ਬਦਲਦੀ ਡੱਬਵਾਲੀ | badaldi dabbwali

ਕੋਈਂ ਸਮਾਂ ਸੀ ਜਦੋਂ ਹੰਸ ਰਾਜ ਓਮ ਪ੍ਰਕਾਸ਼ ਲੋਹੇ ਵਾਲੇ ਮੰਡੀ ਡੱਬਵਾਲੀ ਵਿੱਚ ਬਹੁਤ ਮਸ਼ਹੂਰ ਹੁੰਦੇ ਸਨ। ਬਹੁਤ ਵੱਡਾ ਕਾਰੋਬਾਰ ਤੇ ਨਾਮ ਸੀ। ਲੋਹੇ ਦਾ ਹਰ ਸਮਾਨ ਮਿਲਦਾ ਸੀ ਓਹਨਾ ਤੋਂ। ਫਿਰ ਉਹ ਆਪਣੀ ਦੁਕਾਨ ਆਪਣੇ ਰਿਸ਼ਤੇਦਾਰ ਸ਼ਾਦੀ ਰਾਮ ਕੇਵਲ ਕ੍ਰਿਸ਼ਨ ਨੂੰ ਸੰਭਾਲ ਕੇ ਚੰਡੀਗੜ੍ਹ ਚਲੇ ਗਏ ਤੇ ਕੁਝ ਕੁ ਸਾਲਾਂ ਬਾਅਦ ਇਹ ਕੇਵਲ ਕ੍ਰਿਸ਼ਨ ਹੁਰੀ ਵੀ ਚੰਡੀਗੜ੍ਹ ਨੂੰ ਮੂੰਹ ਕਰ ਗਏ। ਫਿਰ ਬਸੰਤ ਰਾਮ ਲੋਹੇ ਵਾਲੇ ਦਾ ਨਾਮ ਚਮਕਿਆ ਤੇ ਉਹ ਵੀ ਦਿੱਲੀ ਵੱਲ ਨੂੰ ਘੁੰਮ ਗਏ। ਸੁੱਚਾ ਮਲ ਪੂਰਨ ਚੰਦ ਨਾਮ ਦੀ ਫ਼ਰਮ ਨੇ ਵੀ ਆਪਣਾ ਸਿੱਕਾ ਕਾਫੀ ਦੇਰ ਚਲਾਇਆ। ਇੱਕ ਨੰਬਰ ਤੇ ਸੀ ਪਰ ਉਹ ਸਨਮਾਇਕਾ ਦਾ ਵਿਉਪਾਰ ਕਰਨ ਲੱਗੇ। ਉਹਨਾਂ ਨੂੰ ਉਧਰ ਜਿਆਦਾ ਤਰੱਕੀ ਨਜ਼ਰ ਆਈ ਤੇ ਬਠਿੰਡਾ ਚ ਕਾਰੋਬਾਰੀ ਹੋਗੇ। ਬਹੁਤ ਸਾਲਾਂ ਤੱਕ ਮੰਡੀ ਵਿੱਚ ਅਵਤਾਰ ਪ੍ਰਿੰਟਿੰਗ ਪ੍ਰੈਸ ਤੇ ਗੁਰਤੇਜ ਪ੍ਰੈਸ ਦਾ ਸਿੱਕਾ ਚੱਲਿਆ। ਪਰ ਹੁਣ ਇਹ ਨਾਮ ਨਹੀ ਰਹੇ। ਹੁਣ ਇਹ੍ਹਨਾਂ ਦੇ ਮੁਲਾਜਿਮ ਬਲਕਾਰ ਸਿੰਘ ਦੀ ਏਕ ਓਂਕਾਰ ਪ੍ਰਿੰਟਿੰਗ ਪ੍ਰੈਸ ਦਾ ਨਾਮ ਹੈ ਜਿਸ ਨੂੰ ਸਿਲਕੀ ਨੂੰ ਪ੍ਰਿੰਟਿੰਗ ਪ੍ਰੈਸ ਪੂਰੀ ਟੱਕਰ ਦਿੰਦੀ ਹੈ। ਕਿਸੇ ਜਮਾਨੇ ਵਿੱਚ ਗੋਲ ਬਜ਼ਾਰ ਦਾ ਰਾਮਦਿੱਤਾ ਮੱਲ ਕਿਤਾਬਾਂ ਵਾਲਾ ਮਸ਼ਹੂਰ ਸੀ। ਪਰ ਹੁਣ ਇਹ ਕੰਮ ਡੇਰਾ ਸਟੇਸ਼ਨਰੀ, ਆਰ ਐਸ ਕਿਤਾਬ ਘਰ ਤੇ ਪੰਜਾਬ ਕਿਤਾਬ ਘਰ ਨੇ ਸੰਭਾਲ ਲਿਆ। ਮੰਡੀ ਡੱਬਵਾਲੀ ਦੀ ਜੀ ਟੀ ਰੋਡ ਤੇ ਬ੍ਰਹਮਚਾਰੀਆਂ ਦੇ ਢਾਬੇ ਦਾ ਦਬਦਬਾ ਸੀ ਅਤੇ ਕਲੋਨੀ ਰੋਡ ਫਾਟਕ ਨੇੜਲੇ ਚੁਬਾਰਿਆਂ ਚ ਇੱਕ ਬੀਂਕਾਨੇਰੀ ਰਸੋਈ ਚਲਦੀ ਸੀ। ਜਿੱਥੇ ਮੁਲਾਜਿਮ ਲੋਕ ਮਹੀਨੇ ਦੇ ਬੱਝਵੇ ਪੈਸੇ ਦੇਕੇ ਖਾਣਾ ਖਾਂਦੇ ਸਨ। ਅੱਗ ਦੇ ਅੰਗਾਰਿਆ ਤੇ ਰੜੀਆਂ ਰੋਟੀਆਂ ਮਾਂ ਦੀਆਂ ਪੱਕੀਆਂ ਨੂੰ ਮਾਤ ਪਾਉਂਦੀਆਂ ਸਨ। ਹੁਣ ਅਗਲਾ ਓਮ ਹੋਟਲ, ਰੀਗਲ, ਰਾਜੂ ਢਾਬਾ ਯ ਅਸ਼ੋਕਾ ਹੋਟਲ ਵੱਲ ਮੂੰਹ ਕਰਦਾ ਹੈ। ਹੋਰ ਵੀ ਵਾਧੂ ਹੋਟਲ ਢਾਬੇ ਹਨ ਚੰਨੀ ਹਲਵਾਈ ਹਰੀ ਰਾਮ ਕਾਮਰੇਡ ਤੇ ਹਰਨਾਮ ਦਾਸ ਅੰਗੀ ਨੂੰ ਲੋਕ ਯਾਦ ਕਰਦੇ ਹਨ। ਇੰਜ ਕਦੇ ਤੋਤਾ ਰਾਮ ਪਨਵਾੜੀ ਦਾ ਨਾਮ ਸੀ। ਪਨਵਾੜੀ ਹੋਰ ਵੀ ਸਨ ਪਰ ਅੱਜ ਉਹ ਜੁੰਡਲੀ ਸੱਤ ਗਿਆਰਾਂ ਤੇ ਹੀ ਬੈਠਦੀ ਹੈ। ਢਲਦੇ ਸਮੇਂ ਦੇ ਅਨੁਸਾਰ ਅੱਜ ਮੋਹਨ ਲਾਲ ਤੇ ਹਰਬੰਸ ਦੇ ਪੈਟਰੋਲ ਪੰਪ ਨੂੰ ਲੋਕ ਭੁੱਲ ਗਏ। ਡੀਲਾਈਟ ਸਿਨੇਮੇ ਦਾ ਤਾਂ ਨਾਮ ਨਹੀਂ ਰਿਹਾ ਦਰਪਣ ਵੀ ਹੁਣ ਆਪਣੀ ਹੋਣੀ ਤੇ ਹੰਝੂ ਬਹਾ ਰਿਹਾ ਹੈ। ਕਦੇ ਲੰਬੀ ਵਾਲੇ ਡਾਕਟਰ ਗੁਰਬਚਨ ਸਿੰਘ ਦੇ ਨਾਮ ਤੋਂ ਪੂਰਾ ਇਲਾਕਾ ਵਾਕਿਫ ਸੀ ਫਿਰ ਡਾ ਅਗਨੀਹੋਤਰੀ ਦਾ ਯੁੱਗ ਆਇਆ। ਐਮ ਡੀ, ਐਮ ਐਸ ਤੋਂ ਉਰਾਂ ਕੋਈਂ ਨਹੀਂ ਠਹਿਰਦਾ। ਹੁਣ ਮੰਡੀ ਵਿੱਚ ਕਈ ਹਸਪਤਾਲ ਹਨ। ਮੰਡੀ ਵਿੱਚ ਦੰਦਾਂ ਦਾ ਕੋਈਂ ਵੱਡਾ ਡਾਕਟਰ ਨਹੀਂ ਸੀ ਅਖੌਤੀ ਡਾਕਟਰ ਬਾਹਰ ਕੁਰਸੀ ਲਗਾਕੇ ਦੰਦ ਦਾੜ ਕੱਢਦੇ ਸਨ। ਵੈਦ ਆਸਾ ਰਾਮ, ਵੈਦ ਦੀਵਾਨ ਚੰਦ ਤੇ ਪੀਲੀ ਪਗੜੀ ਵਾਲੇ ਹੀ ਬਹੁਤੇ ਮਰੀਜਾਂ ਨੂੰ ਸੰਭਾਲਦੇ। ਹੁਣ ਤਾਂ ਸ਼ਹਿਰ ਦੇ ਸਭ ਤੋਂ ਪੁਰਾਣੀ ਫ਼ਰਮ ਰਾਮਕਰਨ ਦਾਸ ਤਿਲੋਕ ਚੰਦ ਪੰਸਾਰੀ ਨੇ ਵੀ ਆਪਣਾ ਕੰਮ ਸਮੇਟ ਲਿਆ। ਤਿਲੋਕੇ ਪੰਸਾਰੀ ਦਾ ਨਾਮ ਵੀ ਲੋਕ ਭੁੱਲ ਜਾਣਗੇ।
ਦੇਖਦੇ ਦੇਖਦੇ ਕਿੰਨੀ ਬਦਲ ਗਈ ਡੱਬਵਾਲੀ। ਚੋਟਾਲਾ ਰੋਡ ਤੇ ਖੁਲ੍ਹੇ ਬ੍ਰਾਂਡਡ ਕੱਪੜਿਆਂ ਦੇ ਸ਼ੋਅ ਰੂਮ ਗ੍ਰਾਹਕਾਂ ਨੂੰ ਆਪਣੇ ਵੱਲ ਖਿੱਚਦੇ ਤਾਂ ਹਨ ਪਰ ਪਾਰਕਿੰਗ ਦੀ ਸਮੱਸਿਆ ਆੜੇ ਆਉਂਦੀ ਹੈ। ਸ਼ਹਿਰ ਦੇ ਕਿਸੇ ਵੀ ਨਾਮੀ ਹਸਪਤਾਲ ਕੋਲ੍ਹ ਪਾਰਕਿੰਗ ਦੇ ਉਚਿਤ ਪ੍ਰਬੰਧ ਨਹੀਂ।
ਕਿਵੇਂ ਵੀ ਕਹੋ ਪੁਰਾਣੀਆਂ ਦੁਕਾਨਾਂ ਤੇ ਫਰਮਾਂ ਦੀ ਰੀਸ ਨਹੀਂ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ

Leave a Reply

Your email address will not be published. Required fields are marked *