ਮੈੰ ਕਿਸੇ ਦੀ ਸੱਚੀ ਦਾਸਤਾਨ ਲਿਖ ਰਿਹਾਂ। ਲਿਖ ਈ ਰਿਹਾਂ,ਅਮਲ ਮੈਂ ਵੀ ਨ੍ਹੀਂ ਕਰਨਾ। ਕਿਉਂ? ਕਿਉਂਕਿ ਕੰਮ ਉਦੋਂ ਤੱਕ ਮੁਕਦੇ ਨ੍ਹੀਂ,ਜਦੋੰ ਤੱਕ ਬੰਦਾ ਨ੍ਹੀਂ ਮੁਕਦਾ ਜਾਂ ਮੰਜੇ ‘ਚ ਨ੍ਹੀਂ ਬੈਠਦਾ। ਓਸਨੇ ਦੱਸਿਆ:-
ਅਸੀਂ ਸਾਰੇ ਪਹਿਲਾਂ ਪਿੰਡ ‘ਚ ਈ ਰਹਿੰਦੇ ਸੀ। ਪੰਜਾਬ ਦੇ ਕਾਲ਼ੇ ਦੌਰ ਦੌਰਾਨ,ਮੈਂ ਪਿੰਡ ਛੱਡ ਸ਼ਹਿਰ ਆ ਗਿਆ। ਪ੍ਰਚੂਨ ਦੀ ਇੱਕ ਨਿੱਕੀ ਜਿਹੀ ਹੱਟੀ ਪਾ ਲਈ। ਮੇਰੇ ਤਾਏ ਦਾ ਮੁੰਡਾ ਪਿੱਲੀ,ਜੋ ਮੈਥੋਂ ਵੱਡਾ ਸੀ,ਓਸਨੇ ਪਿੰਡ ਨਾ ਛੱਡਿਆ। ਡਰ ਕਾਰਨ ਕੱਟਵੀਂ ਦਾਹੜੀ ਰੱਖ ਪੱਗ ‘ਲਪੇਟਣ’ ਲੱਗ ਪਿਆ। ਪਿੰਡ ਦੇ ਦੂਸਰੇ ਪਾਸੇ ‘ਚ ਪ੍ਰਚੂਨ ਦੀ ਦੁਕਾਨ ਓਹਦੀ ਵੀ ਸੀ,ਪਰ ਇਸਦੇ ਨਾਲ਼ ਓਸਦਾ ਮੁੱਖ ਕੰਮ ਵਿਆਜ ਉੱਤੇ ਪੈਸੇ ਦੇਣਾ ਸੀ। …ਤੇ ਸੱਚਾਈ ਇਹ ਵੀ ਹੈ ਕਿ ਓਸਨੇ ਕਦੀ ਵੱਢਣ ਵਾਲ਼ਾ ਵਿਆਜ ਨ੍ਹੀਂ ਸੀ ਲਾਇਆ। ਕਿਸੇ ਗਰੀਬ ਦੀ ਧੀ ਦਾ ਵਿਆਹ ਹੁੰਦਾ,ਓਹਨੇ ਵਿਆਜ ਨ੍ਹੀਂ ਸੀ ਲਿਆ। ਸ਼ਾਇਦ ਇਹੀ ਕਾਰਨ ਸੀ ਕਿ ਓਸਦੀ ਰਕਮ ਕਦੀ ਨ੍ਹੀਂ ਸੀ ਮਰੀ।
ਪਿੱਲੀ ਪੰਦਰਾਂ-ਵੀਹਾਂ ਦਿਨਾਂ ਬਾਅਦ ਸਾਡੇ ਘਰ ਗੇੜੀ ਮਾਰ ਜਾਂਦਾ। ਚੇਤਕ ਸਕੂਟਰ ਦੇ ਅੱਗੇ ਓਹਨੇ ਕਿੰਨਾ ਕੁਝ ਲੱਦਿਆ ਹੁੰਦਾ। ਮੌਸਮੀ ਸਬਜੀਆਂ,ਭਾਜੀਆਂ,ਮੂਲ਼ੀਆਂ ਸ਼ਲਗਮ। ਮੇਰੀ ਪਤਨੀ ਨੂੰ ਗੰਨੇ ਚੂਪਣ ਦਾ ਬੜਾ ਸ਼ੌਕ ਸੀ। ਕਿਉਂਕਿ,ਓਹ ਵੀ ਪੰਡ ਦੀ ਰਹਿਣ ਵਾਲ਼ੀ ਸੀ। ਇਸੇ ਕਰਕੇ ਪਿੱਲੀ ਬੋਰੇ ਵਿੱਚ ਭਰ,ਗੰਨਿਆਂ ਦੀਆਂ ਗੰਡੀਰੀਆਂ ਲੈ ਆਉਂਦਾ।
ਇਸੇ ਤਰ੍ਹਾਂ ਇਹਨਾਂ ਚੀਜਾਂ ਬਗੈਰ ਓਹ ਇੱਕ ਹੋਰ ਚੀਜ਼ ਲਿਆਉਂਦਾ ਜਿਸਦਾ ਨਾਂ ਅਸੀਂ “ਚੀਜ਼ੀ” ਰੱਖਿਆ ਹੁੰਦਾ ਸੀ। ਓਹ “ਚੀਜ਼ੀ” ਹੁੰਦੀ ਘਰਦੀ ਕੱਢੀ ਦਾਰੂ। ਪਿੰਡ ਦੇ ਕਈ ਜਿਮੀਂਦਾਰ ਆਪਣੇ ਪੀਣ ਲਈ ਘਰਦੀ ਦਾਰੂ ਬਣਾ ਲੈੰਦੇ ਸੀ,ਵਿੱਚ ਲੌਂਗ ‘ਲੈਚੀਆਂ ਪਾ ਕੇ। ਪਿੱਲੀ ਨੇ ਕਿਸੇ ਨਾ ਕਿਸੇ ਘਰੋਂ ਓਹ “ਚੀਜ਼ੀ” ਲੈ ਆਉਣੀ ਤੇ ਅਸੀਂ ਦੋਵਾਂ ਨੇ ਰਲ਼ ਕੇ ਪੀਣੀ। ਉਂਜ ਨਾ ਕਦੀ ਓਹ ਕਿਸੇ ਨਾਲ਼ ਪੀਂਦਾ ਸੀ ਤੇ ਨਾ ਮੈਂ।
ਜਿਉਂ-ਜਿਉਂ ਸਮਾਂ ਬੀਤਦਾ ਗਿਆ,ਤਿਉਂ-ਤਿਉਂ ਦੋਵਾਂ ਦੇ ਕੰਮਕਾਰ ਵਧਦੇ ਗਏ ਤੇ ਮਿਲਣੀਆਂ ਵਿੱਚ ਸਮੇੰ ਦੀ ਵਿੱਥ ਪੈਂਦੀ ਰਹੀ। ਹੁਣ ਓਹ ਦੋ -ਤਿੰਨ ਮਹੀਨਿਆਂ ਮਗਰੋਂ ਗੇੜਾ ਮਾਰਦਾ। ਕਿਉਂਕਿ ਹੁਣ ਮੋਬਾਇਲ ਫੋਨ ਆ ਗਏ ਸੀ ਤੇ ਖੈਰ-ਸੁੱਖ ਮੋਬਾਈਲਾਂ ਰਾਹੀਂ ਈ ਹੋ ਜਾਂਦੀ ਸੀ। ਉਂਜ ਇਹ ਸੀ ਕਿ ਆਉਣ ਤੋਂ ਪਹਿਲਾਂ ਓਹ ਜਰੂਰ ਦੱਸ ਦਿੰਦਾ। ਆਇਆ ਤਾਂ ਉਸ ਦਿਨ ਵੀ ਦੱਸ ਕੇ ਈ ਸੀ,ਪਰ..…।
ਮੇਰੇ ਘਰ ਪਹੁੰਚ ਦੋ-ਤਿੰਨ ਵਾਰ ਓਹਨੇ ਫੋਨ ਕਰਿਆ ਤੇ ਤਿੰਨ-ਚਾਰ ਵਾਰ ਪਤਨੀ ਨੇ,ਪਰ ‘ਬਸ ਆਇਆ,ਹੁਣੇ ਆਇਆ’ ਆਖ ਜਾ ਈ ਨ੍ਹੀਂ ਹੋਇਆ। ਗ੍ਰਾਹਕਾਂ ਵਿੱਚ ਅਜਿਹਾ ਉਲਝਿਆ ਕਿ ਯਾਦ ਈ ਨ੍ਹੀਂ ਰਿਹਾ ਕਿ ਕੋਈ ਉਡੀਕ ਕਰ ਰਿਹਾ ਹੈ।.…….ਤੇ ਜਦੋਂ ਕਿਸੇ ਜਾਣਕਾਰ ਦਾ ਫੋਨ ਆਇਆ ਤਾਂ ਦੁਕਾਨ ਵੀ ਝੱਟ ਬੰਦ ਹੋ ਗੀ। ਅੰਨ੍ਹੇਵਾਹ ਸ਼ਹਿਰ ਦੇ ਫਲਾਈਓਵਰ ਵੱਲ ਭੱਜਿਆ,ਪਰ ਉਦੋਂ ਤੱਕ ਪਿੱਲੀ ਸਦਾ ਲਈ ਵਿਛੜ ਗਿਆ ਸੀ। ਪੁਲ਼ ਚੜ੍ਹਦਿਆਂ ਕਿਸੇ ਗੱਡੀ ਨੇ ਅਜਿਹੀ ਫੇਟ ਮਾਰੀ ਕਿ ਥਾਂਈਂ ਢੇਰੀ ਹੋ ਗਿਆ। ਓਹਦੀ ਲਿਆਂਦੀ “ਚੀਜ਼ੀ” ਓਵੇਂ ਬੈੱਡ ਦੀ ਢੋਅ ਵਿੱਚ ਸਾਂਭੀ ਪਈ ਆ। ਹੁਣ ਸੋਚੀਦਾ,ਕਾਸ਼! ਉਸ ਦਿਨ ਓਹ “ਚੀਜ਼ੀ” ਸਾਂਝੀ ਕਰ ਲੈਂਦੇ ਤੇ ਸਮਾਂ ਟਲ਼ ਜਾਂਦਾ। ਪਿੱਲੀ ਮੇਰੇ ਕੋਲ਼ ਰਾਤ ਰਹਿ ਜਾਂਦਾ ਤਾਂ ਕਾਹਨੂੰ ਹੁੰਦਾ ਐਕਸੀਡੈਂਟ! ਪਰ….ਬੀਤਿਆ ਸਮਾਂ ਹੱਥ ਕਦੋਂ ਆਇਆ।