ਇੱਕੋ ਮਾਂ ਦੇ ਢਿੱਡ ਚੋ ਜਨਮ ਲੈਕੇ, ਇੱਕੋ ਮਾਂ ਦਾ ਦੁੱਧ ਪੀਕੇ ਤੇ ਇੱਕੋ ਵੇਹੜੇ ਵਿੱਚ ਖੇਡੇ ਸਕੇ ਭਰਾਵਾਂ ਦੇ ਵੱਡੇ ਹੋਣ ਤੇ ਰਸਤੇ ਅਲੱਗ ਅਲੱਗ ਹੋ ਜਾਂਦੇ ਹਨ। ਇਹ ਅਮੀਰਾਂ ਦੇ ਹੀ ਨਹੀਂ ਗਰੀਬਾਂ ਦੇ ਵੀ ਹੋ ਜਾਂਦੇ ਹਨ। ਦੇਸ਼ ਦੇ ਇੱਕ ਨੰਬਰ ਦੇ ਧਨਾਢ ਅੰਬਾਨੀ ਪਰਿਵਾਰ ਦੇ ਦੋਹਾਂ ਭਰਾਵਾਂ ਮੁਕੇਸ਼ ਤੇ ਅਨਿਲ ਦੀ ਆਪਸ ਵਿੱਚ ਦਾਲ ਕੌਲੀ ਦੀ ਸਾਂਝ ਨਹੀਂ। ਫਿਰ ਸਦੀ ਦੇ ਮਹਾਂਨਾਇਕ ਅਮਿਤਾਭ ਬੱਚਨ ਤੇ ਉਸ ਦੇ ਭਰਾ ਅਜਿਤਾਬ ਬੱਚਨ ਵੀ ਇਸ ਹੋਣੀ ਤੋਂ ਨਹੀਂ ਬਚੇ। ਪਿਛਲੇ ਕੁਝ ਸਾਲਾਂ ਤੋਂ ਹਰਿਆਣਾ ਦੇ ਚੋਟਾਲਾ ਪਰਿਵਾਰ ਦੇ ਦੋਨੋਂ ਚਿਰਾਗ ਆਪਣੀਆਂ ਰੋਟੀਆਂ ਅਲੱਗ ਹੀ ਸੇਕਦੇ ਹਨ। ਪਹਿਲਾਂ ਇਹ੍ਹਨਾਂ ਵੱਡੇ ਘਰਾਂ ਵਿਚ ਸੇਹ ਦਾ ਕੰਡਾ ਬੀਜਣ ਵਿੱਚ ਅਮਰ ਸਿੰਘ ਦਾ ਨਾਮ ਆਉਂਦਾ ਸੀ। ਪਰ ਭਰਾਵਾਂ ਵਿਚਲੀਆਂ ਦੂਰੀਆਂ ਦਾ ਕਾਰਨ ਪ੍ਰਾਪਰਟੀ ਦੀ ਸਹੀ ਵੰਡ ਨਾ ਹੋਣਾ, ਘਰਵਾਲੀਆਂ ਦੀ ਆਪਸ ਚ ਨਾ ਬਣਨਾ ਯ ਆਪਸੀ ਵਿਉਪਾਰ ਵਿੱਚ ਹੇਰਾਫੇਰੀ ਕਰਨਾ ਹੁੰਦਾ ਹੈ। ਬਹੁਤੇ ਵਾਰੀ ਇੱਕ ਭਰਾ ਦਾ ਲੋੜ ਤੋਂ ਵੱਧ ਅਮੀਰ ਹੋਣਾ ਤੇ ਦੂੱਜੇ ਦਾ ਪਿੱਛੇ ਰਹਿ ਜਾਣਾ ਵੀ ਆਪਸੀ ਰਿਸ਼ਤੇ ਵਿੱਚ ਫਰਕ ਪਾ ਦਿੰਦਾ ਹੈ। ਕਿਤੇ ਕਿਤੇ ਇਹ ਭੋਲੂ ਵੀ ਆਪਣੀ ਕਾਰਗੁਜ਼ਾਰੀ ਦਿਖਾ ਦਿੰਦੇ ਹਨ ਤੇ ਅੰਮਾਂ ਜਾਏ ਭਰਾਵਾਂ ਵਿੱਚ ਦੂਰੀਆਂ ਵੱਧ ਜਾਂਦੀਆਂ ਹਨ। ਕੰਧ ਦੇ ਪਰਲੇ ਪਾਸੇ ਰਹਿਣ ਵਾਲੇ ਵੀ ਕੋਹਾਂ ਦੂਰ ਹੋ ਜਾਂਦੇ ਹਨ। ਪਰ ਕਹਿੰਦੇ ਭੱਜੀਆਂ ਬਾਹਾਂ ਗੱਲ ਨੂੰ ਆਉਂਦੀਆਂ ਹਨ। ਆਪਣੇ ਆਪਣੇ ਹੀ ਹੁੰਦੇ ਹਨ। ਬਹੁਤੇ ਵਾਰੀ ਇਹ ਖੁਸ਼ੀ ਗਮੀ ਵੇਲੇ ਇੱਕ ਹੋ ਜਾਂਦੇ ਹਨ।ਸਮਾਜ ਵਿੱਚ ਬਹੁਤ ਲੋਕ ਅਜਿਹੇ ਹਨ ਜਿਹੜੇ ਭਰਾ ਦੇ ਮਾਮਲੇ ਅਮੀਰੀ ਗਰੀਬੀ ਤੋਂ ਉਪਰ ਹੁੰਦੇ ਹਨ। ਸਾਡਾ ਇੱਕ ਰਿਸ਼ਤੇਦਾਰ ਜੋ ਸਰਾਫਾ ਕਾਰੋਬਾਰੀ ਹੈ ਆਪਣੇ ਕਈ ਭਰਾਵਾਂ ਦੇ ਚੁੱਲ੍ਹੇ ਤਪਾਉਣ ਵਿੱਚ ਮੱਦਦ ਕਰਦਾ ਹੈ। ਉਸਨੇ ਕਦੇ ਭਰਾਵਾਂ ਨੂੰ ਗਰੀਬੀ ਦੀ ਮਾਰ ਨਹੀਂ ਪੈਣ ਦਿੱਤੀ। ਨਿੱਕੇ ਹੁੰਦੇ ਨੇ ਮੈਂ ਵੇਖਿਆ ਸੀ ਕਿ ਫਤੇਹਾਬਾਦ ਦੇ ਇੱਕ ਨਾਮੀ ਵਕੀਲ ਦਾ ਭਰਾ ਉਸਦੇ ਘਰੇ ਹੀ ਕੰਮ ਕਰਦਾ ਸੀ। ਮੇਰੇ ਪਾਪਾ ਜੀ ਦੇ ਮਾਮੇ ਦੇ ਦੋਨੋ ਲੜਕੇ ਗੁੰਦੂ ਤੇ ਬੰਸੀ ਦੀ ਆਪਸ ਚ ਜਰਾ ਵੀ ਨਹੀਂ ਸੀ ਨਿਭਦੀ। ਦੋਨੋ ਤਾਜ਼ੀ ਕਮਾਕੇ ਖਾਣ ਵਾਲੇ ਸਨ। ਹੋਰ ਵੀ ਬਥੇਰੀਆਂ ਉਦਾਹਰਨਾਂ ਹਨ ਜਿੱਥੇ ਭਰਾ ਭਰਾ ਚ ਇੱਟ ਕੁੱਤੇ ਦਾ ਵੈਰ ਹੈ ਤੇ ਕਿਤੇ ਜਮੀਨ ਅਸਮਾਨ ਦਾ ਫ਼ਰਕ ਹੁੰਦੇ ਹੋਏ ਵੀ ਭਰਾ ਇੱਕ ਹਨ। ਭਰਾਵਾਂ ਵਿਚਲੀ ਲੜ੍ਹਾਈ ਮਤਭੇਦ ਕੋਈਂ ਚੰਗੀ ਗੱਲ ਨਹੀਂ। ਭਾਵੇਂ ਕਿਸੇ ਉਮਰ ਚ ਯ ਕਿਸੇ ਹਾਲਾਤ ਵਿੱਚ ਭਰਾ ਭਰਾ ਦਾ ਸ਼ਰੀਕ ਹੁੰਦਾ ਹੈ ਪਰ ਇੱਕ ਉਮਰ ਵਿਚ ਆਕੇ ਵੱਡਾ ਭਰਾ ਪਿਓ ਦੀ ਜਗ੍ਹਾ ਹੁੰਦਾ ਹੈ ਤੇ ਛੋਟਾ ਪੁੱਤਰ ਸਮਾਨ ਹੁੰਦਾ ਹੈ। ਤਕਰਾਰ ਯ ਮਤਭੇਦ ਹੋਣਾ ਕੋਈਂ ਵੱਡੀ ਯ ਅਣਹੋਣੀ ਗੱਲ ਨਹੀਂ ਪਰ ਦੁਸ਼ਮਣੀ ਗਲਤ ਹੁੰਦੀ ਹੈ। ਜਦੋਂ ਦੋ ਭਰਾਵਾਂ ਦੀ ਆਪਸੀ ਬੋਲਚਾਲ ਬੰਦ ਹੁੰਦੀ ਹੈ ਤਾਂ ਸਭ ਤੋਂ ਜਿਆਦਾ ਦੁੱਖ ਜਿਉਂਦੇ ਬੈਠੇ ਮਾਪਿਆਂ ਨੂੰ ਹੁੰਦਾ ਹੈ। ਉਹ ਜਿਉਂਦੇ ਜੀ ਮਰ ਜਾਂਦੇ ਹਨ। ਕਦੇ ਕਦੇ ਮਾਪਿਆਂ ਤੇ ਪੱਖਪਾਤੀ ਹੋਣ ਦਾ ਇਲਜ਼ਾਮ ਵੀ ਇੱਕ ਧਿਰ ਵੱਲੋਂ ਲਗਾਇਆ ਜਾਂਦਾ ਹੈ ਤਾਂ ਉਹ ਮਾਪਿਆਂ ਨੂੰ ਜਵਾਂ ਹੀ ਮਾਰਨ ਸਮਾਨ ਹੁੰਦਾ ਹੈ। ਦੋ ਭਰਾਵਾਂ ਦੀ ਆਪਸੀ ਲੜ੍ਹਾਈ ਨਾਲ ਤਾਂ ਤੁਰ ਗਏ ਮਾਪਿਆਂ ਦੀ ਰੂਹ ਵੀ ਤੜਫਦੀ ਹੈ। ਜੋ ਸਭ ਤੋਂ ਵੱਡਾ ਪਾਪ ਹੈ। ਫਿਰ ਮਾਪਿਆਂ ਦੇ ਕੀਤੇ ਸ਼ਰਾਧ ਵੀ ਕੰਮ ਨਹੀਂ ਕਰਦੇ। ਭਰਾ ਭਰਾ ਦੀ ਲੜਾਈ ਵਿੱਚ ਅਕਸਰ ਮਾਪੇ ਫਸ ਜਾਂਦੇ ਹਨ। ਉਹ ਇੱਕ ਦੇ ਕਬਜ਼ੇ ਵਿੱਚ ਹੋ ਜਾਂਦੇ ਹਨ। ਤੇ ਕਈ ਵਾਰੀ ਜਿੰਦਗੀ ਬਸਰ ਕਰਨ ਲਈ ਇੱਕ ਤਰਫ਼ਾ ਵੀ।
ਘਰ ਵਿੱਚ ਨਿਕਲੀਆਂ ਕੰਧਾਂ ਇੰਨੀਆਂ ਨੁਕਸਾਨਦੇਹ ਨਹੀਂ ਹੁੰਦੀਆਂ ਜਿੰਨੀਆਂ ਦਿਲਾਂ ਵਿੱਚ ਨਿਕਲੀਆਂ। ਇਹ੍ਹਨਾਂ ਕੰਧਾਂ ਦਾ ਸਥਾਈ ਤੇ ਪੱਕਾ ਹੋਣਾ ਜਿੰਦਗੀ ਲਈ ਨੁਕਸਾਨਦਾਇਕ ਹੁੰਦਾ ਹੈ ਜਦੋਂ ਕਿ ਪੈਸਾ ਦੌਲਤ ਸ਼ੋਹਰਤ ਤਾਂ ਆਉਣੀ ਜਾਣੀ ਚੀਜ਼ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ