.”ਤੁਸੀ ਪਨੀਰ ਦਾ ਪੈਕਟ ਕਿੱਥੇ ਰੱਖ ਦਿੱਤਾ ਫ਼ਰਿੱਜ ਚ’ ਰਣਵੀਰ ਦੀ ਪਤਨੀ ਨੇ ਰਣਵੀਰ ਨੂੰ ਪੁੱਛਿਆ।
” ਯਾਰ ਫ਼ਰੀਜ਼ਰ ‘ਚ ਰੱਖਿਆ ਹੈ ਉੱਪਰ’
“ਹਾਏ ਮੈ ਮਰ ਜਾ ਉੱਪਰ ਫਰੀਜ਼ਰ ਚ ਰੱਖਤਾ ਮੈਂ ਕਲ ਸਾਰਾ ਫਰੀਜ਼ਰ ਸਾਫ਼ ਕੀਤਾ ਸੀ”
“ਮੈ ਧੋ ਕੇ ਰੱਖਿਆ ”
“ਪਰ ਫਰੀਜ਼ਰ ਚ ਕਿਉ ਰੱਖਤਾ ਮੇਰੇ ਨਾਲ ਦੁਸ਼ਮਨੀ ਕੱਢ ਰਿਹਾ ਇਹ ਬੰਦਾ ਬਰਫ਼ ਵਾਲੀਆਂ ਟਰੇਆ ਕੋਲ ਰੱਖਤਾ । ਸਾਰੀ ਬਰਫ਼ ਖਰਾਬ ਹੋ ਗਈ। ਉਏ ਰੱਬਾ ਮੈ ਕੱਲ ਹੀ ਸਾਰਾ ਕੁਝ ਧੋ ਕੇ ਰੱਖਿਆ ਸੀ ਮੇਰੀ ਫੁੱਟੀ ਕਿਸਮਤ ਜੋ ਮੈ ਪਨੀਰ ਲਿਆਉਣ ਨੂੰ ਕਹਿ ਬੈਠੀ” ਰਣਵੀਰ ਦੀ ਪਤਨੀ ਨੇ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ ਤੇ ਨਾਲ ਨਾਲ ਉਹ ਉੱਚੀ ਬੋਲ ਵੀ ਰਹੀ ਸੀ। ਅਜੇ ਉਹ ਸੁਤੀ ਹੀ ਉੱਠੀ ਸੀ ਜਦੋਂ ਵੇਰਕਾ ਦੁੱਧ ਵਾਲਾ ਟੈਂਪੂ ਆ ਗਿਆ ਸੀ। ਰਣਵੀਰ ਰੋਜ਼ ਦੀ ਤਰ੍ਹਾਂ ਦੁੱਧ ਲੈਣ ਲੱਗਾ ਤਾ ਪਤਨੀ ਨੇ ਪਨੀਰ ਦਾ ਪੈਕਟ ਫੜ੍ਹਨ ਲਈ ਕਹਿ ਦਿੱਤਾ। ਪਤਨੀ ਬਰੱਸ਼ ਕਰਨ ਲਈ ਬਾਥਰੂਮ ਜਾਂਦੀ ਜਾਂਦੀ ਰਣਵੀਰ ਨੂੰ ਕਹਿ ਗਈ ਪੈਕਟ ਉਪਰ ਰੱਖ ਦਿਉ। ਰਣਵੀਰ ਨੇ ਉੱਪਰ ਦਾ ਮਤਲਬ ਫਰੀਜ਼ਰ ਸਮਝ ਲਿਆ ਤੇ ਉਸ ਨੇ ਪੈਕਟ ਧੋ ਕੇ ਉਸ ਵਿੱਚ ਰੱਖ ਦਿੱਤਾ। ਦਰਅਸਲ ਕਰੋਨਾ ਕਾਲ ਨੇ ਸਭ ਨੂੰ ਆਦਤ ਬਣਾ ਦਿੱਤੀ ਵੀ ਹਰ ਚੀਜ਼ ਧੋ ਕੇ ਰੱਖਣੀ ਆ।ਪਰ ਰਣਵੀਰ ਨੇ ਪੈਕਟ ਗਲਤ ਜਗ੍ਹਾ ਰੱਖ ਦਿੱਤਾ ਸੀ।
ਇਹ ਸਾਰਾ ਰੌਲਾ ਸੁਣਕੇ ਰਣਵੀਰ ਦਾ ਬੇਟਾ ਵੀ ਆਪਣੇ ਕਮਰੇ ਵਿੱਚੋ ਬਾਹਰ ਆ ਗਿਆ ਉਸ ਦੀ ਵੀ ਜਾਗ ਖੁੱਲ ਗਈ। ਉਹ ਅਕਸਰ ਥਹੁੜਾ ਲੇਟ ਹੀ ਉੱਠਦਾ ਜਦੋਂ ਕੰਮ ਵਾਲੀ ਆ ਕੇ ਬਰੇਕ ਫਾਸਟ ਬਣਾ ਜਾਂਦੀ ਹੈ ਫੇਰ ਉਹ ਉੱਠਦਾ । ਪਰ ਅਜ ਲੜ੍ਹਾਈ ਨੇ ਉਸ ਨੂੰ ਜਲਦੀ ਉੱਠਾ ਦਿੱਤਾ।
” ਕੀ ਹੋਇਆ” ਉਸ ਨੇ ਆਪਣੀ ਮਾਂ ਨੂੰ ਪੁੱਛਿਆ ਜੋ ਬੁਰੀ ਤਰ੍ਹਾਂ ਰੋ ਰਹੀ ਸੀ।
” ਇਸ ਬੰਦੇ ਨੇ ਮੇਰੀ ਜਿੰਦਗੀ ਬਰਬਾਦ ਕਰ ਦਿੱਤੀ। ਮੈ ਕੱਲ ਫਰੀਜ਼ਰ ਸਾਫ਼ ਕੀਤਾ ਸੀ ਇਸ ਬੰਦੇ ਨੇ ਉਸ ਵਿੱਚ ਪਨੀਰ ਦਾ ਪੈਕਟ ਰੱਖ ਦਿੱਤਾ”
ਬੇਟੇ ਨੇ ਗਲ਼ ਨੂੰ ਬਹੁਤੀ ਤਵੱਜ਼ੋ ਨਹੀ ਦਿੱਤੀ ਉਸ ਨੇ ਫੇਰ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰ ਲਿਆ।ਰਣਵੀਰ ਦੀ ਪਤਨੀ ਨੇ ਰੋਣਾ ਤੇ ਉੱਚੀ ਉੱਚੀ ਬੋਲਣਾ ਜਾਰੀ ਰੱਖਿਆ। ਥੋੜੀ ਦੇਰ ਚ ਕੰਮ ਵਾਲੀ ਆ ਗਈ ਬਰੇਕ ਫਾਸਟ ਬਣਾਉਣ ਲਈ । ਉਸ ਨੇ ਆਲੂ ਦੇ ਪਰਾਂਠੇ ਬਣਾਉਣੇ ਸ਼ੁਰੂ ਕਰ ਦਿੱਤੇ। ਰਣਵੀਰ ਦੀ ਪਤਨੀ ਨੇ ਹੁਕਮ ਕੀਤਾ ਸਿਰਫ਼ ਚਾਰ ਹੀ ਬਣਾਈ ਮੈ ਨਹੀ ਖਾਣਾ।ਕੰਮ ਵਾਲੀ ਨਾਸ਼ਤਾ ਬਣਾਕੇ ਚਲੀ ਗਈ। ਰਣਵੀਰ ਤੇ ਉਸ ਦੇ ਬੇਟੇ ਨੇ ਨਾਸ਼ਤਾ ਕਰ ਲਿਆ ਪਰ ਉਸਦੀ ਪਤਨੀ ਅਜੇ ਵੀ ਰੋ ਰਹੀ ਸੀ। ਰਣਵੀਰ ਨੇ ਇੱਕ ਦੋ ਵਾਰ ਉਸ ਨੂੰ ਸਮਝਾਉਣ ਦੀ ਕੋਸ਼ੀਸ਼ ਕੀਤੀ ਵੀ ਉਸ ਨੇ ਐਸਾ ਕੋਈ ਗੁਨਾਹ ਨਹੀ ਕੀਤਾ। ਪਰ ਉਸ ਦੀ ਪਤਨੀ ਰੋਣੋ ਨਹੀ ਹਟ ਰਹੀ ਸੀ।
” ਤੂੰ ਮੇਰੀ ਗਲਤੀ ਦੀ ਸਜ਼ਾ ਆਪਣੇ ਆਪ ਨੂੰ ਕਿਉ ਦੇ ਰਹੀ ਹੈ ਤੂੰ ਦਵਾਈ ਵੀ ਲੈਣੀ ਹੈ ਤੇਰਾ ਨਾਸ਼ਤਾ ਕਰਨਾ ਜਰੂਰੀ ਹੈ”
” ਜੇ ਮੇਰਾ ਐਨਾ ਫਿਕਰ ਹੁੰਦਾ ਫ਼ੇਰ ਆਹ ਕੰਮ ਨਾ ਕਰਦੇ ਮੈਨੂੰ ਖਪਣ ਨੂੰ ਰੋਜ਼ ਕੋਈ ਨਾ ਕੋਈ ਕੰਮ ਪੁੱਠਾ ਕਰ ਹੀ ਦੇਣਾ ਹੁੰਦਾ ਵੀ ਆਪੇ ਰੋਈ ਜਾਉ ਸਾਰਾ ਦਿਨ” ।ਰਣਵੀਰ ਦਾ ਬੇਟਾ ਵੀ ਜਾਣ ਲਈ ਤਿਆਰ ਹੋ ਗਿਆ ਉਹ ਪ੍ਰਾਈਵੇਟ ਕੰਮ ਕਰਦਾ ਸੀ। ਉਹ ਆਪਣਾ ਆਫ਼ਿਸ ਦਸ ਵਜੇ ਖੋਲਦਾ ਹੁੰਦਾ ਪਰ ਅੱਜ ਉਹ ਵੀ ਨੋ ਵਜੇ ਹੀ ਚਲਾ ਗਿਆ। ਰਣਵੀਰ ਦੀ ਘਰਵਾਲੀ ਨੇ ਫੇਰ ਰੋਣਾ ਸ਼ੁਰੂ ਕਰ ਦਿੱਤਾ ।
” ਇਸ ਬੰਦੇ ਨੇ ਘਰ ਦਾ ਮਹੌਲ ਐਨਾ ਖਰਾਬ ਕਰ ਰੱਖਿਆ ਉਹ ਵੀ ਵਿਚਾਰਾ ਜਲਦੀ ਚਲਾ ਗਿਆ”
” ਇਸ ਵਿੱਚ ਮੇਰਾ ਕੀ ਕਸੂਰ”
” ਹਾਏ ਅਜੇ ਕਸੂਰ ਹੀ ਨਹੀ ਪਨੀਰ ਦਾ ਪੈਕਟ ਫਰੀਜ਼ਰ ਚ ਰੱਖਤਾ ਅਜੇ ਕਸੂਰ ਹੀ ਨਹੀ। ਮੈਂ ਹੀ ਮੂਰਖ ਹਾਂ ਜੋ ਇਸ ਬੰਦੇ ਨਾਲ ਕੱਟ ਰਹੀ ਹਾਂ। ਉਹ ਮੇਰੀ ਮਾਂ ਆਪ ਤਾ ਮਰ ਗਈ ਤੂੰ ਮੈਨੂੰ ਇਹਦੇ ਵੱਸ ਪਾ ਗਈ” ਰਣਵੀਰ ਦੀ ਪਤਨੀ ਅਜੇ ਵੀ ਗੁੱਸੇ ਵਿੱਚ ਰੋ ਰਹੀ ਸੀ ਨਾਲੇ ਬੋਲ ਰਹੀ ਸੀ। ਰਣਵੀਰ ਦੇ ਵੀ ਆਫ਼ਿਸ ਦਾ ਟਾਇਮ ਹੋ ਗਿਆ। ਉਹ ਕਾਹਲੀ ਕਾਹਲੀ ਤਿਆਰ ਹੋ ਕੇ ਦਫ਼ਤਰ ਪਹੁੰਚਿਆ ਪਰ ਉਹ ਫ਼ੇਰ ਵੀ ਲੇਟ ਸੀ। ਉਸ ਨੂੰ ਸਵੇਰੇ ਯਾਦ ਹੀ ਨਹੀ ਰਿਹਾ ਵੀ ਅੱਜ ਇੱਕ ਜਰੂਰੀ ਮੀਟਿੰਗ ਸੀ। ਉਹ ਜਿਉ ਹੀ ਦਫ਼ਤਰ ਪਹੰਚਿਆ ਤਾ ਉਸ ਨੂੰ ਮੀਟਿੰਗ ਦਾ ਖਿਆਲ ਆਇਆ। ਉਸਨੇ ਜਲਦੀ ਜਲਦੀ ਫਾਇਲ ਮੰਗਵਾਈ ਤੇ ਮੀਟਿੰਗ ਵਿੱਚ ਪਹੁੰਚ ਗਿਆ ਉਹ ਅੱਧਾ ਘੰਟਾ ਲੇਟ ਸੀ। ਮੀਟਿੰਗ ਚੱਲ ਰਹੀ ਸੀ ਉਸਦਾ ਹੀ ਇੰਤਜ਼ਾਰ ਹੋ ਰਿਹਾ ਸੀ। ਦਰਅਸਲ ਇਹ ਮੀਟਿੰਗ ਉਸਨੇ ਖੁਦ ਹੀ ਰੱਖੀ ਸੀ ਤਾ ਜੋ ਕੁਝ ਦਫ਼ਤਰੀ ਸਮੱਸਿਆਵਾਂ ਨੂੰ ਹੱਲ ਕੀਤਾ ਜਾ ਸਕੇ। ਪਰ ਉਹ ਆਪ ਹੀ ਲੇਟ ਸੀ। ਅਜੇ ਮੀਟਿੰਗ ਦੁਬਾਰਾ ਸ਼ੁਰੂ ਹੋਈ ਤਾ ਉਸਦੀ ਪਤਨੀ ਦਾ ਫੋਨ ਆ ਗਿਆ। ਉਸ ਨੇ ਫੋਨ ਅਟੈਂਡ ਕਰ ਲਿਆ ਹਾਲਾਂਕਿ ਮੀਟਿੰਗ ਵਿੱਚ ਇਹ ਠੀਕ ਨਹੀ ਸੀ। ਪਰ ਉਸ ਨੇ ਪਤਨੀ ਦੀ ਸਵੇਰ ਵਾਲੀ ਹਾਲਤ ਵੇਖਕੇ ਫੋਨ ਅਟੈਂਡ ਕਰ ਲਿਆ।
” ਮੈ ਆਹ ਫ਼ੋਨ ਚੋ ਸਿਮ ਕੱਢਕੇ ਸਿੱਟ ਰਹੀ ਹਾਂ ਮੈਨੂੰ ਫੋਨ ਦੀ ਲੋੜ ਨਹੀ ਹੈ” ਇਹ ਕਹਿਕੇ ਉਸ ਨੇ ਫੋਨ ਕੱਟ ਦਿੱਤਾ। ਰਣਵੀਰ ਨੇ ਫੋਨ ਬੰਦ ਕਰਕੇ ਦੁਬਾਰਾ ਮੀਟਿੰਗ ਸ਼ੁਰੂ ਕੀਤੀ ਪਰ ਉਸਦਾ ਮਨ ਉਸ ਮੀਟਿੰਗ ਵਿੱਚ ਨਹੀ ਸੀ। ਇਸ ਮੀਟਿੰਗ ਚੋ ਕੁਝ ਨਾ ਨਿੱਕਲਿਆ। ਰਣਵੀਰ ਲਈ ਇਹ ਮੀਟਿੰਗ ਬਹੁਤ ਅਹਿਮ ਸੀ। ਉਹ ਉਦਾਸ ਵਾਪਿਸ ਆ ਗਿਆ। ਇੱਥੇ ਵੀ ਉਸ ਦਾ ਮਨ ਨਾ ਲੱਗਾ। ਉਸ ਦਾ ਜੀਅ ਕਰ ਰਿਹਾ ਸੀ ਉਹ ਘਰ ਚਲਾ ਜਾਵੇ। ਪਰ ਉਹ ਗਿਆ ਨਹੀ। ਉਸ ਨੇ ਆਪਣੇ ਬੇਟੇ ਨੂੰ ਫੋਨ ਲਾ ਲਿਆ। ਉਸ ਨੇ ਫ਼ੋਨ ਨਾ ਚੱਕਿਆ। ਉਸਨੇ ਥੋੜੀ ਦੇਰ ਬਾਅਦ ਫੇਰ ਫੋਨ ਕੀਤਾ ਤਾਂ ਇਸ ਵਾਰ ਉਸ ਦੇ ਅਸਿਸਟੈਂਟ ਨੇ ਫੋਨ ਚੱਕਿਆ।
” ਹੈਲੋ ਬੇਟਾ”
“ਸਰ ਮੈਂ ਉਨ੍ਹਾਂ ਦਾ ਅਸਿਸਟੈਂਟ ਰਾਹੁਲ ਬੋਲ ਰਿਹਾ ਹਾਂ । ਸਰ ਦਾ ਦਰਅਸਲ ਕਿਸੇ ਨਾਲ ਝਗੜਾ ਹੋ ਗਿਆ ਉਹ ਬਿਜੀ ਹਨ”
” ਕਿਸ ਨਾਲ ਝਗੜਾ ਹੋ ਗਿਆ ਤੇ ਕਿਉ”
” ਦਰਅਸਲ ਸਰ ਅੱਜ ਸਵੇਰੇ ਹੀ ਸਰ ਦਾ ਮੂਡ ਖਰਾਬ ਸੀ ਉਪਰੋ ਉਹ ਸਾਡਾ ਕਲਾਇੰਟ ਆ ਗਿਆ ਜੀ। ਉਸਨੇ ਪਿੱਛਲੀ ਪੇਮੈਂਟ ਨਹੀ ਦਿੱਤੀ ਤਾ ਸਰ ਨੇ ਸਖਤੀ ਨਾਲ ਪੇਮੈਂਟ ਮੰਗੀ ਅੱਗੋ ਉਹ ਝਗੜਾ ਕਰਨ ਲੱਗ ਗਿਆ”
“ਠੀਕ ਹੈ ਜਦੋਂ ਉਹ ਫ਼ਰੀ ਹੋਇਆ ਮੇਰੇ ਨਾਲ ਗੱਲ਼ ਕਰਵਾਈ” ਰਣਵੀਰ ਨੇ ਫ਼ੋਨ ਬੰਦ ਕਰਤਾ। ਉਹ ਫ਼ਿਕਰਮੰਦ ਹੋ ਗਿਆ ਕਦੇ ਉਸ ਦਾ ਮਨ ਕਰੇ ਵੀ ਉਹ ਬੇਟੇ ਦੇ ਆਫ਼ਿਸ ਚਲਾ ਜਾਵੇ ਪਰ ਉਹ ਬਹੁਤ ਦੂਰ ਸੀ। ਥੋੜੀ ਦੇਰ ਬਾਅਦ ਬੇਟੇ ਦਾ ਫੋਨ ਆ ਗਿਆ।
” ਹਾਂ ਦੱਸੋ ਕੀ ਗਲ਼ ਸੀ ਫ਼ੋਨ ਕਿਉ ਕੀਤਾ ਸੀ”
” ਮੈਂ ਵੈਸੇ ਹੀ ਕਰ ਲਿਆ ਬੇਟਾ ਤੁਹਾਡਾ ਕੀ ਰੌਲਾ ਹੋ ਗਿਆ ਸੀ”
“ਕੁਝ ਨਹੀ ਇੱਕ ਤਾ ਤੁਸੀ ਘਰੋ ਹੀ ਬੰਦੇ ਦਾ ਦਿਮਾਗ ਖਰਾਬ ਕਰਕੇ ਭੇਜਦੇ ਹੋ ਬੰਦਾ ਕੀ ਕਰੇ। ਉਪਰੋਂ ਉਹ ਬਕਵਾਸ ਕਰਨ ਲੱਗ ਗਿਆ ਫ਼ੇਰ ਮੈਨੂੰ ਵੀ ਗੁਸਾ ਆ ਗਿਆ”
” ਬੇਟਾ ਝਗੜਾ ਠੀਕ ਨਹੀ ਅਰਾਮ ਨਾਲ ਵੀ ਗੱਲ਼ ਹੋ ਸਕਦੀ ਹੈ ।”
” ਇਹ ਕੌਣ ਸਮਝਾ ਰਿਹਾ ਸਵੇਰੇ ਕੀ ਹਾਲ ਸੀ ਆਪਣੇ ਘਰੇ ਬੱਸ ਰਹਿਣ ਦਿਉ” ਇਹ ਕਹਿਕੇ ਰਣਵੀਰ ਦੇ ਬੇਟੇ ਨੇ ਫੋਨ ਕੱਟ ਦਿੱਤਾ। ਰਣਵੀਰ ਨੂੰ ਲਗਿਆ ਬੇਟਾ ਠੀਕ ਕਹਿ ਰਿਹਾ। ਰਣਵੀਰ ਨੂੰ ਆਪਣੀ ਪਨੀਰ ਵਾਲੀ ਗਲਤੀ ਦਾ ਪਛਤਾਵਾ ਹੋ ਰਿਹਾ ਸੀ। ਉਸ ਨੇ ਕਿਉ ਇਹ ਗਲਤੀ ਕੀਤੀ ਜਿਸ ਕਰਕੇ ਸਾਰੇ ਘਰ ਦਾ ਮਹੌਲ ਖਰਾਬ ਹੋ ਗਿਆ। ਇਹ ਸੋਚ ਸੋਚ ਉਹ ਆਪਣੇ ਮਨ ਹੀ ਮਨ ਪਛਤਾ ਰਿਹਾ ਸੀ। ਉਸ ਨੂੰ ਆਪਣੀ ਗਲਤੀ ਤੇ ਪਛਤਾਵਾ ਸੀ।