ਮਨਮੀਤ ਬਹੁਤ ਸਾਊ ਅਤੇ ਸੁਸ਼ੀਲ ਕੁੜੀ ਸੀ।ਪੜ੍ਹਾਈ ਪੂਰੀ ਕਰਨ ਮਗਰੋਂ ਉਹ ਪਿੰਡ ਦੇ ਨਾਲ ਕਿਸੇ ਪ੍ਰਾਈਵੇਟ ਸਕੂਲ ਵਿੱਚ ਪੜ੍ਹਾਉਣ ਲੱਗ ਗਈ ਸੀ।ਘਰ ਆ ਕੇ ਟਿਊਸ਼ਨ ਪੜ੍ਹਾਉਂਦੀ ਅਤੇ ਆਪਣੇ ਥੋੜੇ ਬਹੁਤ ਖਰਚੇ ਕੱਢ ਕੇ ਆਪਣੇ ਮੰਮੀ ਨੂੰ ਵੀ ਪੈਸਿਆਂ ਵੱਜੋਂ ਮਦਦ ਕਰ ਦਿੰਦੀ ਸੀ।
ਪਰਿਵਾਰ ਕੁੱਝ ਸਮਾਂ ਪਹਿਲਾਂ ਹੀ ਆਪਣੇ ਨਵੇਂ ਘਰ ਵਿੱਚ ਆਇਆ ਸੀ।ਸਾਰੇ ਬਹੁਤ ਖੁਸ਼ ਸਨ।ਉਹਨਾਂ ਦੇ ਆਉਣ ਮਗਰੋਂ ਮਨਮੀਤ ਦੇ ਘਰ ਨਾਲ ਜੁੜਦੇ ਗੁਆਂਢੀ ਵੀ ਆਪਣਾ ਪੁਰਾਣਾ ਘਰ ਢਾਹ ਕੇ ਨਵਾਂ ਘਰ ਬਣਾਉਣ ਦੀ ਤਿਆਰੀ ਕਰਨ ਲੱਗ ਗਏ ਸਨ।
ਪੁਰਾਣਾ ਮਕਾਨ ਤੋੜਨ ਕਾਰਨ ਬਹੁਤ ਮਿੱਟੀ ਘੱਟਾ ਉਡਦਾ ਸੀ ਅਤੇ ਮਨਮੀਤ ਦੇ ਘਰ ਵਿੱਚ ਵੀ ਹਰ ਰੋਜ਼ ਧੂੜ ਹੀ ਧੂੜ ਪਸਰ ਜਾਂਦੀ ਸੀ।
ਇੱਕ ਦਿਨ ਮਨਮੀਤ ਝਾੜੂ ਲਾ ਰਹੀ ਸੀ ਤਾਂ ਉਹ ਹਰ ਰੋਜ਼ ਵਾਂਗੂੰ ਉੱਡ ਦੀ ਧੂੜ ਉਸਦੇ ਨੱਕ ਵਿੱਚ ਪੈ ਗਈ ਤੇ ਉਸਨੂੰ ਛਿੱਕਾਂ ਆਉਣੀਆਂ ਸ਼ੁਰੂ ਹੋ ਗਈਆਂ।ਲਗਾਤਾਰ ਦੋ ਕੁ ਮਿੰਟ ਛਿੱਕਾਂ ਆਉਣ ਮਗਰੋਂ ਹੱਟ ਗਈਆਂ।
ਦੋ ਕੁ ਘੰਟੇ ਮਗਰੋਂ ਉਸਨੂੰ ਫੇਰ ਛਿੱਕਾਂ ਆਉਣੀਆਂ ਸ਼ੁਰੂ ਹੋ ਗਈਆਂ।
ਮੰਮੀ ਵੀ ਸੋਚਣ ਲੱਗ ਗਏ ਕਿ ਇਵੇਂ ਤਾਂ ਪਹਿਲਾਂ ਕਦੇ ਵੀ ਨੀ ਹੋਇਆ ਸੀ।ਮੰਮੀ ਨੇ ਆਖਿਆ ਕਿ ਜਾ ਕੇ ਡਾਕਟਰ ਤੋਂ ਦਵਾਈ ਲੈ ਆ।ਪਰ ਮਨਮੀਤ ਨੇ ਉਸ ਦਿਨ ਢਿੱਲ ਮਾਰ ਕੇ ਘਰੋਂ ਹੀ ਦਵਾਈ ਲੈ ਲਈ।
ਅਗਲੇ ਦਿਨ ਵੀ ਉਸਦਾ ਛਿੱਕਾਂ ਮਾਰ ਮਾਰ ਕੇ ਬੁਰਾ ਹਾਲ ਸੀ।ਉਸਦੇ ਮੰਮੀ ਕਹਿੰਦੇ ਕਿ ਇਹ ਮੈਨੂੰ ਕੋਈ ਗੰਭੀਰ ਸੱਮਸਿਆ ਖੜੀ ਹੋ ਗਈ ਲੱਗਦੀ ਹੈ ਕਿ ਤੈਨੂੰ ਇੱਥੋਂ ਪਿੰਡ ਤੋਂ ਅਰਾਮ ਨੀ ਆਉਣਾ…ਸ਼ਹਿਰ ਦੇ ਹਸਪਤਾਲ ਚਲਦੇ ਹਾਂ ।
ਪਰ ਉਸਨੇ ਅੱਜ ਫੇਰ ਅਣਗੋਲਿਆਂ ਕਰ ਦਿੱਤਾ ਤੇ ਇਸ ਨੂੰ ਜ਼ਿਆਦਾ ਖਾਸ ਤਵੱਜੋ ਨਾ ਦਿੱਤੀ।ਇਹ ਸੋਚ ਕਿ ਆਪਣੇ ਆਪ ਠੀਕ ਹੋ ਜਾਣਗੀਆਂ।
ਪਿੰਡ ਦੇ ਡਾਕਟਰ ਤੋਂ ਦਵਾਈ ਲੈ ਲਈ ।ਹਫਤਾ ਬੀਤ ਗਿਆ ਪਰ ਕੋਈ ਫਰਕ ਨਾ ਪਿਆ।
ਚਲਦਾ