ਪ੍ਰੈਪ ਕਮਰਸ ਵਿੱਚ ਮੇਰੇ ਨਾਲ ਤਿੰਨ ਰਾਕੇਸ਼ ਪੜ੍ਹਦੇ ਸ਼ਨ। ਇੱਕ ਪਾਪਾ ਰੇਲਵੇ ਵਿੱਚ ਏ ਐਸ ਐਮ ਸੀ। ਇਸ ਲਈ ਅਸੀਂ ਉਸਨੂੰ ਰਾਕੇਸ਼ ਰੇਲਵੇ ਆਖਦੇ ਸੀ। ਉਹ ਯਾਰਾਂ ਦਾ ਯਾਰ ਸੀ। ਪੜ੍ਹਾਈ ਵਿੱਚ ਮੇਰੇ ਵਰਗਾ ਹੀ ਸੀ ਪਰ ਮੇਹਨਤੀ ਸੀ। ਉਸ ਦੀ ਇੱਕ ਅਲੱਗ ਜੁੰਡਲੀ ਸੀ ਜਿਸਨੂੰ ਵਿੱਚ ਉਹ ਇੱਕ ਦੂਜੇ ਨੂੰ ਤਾਊ ਆਖਦੇ ਸਨ। ਇਹ ਪੰਜ ਛੇ ਜਣੇ ਸਨ। ਇਸ ਤਾਊ ਪਾਰਟੀ ਦੀ ਚਰਚਾ ਕਦੇ ਫਿਰ ਕਰਾਂਗੇ। ਰਾਕੇਸ਼ ਦੇ ਮੰਮੀ ਵੀ ਸਕੂਲ ਟੀਚਰ ਸਨ। ਇਹ ਇੱਕ ਵਧੀਆ ਦੋਸਤ ਸੀ। ਦੂਸਰੇ ਰਾਕੇਸ਼ ਦੇ ਪਿਤਾ ਜੀ ਵੀ ਰੇਲਵੇ ਵਿੱਚ ਲੱਗੇ ਹੋਏ ਸਨ। ਪਰ ਇਸ ਰਾਕੇਸ਼ ਦੇ ਨਾਮ ਦੇ ਨਾਲ ਉਸਦੇ ਪਿਤਾ ਜੀ ਦਾ ਨਾਮ ਜੋੜ ਕੇ ਬੁਲਾਇਆ ਜਾਂਦਾ ਸੀ। ਉਸਦੇ ਪਾਪਾ ਜੀ ਦਾ ਨਾਮ ਸ਼ਾਇਦ ਹਵੇਲੀ ਰਾਮ ਸੀ। ਤੇ ਸਾਰੇ ਰਾਕੇਸ਼ ਹਵੇਲੀ ਹੀ ਆਖਦੇ ਸਨ। ਇਹ ਵੀ ਪੜ੍ਹਾਈ ਵਿੱਚ ਸਾਡੇ ਲੈਵਲ ਦਾ ਹੀ ਸੀ। ਇਹ ਥੋੜਾ ਘੱਟ ਬੋਲਦਾ ਸੀ। ਮੇਰੇ ਨਾਲ ਇਸਦੀ ਬਹੁਤੀ ਦੋਸਤੀ ਨਹੀਂ ਸੀ। ਉਂਜ ਬੰਦਾ ਇਹ ਵੀ ਵਧੀਆ ਸੀ। ਤੀਸਰੇ ਰਾਕੇਸ਼ ਦਾ ਕਲਾਸ ਵਿਚ ਰੋਲ ਨੰਬਰ 819 ਸੀ। ਸੋ ਇਸ ਨੂੰ ਰਾਕੇਸ਼ ਨਾਇਨਟੀਨ ਕਹਿੰਦੇ ਸਨ। ਇਹਨਾਂ ਦਾ ਕਰਾਕਰੀ ਦਾ ਥੋਕ ਦਾ ਬਿਜਨਿਸ ਸੀ। ਇਸ ਨੂੰ ਕੁਝ ਦੋਸਤ ਰਾਕੇਸ਼ ਕਰਾਕਰੀ ਵੀ ਕਹਿੰਦੇ ਸਨ। ਇਸ ਦੀ ਸ਼ਹਿਰੀ ਮੁੰਡਿਆਂ ਨਾਲ ਚੰਗੀ ਦੋਸਤੀ ਸੀ। ਇਹਨਾਂ ਸ਼ਹਿਰੀ ਦੋਸਤਾਂ ਦਾ ਆਪਣਾ ਗਰੁੱਪ ਸੀ। ਇਹ ਲੋਕ ਪਿੰਡਾਂ ਵਾਲਿਆਂ ਨੂੰ ਬਹੁਤਾ ਪਸੰਦ ਨਹੀਂ ਸੀ ਕਰਦੇ। ਇਥੇ ਬੀੜੀਆਂ ਤੇ ਸਿਗਰਟਾਂ ਜਿੰਨਾ ਫਰਕ ਸੀ। ਭਾਵੇ ਕਈ ਸ਼ਹਿਰੀ ਹਮਜਮਾਤੀ ਮੇਰੇ ਚੰਗੇ ਮਿੱਤਰ ਸਨ ਪਰ ਫਿਰ ਵੀ ਅਸੀਂ ਆਪਣੇ ਆਪ ਨੂੰ ਇਹਨਾਂ ਸਹਿਰੀਆਂ ਦੇ ਮੁਕਾਬਲੇ ਪਿਛੜੇ ਹੋਏ ਸਮਝਦੇ ਸੀ। ਭਾਵੇਂ ਅਸੀਂ ਇਹਨਾਂ ਨਾਲੋਂ ਚੰਗਾ ਪਹਿਨਦੇ ਤੇ ਚੰਗਾ ਖਾਂਦੇ ਸੀ। ਸਾਡੀ ਜੇਬ ਖਰਚੀ ਇਹਨਾਂ ਨਾਲੋਂ ਦੁਗਣੀ ਹੁੰਦੀ ਸੀ। ਅਸੀਂ ਖੁਦ ਵੀ ਖਾਂਦੇ ਤੇ ਨਾਲਦਿਆਂ ਨੂੰ ਵੀ ਖਵਾਉਂਦੇ। ਕਦੇ ਬਹੁਤੇ ਹਿਸਾਬ ਕਿਤਾਬ ਵਿੱਚ ਨਹੀਂ ਸੀ ਪੈਂਦੇ। ਇਹ ਸ਼ਹਿਰੀ ਪੂਰੀ ਗਿਣਤੀ ਮਿਣਤੀ ਕਰਦੇ ਸਨ। ਇਹ ਸਾਰੇ ਹੀ ਸਾਈਕਲ ਤੇ ਕਾਲਜ ਜਾਂਦੇ ਸਨ। ਪਰ ਮੈਂ ਤੇ ਤਾਊ ਸੁਖਜਿੰਦਰ ਕਦੇ ਕਦੇ ਮੋਟਰ ਸਾਈਕਲ ਵੀ ਕਾਲਜ ਲੈ ਜਾਂਦੇ ਸੀ। ਅਸੀਂ ਜ਼ੁਲਫ਼ਾਂ ਸੰਵਾਰਦੇ ਤੇ ਆਪਣੇ ਆਪ ਨੂੰ ਹੀਰੋ ਸਮਝਦੇ। ਹੁਣ ਤਾਂ ਖੈਰ ਸਾਡੇ ਸਾਰਿਆਂ ਦੇ ਸਿਰ ਦੇ ਵਾਲ ਸਫੈਦ ਹੋ ਚੁਕੇ ਹਨ ਯ ਝੜ ਗਏ ਹਨ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ।