ਮੈਂ ਬਲੱਡ ਪ੍ਰੈਸ਼ਰ ਤੇ ਸ਼ੂਗਰ ਦੀ ਗੋਲੀ ਨਿੱਤ ਖਾਂਦਾ ਹਾਂ। ਤੇ ਮਹੀਨੇ ਦੀਆਂ ਇੱਕਠੀਆਂ ਹੀ ਖਰੀਦ ਲਿਆਉਂਦਾ ਸੀ। ਮੇਰੀ ਸ਼ਰੀਕ ਏ ਹਯਾਤ ਦੀ ਦਵਾਈ ਵੀ ਮੈਂ ਹੀ ਲਿਆਉਂਦਾ ਸੀ। ਪਾਪਾ ਜੀ ਦੇ ਜਾਣ ਤੋਂ ਬਾਦ ਮੇਰੀ ਮਾਤਾ ਜੀ ਦੀ ਦਵਾਈ ਲਿਆਉਣੀ ਤੇ ਉਹਨਾਂ ਨੂੰ ਦੇਣੀ ਵੀ ਜਿੰਮੇਵਾਰੀ ਦਾ ਹਿੱਸਾ ਸੀ। ਜੋ ਮੈਂ ਬਿਨਾਂ ਨਾਗਾ ਮਾਤਾ ਜੀ ਦੇ ਜਾਣ ਤੱਕ ਪੂਰੀ ਕਰਦਾ ਰਿਹਾ। ਸਵੇਰੇ ਸ਼ਾਮੀ ਓਹਨਾ ਨੂ ਦਵਾਈ ਦੇਣੀ ਮੈਂ ਆਪਣੀ ਡਿਊਟੀ ਸਮਝਦਾ ਸੀ। ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਂ ਆਪਣਾ ਫਰਜ਼ ਅਦਾ ਕਰਨ ਵਿਚ ਸਫਲ ਰਿਹਾ। ਮਾਤਾ ਜੀ ਨੂੰ ਹਾਰਟ ਪ੍ਰਾਬਲਮ ਸੀ ਤੇ ਸਾਹ ਦੀ ਵੀ ਸ਼ਿਕਾਇਤ ਸੀ। ਉਹ ਕਈ ਗੋਲੀਆਂ ਕੈਪਸੂਲ ਖਾਂਦੇ।
ਮਾਤਾ ਦੇ ਜਾਣ ਤੋਂ ਬਾਦ ਮੇਰੀ ਸ਼ਰੀਕ ਏ ਹਯਾਤ ਵੀ ਗੋਲੀਆਂ ਦੇ ਪੱਤੇ ਦਿਖਾਕੇ ਉਹ ਆਪਣੀਆਂ ਦਵਾਈਆਂ ਸਕੂਲੋਂ ਆਉਂਦੀ ਹੀ ਲੈ ਆਉਂਦੀ। ਇੱਕ ਦਿਨ ਮੈਂ ਦੇਖਿਆ ਕਿ ਮੇਰੀਆਂ ਦਵਾਈਆਂ ਦੇ ਕਈ ਪੱਤੇ ਇੱਕ ਕਾਲੇ ਰੰਗ ਦੇ ਲਿਫਾਫੇ ਵਿਚ ਪਏ ਹਨ। ਮੈਂ ਹੈਰਾਨ ਹੋਇਆ ਕਿ ਮੇਰੀ ਦਵਾਈ ਕੌਣ ਲਿਆਇਆ।
ਆਹ ਦਵਾਈਆਂ ਕਿਵੇ?
ਇਹ ਦਵਾਈਆਂ ਮੈਂ ਲਿਆਂਦੀਆਂ ਹਨ। ਮੇਰੇ ਸਵਾਲ ਪੁੱਛਣ ਤੋਂ ਪਹਿਲਾ ਹੀ ਉਸ ਮੈਨੂੰ ਦੱਸਿਆ।
ਮੈਂ ਸੋਚਿਆ ਬਥੇਰੇ ਸਾਲ ਤੁਸੀਂ ਮੇਰੀਆਂ ਦਵਾਈਆਂ ਦਾ ਫਿਕਰ ਕੀਤਾ। ਤੇ ਕਈ ਸਾਲ ਹੀ ਤੁਸੀਂ ਮਾਤਾ ਜੀ ਦੀਆਂ ਦਵਾਈਆਂ ਲਿਆਉਣ ਦਾ ਫਰਜ਼ ਅਦਾ ਕਰਦੇ ਰਹੇ। ਸੋਚਿਆ ਤੁਹਾਡੀਆਂ ਦਵਾਈਆਂ ਲਿਆ ਕੇ ਮੈਂ ਵੀ ਤੁਹਾਡੇ ਫਿਕਰ ਨੂੰ ਜ਼ਰਾ ਘਟ ਕਰਾਂ। ਇਸ ਲਈ ਖਾਲੀ ਪੱਤੇ ਵਿਖਾ ਕੇ ਮੈਂ ਆਹ ਦਵਾਈਆਂ ਲੈ ਆਈ।
ਮੈਨੂੰ ਇਓ ਲੱਗਿਆ ਬਈ ਤੇਰਾ ਫਿਕਰ ਕਰਨ ਵਾਲਾ ਵੀ ਕੋਈ ਹੈ।
ਸੱਚੀ ਸੋਂਹ ਲੱਗੇ ਬਾਹਲਾ ਚੰਗਾ ਲਗਿਆ ਤੇ ਉਹ ਬਾਹਲੀ ਚੰਗੀ।
#ਰਮੇਸ਼ਸੇਠੀਬਾਦਲ