ਆਪਣੀ ਜਿੰਦਗੀ ਦੇ ਪਚਾਸੀਆਂ ਨੂੰ ਢੁੱਕੀ #ਭੂਆ_ਭਾਗ ਕੋਈਂ ਮੇਰੀ ਸਕੀ ਭੂਆ ਨਹੀਂ। ਪਰ ਜੇ ਉਸਦੇ ਮੋਂਹ ਨੂੰ ਵੇਖੀਏ ਤਾਂ ਸਕੀਆਂ ਭੂਆਂ ਵੀ ਭੂਆ ਭਾਗ ਦੇ ਪਾਸਗ ਨਹੀਂ। ਭੂਆ ਭਾਗ ਮੇਰੇ ਜੱਦੀ ਪਿੰਡ ਘੁਮਿਆਰੇ ਦੀ ਧੀ ਹੈ ਯਾਨੀ ਮੇਰੇ ਪਿੰਡ ਉਸਦੇ ਪੇਕੇ ਹਨ। ਉਹਨਾਂ ਦਾ ਘਰ ਮੇਰੇ ਦਾਦਾ ਜੀ ਦੇ ਘਰ ਦੇ ਨੇੜੇ ਪਿੰਡ ਦੀ ਸੱਥ ਵਿੱਚ ਸੀ। ਭੂਆ ਲਈ ਮੈਂ ਉਸਦੇ ਪੇਕੇ ਪਿੰਡ ਵਾਲੇ ਸੇਠ #ਹਰਗੁਲਾਲ ਦਾ ਪੋਤਾ ਹਾਂ ਤੇ ਓਮੀ ਦਾ ਮੁੰਡਾ ਹਾਂ। ਮੇਰੇ ਪਾਪਾ ਜੀ ਦਾ ਨਾਮ ਸ੍ਰੀ ਓਮ ਪ੍ਰਕਾਸ਼ ਸੀ ਪਰ ਨਾਇਬ ਤਹਿਸੀਲਦਾਰ ਬਣਨ ਤੋਂ ਬਾਅਦ ਵੀ ਉਹ ਭੂਆ ਭਾਗ, ਭੂਆ ਬਿਸ਼ਨੀ, ਭੂਆ ਸਾਵੋ, ਸੋਧਾਂ, ਰਾਜ ਕੁਰ ਵਰਗੀਆਂ ਲਈ ਓਮੀ ਹੀ ਸਨ।
#ਹਰਦਰਸ਼ਨ_
ਸੋਹਲ ਮੇਰੀ ਇਸੇ ਭੂਆਂ ਭਾਗ ਦਾ ਪੁੱਤਰ ਹੈ। ਹਰਦਰਸ਼ਨ ਦਾ ਜਨਮ ਵੀ ਮੇਰੇ ਪਿੰਡ ਦਾ ਹੀ ਹੈ। ਮੈਂ ਦੋ ਤਿੰਨ ਵਾਰ ਦੋਸਤ ਸ੍ਰੀ Hardarshan Sohal ਦੀ #ਉਮਰਾਓ_ਹਵੇਲੀ ਗਿਆ। ਪਰ ਭੂਆ ਨਾਲ ਮਿਲਣ ਦਾ ਸਬੱਬ ਨਾ ਬਣਿਆ। ਉਹ ਮੈਨੂੰ ਵੇਖਣਾ ਚਾਹੁੰਦੀ ਸੀ। ਮੇਰੇ ਦਿਲ ਵਿੱਚ ਵੀ ਭੂਆ ਨੂੰ ਮਿਲਣ ਦੀ ਤਾਂਘ ਸੀ। ਇਸ ਵਾਰ ਗਿਆ ਤਾਂ ਉਹ ਹਵੇਲੀ ਦੇ ਦਰਵਾਜ਼ੇ ਚ ਮੰਜੀ ਤੇ ਬੈਠੀ ਸੀ। ਮੈਂ ਵੀ ਗੱਲਬਾਤ ਕਰਨ ਲਈ ਉਸੇ ਮੰਜੀ ਤੇ ਬਹਿ ਗਿਆ।
ਭੂਆ ਨੇ ਸਭਤੋਂ ਪਹਿਲਾਂ ਪੇਕਿਆਂ ਦੀ ਸੁਖਸਾਂਦ ਪੁੱਛੀ। ਪਿੰਡ ਕੌਣ ਕੌਣ ਹੁੰਦਾ ਹੈ? ਪਿੰਡ ਦੀਆਂ ਗੱਲਾਂ ਕਰਦੀ ਭੂਆ ਨੇ ਦੱਸਿਆ ਕਿ ਕਿਵੇਂ ਮੀਂਹ ਤੋਂ ਬਾਅਦ ਉਹਨਾਂ ਦਾ ਕੱਚਾ ਕੋਠਾ ਡਿੱਗ ਪਿਆ ਸੀ ਤੇ ਉਸਦੇ ਚਾਚੇ ਦਾ ਪਰਿਵਾਰ ਥੱਲ੍ਹੇ ਦੱਬ ਗਿਆ ਸੀ। ਭੂਆ ਨੇ ਸਾਡੇ ਪਿੰਡ ਵਾਲੇ ਗੰਗਲੇ ਚੌਕੀਦਾਰ ਨੂੰ ਯਾਦ ਕੀਤਾ ਜਿਸਦਾ ਕੋਈਂ ਪੌਣੀ ਸਦੀ ਪਹਿਲਾਂ ਕਤਲ ਹੋ ਗਿਆ ਸੀ। ਭੂਆ ਨੇ ਮਹਾਂ ਕੰਜੂਸ ਬਾਬੇ ਚੰਨਣ ਨੂੰ ਵੀ ਯਾਦ ਕੀਤਾ। ਉਹ ਬਹੁਤ ਕੰਜੂਸ ਸੀ ਤੇ ਖਰਚ ਬਿਲਕੁਲ ਨਹੀਂ ਸੀ ਕਰਦਾ। ਉਸਨੇ ਇਕੱਲੇ ਹੀ ਇੱਕ ਬਾਟੀ ਤੇ ਛੋਟੀ ਜਿਹੀ ਬੱਠਲੀ ਨਾਲ ਘਰੇ ਬਹੁਤ ਵੱਡੀ ਖੂਹੀ ਪੱਟ ਲਈ ਸੀ। ਉਹ ਨਵਾਂ ਝੱਗਾ ਵੀ ਨਹੀਂ ਸੀ ਸਿਵਾਉਂਦਾ ਅਖੇ ਇਹ ਵੀ ਇੱਕ ਦਿਨ ਪਾਟ ਹੀ ਜਾਵੇਗਾ। ਕਹਿੰਦੇ ਇੱਕ ਦਿਨ ਚੰਨਣ ਨੂੰ ਮੇਰਾ ਦਾਦਾ ਦਿਹਾੜੀ ਤੇ ਲ਼ੈ ਗਿਆ। ਤਾਂ ਉਸਨੇ ਰੋਟੀਆਂ ਦੇ ਉੱਪਰ ਰੱਖੀ ਸਬਜ਼ੀ ਇਸ ਲਈ ਚੁਕਵਾ ਦਿੱਤੀ ਕਿ ਉਸਨੂੰ ਸਬਜ਼ੀ ਖਾਣ ਦੀ ਆਦਤ ਪੈ ਜਾਵੇਗੀ।
“ਚੰਨਣਾ ਮੇਰੇ ਨਾਲ ਲੱਗਦੀ ਤੇਰੀ ਪੰਜ ਕਨਾਲਾਂ ਜਮੀਨ ਮੈਨੂੰ ਦੇ ਦੇ। ਮੇਰਾ ਇੱਕ ਟੱਕ ਬਣ ਜਾਵੇਗਾ।” ਕਹਿੰਦੇ ਕੇਰਾਂ ਵੱਡੇ ਘਰਾਂ ਵਾਲੇ ਬਾਬੇ ਹਜੂਰੇ ਨੇ ਚੰਨਣ ਨੂੰ ਕਿਹਾ।
“ਸਰਦਾਰਾ ਤੂੰ ਆਪਣੇ ਵਾਲੇ ਪੰਜ ਕਿੱਲੇ ਮੈਨੂੰ ਦੇਂਦੇ ਮੇਰਾ ਇੱਕ ਟੱਕ ਬਣ ਜਾਵੇਗਾ।” ਚੰਨਣ ਨੇ ਮੋੜਵਾਂ ਜਵਾਬ ਦਿੱਤਾ। ਇੱਥੇ ਚੰਨਣ ਦੀ ਹੈਸੀਅਤ ਬੋਲਦੀ ਸੀ।
ਫਿਰ ਭੂਆ ਭਾਗ ਨੇ ਵੱਡੇ ਘਰਾਂ ਦੇ ਉਸ ਖੂਨੀ ਦਰਵਾਜ਼ੇ ਦੀ ਗੱਲ ਸੁਣਾਈ। ਜਿੱਥੇ ਇੱਕੋ ਸਮੇਂ ਸੱਤ ਜਣੇ ਵੱਢ ਦਿੱਤੇ ਸਨ। ਬਹੁਤ ਸਾਲ ਉਹ ਖੂਨੀ ਦਰਵਾਜ਼ਾ ਆਪਣੀ ਦਾਸਤਾਂ ਸਣਾਉਂਦਾ ਰਿਹਾ।
85 ਸਾਲਾਂ ਦੀ ਭੂਆ ਨੂੰ ਰੋਲੇ ਵਾਲੇ ਸਾਲ ਯਾਨੀ ਦੇਸ਼ ਦੀ ਵੰਡ 1947 ਵੇਲੇ ਦੀ ਪੂਰੀ ਸੁਰਤ ਹੈ। ਜਿਸ ਦਾ ਜਿਕਰ ਸੋਹਲ ਨੇ ਆਪਣੀ ਕਿਤਾਬ ‘ਮੇਰਾ ਮਾਖਿਓ ਮਿੱਠਾ ਮਾਲਵਾ’ ਵਿੱਚ ਵੀ ਕੀਤਾ ਹੈ।
ਇਹ ਸੱਚ ਹੈ ਕਿ ਔਰਤ ਨੂੰ ਤਾਂ ਪੇਕੇ ਤੋਂ ਆਏ ਲਾਗੀ ਨੂੰ ਵੇਖਕੇ ਚਾਅ ਚੜ੍ਹ ਜਾਂਦਾ ਹੈ। ਪਹਿਲਾਂ ਅਕਸਰ ਲੋਕ ਸਬਜ਼ੀ ਕਪੜਾ ਵੇਚਣ ਆਉਂਦੇ ਮੱਝਾਂ ਗਾਵਾਂ ਖਰੀਦਣ ਵਾਲੇ ਵਿਉਪਾਰੀ ਆਉਂਦੇ ਤਾੜੇ ਵਾਲੇ ਆਉਂਦੇ ਤੇ ਜੇ ਕੋਈਂ ਕਿਸੇ ਔਰਤ ਦੇ ਪੇਕਿਆਂ ਤੋਂ ਆਇਆ ਹੁੰਦਾ ਤਾਂ ਉਸਨੂੰ ਉਹ ਘਿਓ ਸ਼ੱਕਰ ਖਵਾਉਂਦੀ।
ਮੈਂ ਤਾਂ ਫਿਰ ਵੀ ਭੂਆ ਦੇ ਪੇਕਿਆਂ ਵਾਲੇ ਸੇਠ ਹਰਗੁਲਾਲ ਦਾ ਪੋਤਾ ਸੀ। ਭੂਆ ਮੇਰੇ ਨਾਲ ਖੂਬ ਗੱਲਾਂ ਕਰਨੀਆਂ ਚਾਹੁੰਦੀ ਸੀ। ਮੇਰੇ ਮਨ ਅੰਦਰ ਵੀ ਬਹੁਤ ਕੁਝ ਸੀ ਭੂਆ ਨੂੰ ਪੁੱਛਣ ਲਈ। ਪਰ ਟਿੱਕੀ ਛਿਪ ਰਹੀ ਸੀ। ਮੈਂ ਭੂਆ ਨੂੰ ਮੱਥਾ ਟੇਕਿਆ ਭੂਆ ਨੇ ਦੋਹਾਂ ਹੱਥਾਂ ਨਾਲ ਮੇਰਾ ਸਿਰ ਪਲੂਸਿਆ ਤੇ ਅਸੀਸਾਂ ਦੀ ਝੜੀ ਲ਼ਾ ਦਿੱਤੀ। ਉਸ ਰਾਤ ਮੈਂ ਸੁਫ਼ਨੇ ਵਿੱਚ ਆਪਣੇ ਪਿੰਡ ਹੀ ਘੁੰਮਦਾ ਰਿਹਾ।
#ਰਮੇਸ਼ਸੇਠੀਬਾਦਲ