲ ਯਾਰੀ..ਪਿੱਠ ਤੇ ਬਿਠਾ ਕੇ ਯਾਰ ਮਾਰ ਕਰਵਾਈ..ਜਦੋਂ ਸਾਰੇ ਮੁੱਕ ਗਏ ਤਾਂ ਆਪਣੀ ਵਾਰੀ ਆਈ..ਪਰ ਹੁਣ ਕੀ ਹੋ ਸਕਦਾ ਸੀ..ਖਿਸਕਾਵੀਂ ਪੌੜੀ ਅਸਮਾਨ ਨੂੰ ਛੁਹ ਰਹੀ..ਉਹ ਚੜੀ ਜਾ ਰਿਹਾ..ਲਗਾਤਾਰ..ਬਿਨਾ ਹੇਠਾਂ ਵੇਖੇ..ਠੀਕ ਓਸੇ ਤਰਾਂ ਜਿੱਦਾਂ ਸੱਤਰਵਿਆਂ ਵੇਲੇ ਦੀ ਦੁਰਗਾ ਚੜੀ ਸੀ..!
ਪਰ ਸੌ ਹੱਥ ਰੱਸਾ..ਸਿਰੇ ਤੇ ਗੰਢ..ਗੁਰੂ ਘਰ ਨਾਲ ਜਿਸ ਵੀ ਆਢਾ ਲਾਇਆ ਕੱਖ ਨੀ ਰਿਹਾ..ਚੰਦੂ..ਗੰਗੂ..ਸੂਬਾ ਸਰਹੰਦ ਲੱਖਪਤ ਜਸਪਤ ਹੋਰ ਵੀ ਕਿੰਨੇ..ਵਕਤੀ ਤੌਰ ਤੇ ਬੇਸ਼ੱਕ ਸਿਖਰ ਛੁਹੀ..ਪਰ ਅੱਤ ਦਾ ਅੰਤ ਦਿਨਾਂ ਵਿਚ ਹੀ ਹੋ ਗਿਆ..!
ਦਿਸੰਬਰ ਚੁਰਾਸੀ..ਅਜੇ ਮਰੀ ਨੂੰ ਕੁਝ ਦਿਨ ਹੀ ਹੋਏ ਸਨ..ਪੁੱਤ ਨੂੰ ਸਵਾ ਪੰਜ ਸੌ ਵਿਚੋਂ ਚਾਰ ਸੌ ਤਿੰਨ ਸੀਟਾਂ ਮਿਲੀਆਂ..ਉਸਦਾ ਹੰਕਾਰ ਵੀ ਸਿਖਰ ਤੇ ਸੀ..ਪੂਰੇ ਮੁਲਖ ਵਿਚ ਕਤਲ ਕੀਤੇ ਸਿਖਾਂ ਬਾਰੇ ਏਨਾ ਆਖਿਆ..ਜਦੋਂ ਵੱਡਾ ਰੁੱਖ ਡਿੱਗਦਾ ਭੋਏਂ ਤੇ ਹਿੱਲਦੀ ਹੀ ਹੈ..ਅੱਜ ਵੇਖੋ ਕਿਥੇ ਬੈਠੇ..ਅੰਨੀ ਬੋਲੀ ਹੋਈ ਪਾਰਟੀ ਕੰਧਾਂ ਵਿਚ ਵੱਜਦੀ ਫਿਰਦੀ..ਇਸ ਦਿਲ ਕੇ ਟੁਕੜੇ ਹਜਾਰ ਹੂਏ..ਕੋਈ ਯਹਾਂ ਗਿਰਾ ਕੋਈ ਵਹਾਂ..!
ਬੰਗਾਲ ਦਾ ਸਿੱਖ ਆਈ ਪੀ ਐੱਸ..ਕੈਮਰੇ ਅੱਗੇ ਭੜਕ ਗਿਆ..ਬਿੱਪਰ ਨੇ ਖਾਲਿਸਤਾਨੀ ਜੂ ਆਖ ਦਿੱਤਾ..ਕਦੀ ਵੇਲਾ ਸੀ ਇੰਝ ਕੇ.ਪੀ ਗਿੱਲ ਓਹਨਾ ਪੱਤਰਕਾਰਾਂ ਨੂੰ ਆਖਿਆ ਕਰਦਾ ਸੀ..ਜੋ ਝੂਠੇ ਮੁਕਾਬਲਿਆਂ ਦੀ ਗੱਲ ਕਰਿਆ ਕਰਦੇ..!
ਇੱਕ ਨਵੰਬਰ ਚੁਰਾਸੀ ਤੁਗਲਕਾਬਾਦ ਰੇਲਵੇ ਸਟੇਸ਼ਨ ਏਅਰ-ਕੰਡੀਸ਼ੰਡ ਡੱਬੇ ਵਿੱਚ ਬੈਠੇ ਕਰਨਲ ਕੈਪਟਨ ਇਹ ਸੋਚ ਬੇਫਿਕਰ ਬੈਠੇ ਰਹੇ..ਅਸੀਂ ਤਾਂ ਦੇਸ਼ ਦੀ ਸੇਵਾ ਕਰਦੇ ਹਾਂ..ਵਰਦੀ ਪਾਈ ਹੋਈ ਸਾਨੂੰ ਕਿਸੇ ਕੀ ਆਖਣਾ..ਅਗਲੇ ਵਾਵਰੋਲੇ ਵਾਂਙ ਆਏ..ਸਰੀਏ ਮਾਰੇ..ਤੇਲ ਸੁੱਟਿਆ ਤੇ ਕਦੇ ਦਾ ਪਾਲਿਆ ਵਿਚਵਾਸ਼ ਭਰਮ ਭੁਲੇਖਾ ਇਤਬਾਰ ਮਾਨ ਸਨਮਾਨ ਸਭ ਕੁਝ ਮਿੰਟਾਂ ਸਕਿੰਟਾਂ ਵਿਚ ਸਵਾਹ ਹੋ ਗਿਆ..!
ਨੱਬੇ ਵਰ੍ਹਿਆਂ ਦੇ ਕੋਲ ਅੱਪੜਿਆ ਤਿਰਲੋਚਨ ਸਿੰਘ..ਸਿਰਸੇ ਦਾ ਸੱਜਾ ਹੱਥ..ਚੁਰਾਸੀ ਵੇਲੇ ਗਿਆਨੀ ਜੈਲ ਸਿੰਘ ਦਾ ਪੀ.ਏ ਹੁੰਦਾ ਸੀ..ਓਮਾਨ ਤੋਂ ਵਾਪਿਸ ਪਰਤ ਸਿੱਧਾ ਮੈਡਮ ਦੀ ਦੇਹ ਵੇਖਣ ਹਸਪਤਾਲ ਚਲੇ ਗਏ..ਭੀੜ ਦਵਾਲੇ ਹੋ ਗਈ..ਮਸੀ ਜਾਨ ਬਚਾ ਕੇ ਦੌੜੇ..!
ਅੱਜ ਹਾਲਾਤ ਓਦੋਂ ਵੀ ਬਦ-ਤਰ..ਮਾਰਨ ਵੇਲੇ ਸਿਰਫ ਇੱਕੋ ਪੈਮਾਨਾ ਹੋਵੇਗਾ..ਪਗੜੀ ਧਾਰੀ ਅਤੇ ਗੈਰ ਪਗੜੀ ਧਾਰੀ..ਨਹੁੰ ਮਾਸ ਦਾ ਰਿਸ਼ਤਾ..ਕੱਲਿਆਂ ਦੀ ਸੁਰ ਹੋਰ ਹੁੰਦੀ..ਭੀੜ ਤੰਤਰ ਨਾਲ ਰਲ ਸੁਰ ਕੁਝ ਹੋਰ..ਸ਼ੰਬੂ ਬੋਰਡਰ ਤੇ ਇੱਕ ਨੌਜੁਆਨ ਨੀਵੀਂ ਪਾਈ ਵੈਰਾਗ ਵਿੱਚ ਆਇਆ ਹੰਝੂ ਵਹਾਅ ਰਿਹਾ ਸੀ..!
ਮਨ ਦੀਆਂ ਕਈ ਅਵਸਥਾਵਾਂ..
ਜਦੋਂ ਅਖੌਤੀ ਲੋਕਤੰਤਰ..ਸਰਕਾਰਾਂ..ਤੰਤਰ ਮੰਤਰ..ਸਿਸਟਮ..ਅਦਾਲਤਾਂ..ਕੋਰਟ..ਵਕੀਲ ਦਲੀਲ ਮੀਡੀਆਂ ਅਖਬਾਰਾਂ ਫੌਜਾਂ ਨੀਮ ਫੌਜੀ ਦਸਤੇ ਅਰਧ ਸੈਨਿਕ ਬਲ..ਬਾਬੂ ਸ਼ਾਹੀ..ਏਜੰਸੀਆਂ ਮਹਿਕਮੇਂ ਸਭ ਇੱਕ ਪਾਸੇ ਹੋਣ..ਵਿਗੜਿਆਂ ਸੰਤੁਲਨ ਵੇਖ ਵੈਰਾਗ ਤੇ ਆ ਹੀ ਜਾਂਦਾ..ਤੀਰ ਵਾਲਾ ਬਾਬਾ ਵੀ ਅਕਸਰ ਧਾਰਨਾ ਲਾਉਂਦਾ ਹੁੰਦਾ ਸੀ..ਇਹ ਪੰਛੀ ਕੱਲਾ ਏ..ਇਹਦੇ ਮਗਰ ਸ਼ਿਕਾਰੀ ਬਹੁਤੇ..ਅਖੀਰ ਕਸਵੱਟੀ ਤੇ ਪੂਰਾ ਹੋ ਉੱਤਰਿਆ..!
ਦਸਮ ਪਿਤਾ ਵੇਲੇ ਦੇ ਹਾਲਾਤ..ਦਿੱਲੀ ਦਾ ਸੂਹੀਆ ਤੰਤਰ..ਪਹਾੜੀ ਰਾਜੇ..ਸਰਹਿੰਦ ਲਾਹੌਰ ਸਮਾਣੇ ਕੈਥਲ ਜੀਂਦ ਕਸ਼ਮੀਰ ਰਿਆਸਤਾਂ ਦੇ ਵੱਡੇ ਲਸ਼ਕਰ..ਏਧਰ ਸੀਮਤ ਗਿਣਤੀ..ਸੰਕੋਚਵਾਂ ਰਾਸ਼ਨ ਪਾਣੀ ਮਰੀਅਲ ਘੋੜੇ..ਤਾਂ ਵੀ ਚੜ੍ਹਦੀ ਕਲਾ..!
ਇਹ ਚੜ੍ਹਦੀ ਕਲਾ ਵੀ ਇੱਕ ਅਵਸਥਾ..ਇੱਕ ਠਹਿਰਾਵ..ਇੱਕ ਸੋਚ..ਇੱਕ ਮੰਜਿਲ..ਜਿਹੜੀ ਮੌਤ ਨੂੰ ਬਰੂਹਾਂ ਤੇ ਵੀ ਖਲੋਤੀ ਵੇਖ ਲਵੇ ਤਾਂ ਵੀ ਹੱਸਦੀ ਏ..ਜੈਕਾਰੇ ਛੱਡਦੀ ਏ..ਖੁਦ ਅਖੀਂ ਵੇਖੀ..ਇੱਕ ਰਿਸ਼ਤੇਦਾਰ ਦੇ ਘਰੇ ਦੋ ਸਿੰਘ..ਵੱਡਾ ਘੇਰਾ ਪੈ ਗਿਆ..ਥੱਕੇ ਟੁੱਟੇ ਅਜੇ ਸੁੱਤੇ ਹੀ ਸਨ..ਦੋਹਾਂ ਕੋਲ ਚਾਰ ਮੈਗਜੀਨ..ਇੱਕ ਨੇ ਤਿੰਨ ਕੋਲ ਰੱਖ ਲਏ ਤੇ ਦੂਜੇ ਨੂੰ ਆਖਿਆ ਤੂੰ ਪਿੱਛੋਂ ਦੀ ਨਿਕਲ ਜਾ..ਮੈਂ ਤੇ ਕੱਲਾ ਤੇਰੇ ਨਿੱਕੇ ਨਿੱਕੇ ਬੱਚੇ..ਦੂਜਾ ਆਖਣ ਲੱਗਾ ਬਾਹਰ ਹਜਾਰਾਂ ਦੇ ਹਿਸਾਬ ਘੇਰਾ..ਆਹ ਤਿੰਨਾਂ ਨਾਲ ਕਿੰਨਾ ਕੂ ਚਿਰ ਕੱਢ ਲਵੇਂਗਾ?
ਆਖਣ ਲੱਗਾ ਓਨਾ ਕੂ ਚਿਰ ਜਿੰਨੇ ਵਿਚ ਤੂੰ ਇਥੋਂ ਦੂਰ ਨਿੱਕਲ ਗਿਆ ਹੋਵੇਂਗਾ..!
ਨਿੱਕਲ ਤੋਂ ਯਾਦ ਆਇਆ..”ਨਿਕਲ ਅਤੇ ਟੈਟੋਨੀਅਮ” ਨਾਮ ਦੀਆਂ ਦੋ ਧਾਤਾਂ ਦੇ ਮਿਸ਼ਰਣ ਨਾਲ ਬਣੀ ਇੱਕ ਹੋਰ ਧਾਤ..”ਨਿਟੀਨੋਲ”
ਠੰਡੀ ਹੋਈ ਨੂੰ ਭਾਵੇਂ ਜਿੱਦਾਂ ਮਰਜੀ ਮਰੋੜ ਲਵੋ..ਓਹੀ ਰੂਪ ਅਖਤਿਆਰ ਕਰ ਲਵੇਗੀ..ਪਰ ਜਦੋਂ ਗਰਮ ਕੀਤਾ ਜਾਵੇ ਤਾਂ ਮੁੜ ਆਪਣੇ ਮੂਲ ਸਰੂਪ ਵੱਲ ਪਰਤ ਆਉਂਦੀ ਏ..ਸਿੱਖ ਕੌਂਮ ਵੀ “ਨਿਟੀਨੋਲ” ਦੀ ਓਹੀ ਧਾਤ..ਠੰਡੀ ਹੋਈ ਨੂੰ ਜੋ ਮਰਜੀ ਬਣਾ ਦਿਓ..ਜਦੋਂ ਗਰਮੀ ਚੜ੍ਹਦੀ ਏ ਤਾਂ ਦਸਮ ਪਿਤਾ ਦੀ ਸਾਜੀ-ਨਿਵਾਜੀ ਮੂਲ-ਭੂਤ ਵਾਲੀ ਓਹੀ ਕੌਂਮ ਹੋ ਨਿੱਬੜਦੀ ਏ..!
ਵਾਹਿਗੁਰੂ ਜੀ ਕਾ ਖਾਲਸਾ..ਵਾਹਿਗੁਰੂ ਜੀ ਕੀ ਫਤਹਿ”
ਹਰਪ੍ਰੀਤ ਸਿੰਘ ਜਵੰਦਾ