ਮਨ ਦੀਆਂ ਗੱਲਾਂ ਮਨ ਚ ਹੀ ਰਹਿ ਗਈਆਂ | man diyan gallan

ਮੰਮੀ ਜੀ ਕੱਲ੍ਹ ਨੂੰ ਯੁਵਰਾਜ ਨੇ ਇੱਕ ਸਾਲ ਦਾ ਹੋ ਜਾਣਾ ਆ ਤੇ ਡੈਡੀ ਜੀ ਹੁਰੀਂ ਆਖਦੇ ਪਏ ਸੀ ਅਸੀਂ ਵਧੀਆ ਧੂਮਧਾਮ ਨਾਲ ਯੁਵਰਾਜ ਦਾ ਪਹਿਲਾ ਜਨਮਦਿਨ ਮਨਾਉਣਾ ਆ ਜੀ।”

“ਹਾਂ ਹਾਂ ਪੁੱਤ,ਜ਼ਰੂਰ ਮਨਾਉਣਾ ਆ,ਤੇਰੇ ਡੈਡੀ ਜੀ ਨੇ ਮੈਨੂੰ ਆਖ ਦਿੱਤਾ ਸੀ ਪੁੱਤ..ਇੱਕੋ ਇੱਕ ਤਾਂ ਪੋਤਾ ਸਾਡਾ ਸਭ ਤੋਂ ਲਾਡਲਾ….ਪਰ ਪੁੱਤ ਇਹ ਕਰੋਨਾ ਦੀ ਭੈੜੀ ਬਿਮਾਰੀ ਜਿਹੀ ਕਰ ਕੇ ਅਸੀਂ ਬਾਹਰ ਨੀ ਮਨਾਉਣ ਜਾਣਾ,ਘਰੇ ਈ ਮਨਾ ਲਾਂਗੇ ।”

“ਹਾਂਜੀ  ਮੰਮੀ ਜੀ ਤੁਸੀਂ ਬਿਲਕੁੱਲ ਠੀਕ ਕਹਿੰਦੇ ਓ….ਜਾਨ ਆ ਤਾਂ ਜਹਾਨ ਆ…ਇਸ ਭੈੜੀ ਬਿਮਾਰੀ ਦਾ ਕੀ ਭਰੋਸਾ ਕੀਹਦੇ ਤੋਂ ਕਿਹਨੂੰ ਚਿੰਬੜ ਜਾਵੇ।”

ਰਮਨ ਅਤੇ ਉਹਦੀ ਸੱਸ ਰੋਟੀ ਬਣਾਉਂਦੀਆਂ ਆਪਸ ਵਿੱਚ ਗੱਲਾਂ ਕਰ ਰਹੀਆਂ ਸਨ।
ਰਮਨ ਬੜੀ ਸੋਹਣੀ ਸੁਨੱਖੀ ਉੱਚੀ ਲੰਮੀ ਰੰਗ ਦੀ ਗੋਰੀ ਸਾਫ ਸੁਥਰੇ ਵਿਚਾਰਾਂ ਵਾਲੀ ਕੁੜੀ ਸੀ।ਸੂਰਤ ਤੇ ਸੀਰਤ ਪੱਖੋਂ ਸਭ ਦੇ ਦਿਲਾਂ ਤੇ ਰਾਜ ਕਰਦੀ ਸੀ ਰਮਨ।
ਸਕੂਲ ਤੋਂ ਬਾਅਦ ਕਾਲਜ ਪੜ੍ਹਨ ਲਗ ਗਈ,ਜਦੋਂ 24 ਕੁ ਵਰਿਆਂ ਦੀ ਹੋਈ ਤਾਂ ਇੱਕ ਵਧੀਆ ਪਰਿਵਾਰ ਦੇ ਮੁੰਡੇ ਨਾਲ ਉਹਦਾ ਰਿਸ਼ਤਾ ਤਹਿ ਹੋ ਗਿਆ।ਮੁੰਡੇ ਵਾਲੇ ਆਖਦੇ ਕਿ ਅਸੀਂ ਵਿਆਹ ਕੇ ਲੈ ਜਾਣੀ ਆ ,ਪੜ੍ਹਨੋ ਵੀ ਨਹੀਂ ਰੋਕਾਂਗੇ,ਕਾਲਜ ਵੀ ਨੇੜੇ ਹੀ ਪੈਂਦਾ ਹੈ।ਵਿਆਹ ਤੋਂ ਬਾਅਦ ਆਪਣੀ ਪੜ੍ਹਾਈ ਜਾਰੀ ਰੱਖ ਲਵੇਗੀ,ਸਾਨੂੰ ਕੋਈ ਇਤਰਾਜ਼ ਨਹੀਂ।ਰਮਨ ਨੇ ਭਾਵੇਂ ਰਿਸ਼ਤਾ ਤਾਂ ਰਾਜ਼ੀ ਖੁਸ਼ੀ ਕਰਵਾ ਲਿਆ ਸੀ ਪਰ ਹੱਲੇ ਉਹ ਵਿਆਹ ਨਹੀਂ ਸੀ ਕਰਾਉਣਾ ਚਾਹੁੰਦੀ,ਪਰ ਘਰਦਿਆਂ ਹੱਥੋਂ ਮਜ਼ਬੂਰ ਹੋ ਕੇ ਉਹਨੇ ਵਿਆਹ ਕਰਵਾ ਲਿਆ ਸੀ।ਵਿਆਹ ਤੋਂ ਬਾਅਦ ਰਮਨ ਨੇ ਖੁਸ਼ੀ ਖੁਸ਼ੀ ਆਪਣੀ ਪੜ੍ਹਾਈ ਪੂਰੀ ਕਰ ਲਈ ਸੀ।ਉਹ ਆਪਣੇ ਗ੍ਰਹਿਸਥੀ ਜੀਵਨ ਵਿੱਚ ਬਹੁਤ ਖੁਸ਼ ਸੀ।ਵਿਆਹ ਦੇ  ਦੋ ਸਾਲ ਬਾਅਦ ਰਮਨ ਕੋਲ ਇੱਕ ਪੁੱਤਰ ਨੇ ਜਨਮ ਲਿਆ।ਰਮਨ ਨੇ ਸਾਰੇ ਘਰ ਦੀ ਜਿੰਮੇਵਾਰੀ ਖਿੜੇ ਮੱਥੇ ਆਪਣੇ ਸਿਰ ਲੈ ਲਈ ਤੇ ਆਪਣੇ ਘਰਦਿਆਂ ਨਾਲ ਆਪਣੇ ਹਮਸਫ਼ਰ ਮਨਵੀਰ ਨਾਲ ਉਹ ਹਰ ਪਲ ਫੁੱਲਾਂ ਵਾਂਗੂੰ ਖਿੜੀ ਰਹਿੰਦੀ।ਰਮਨ ਦਾ ਸੁਭਾਅ ਸ਼ੁਰੂ ਤੋਂ ਹਸਮੁੱਖ ਸੀ ਤੇ ਹਰ ਇੱਕ ਨਾਲ ਬੜੀ ਸੰਜੀਦਗੀ ਤੇ ਪਿਆਰ ਨਾਲ ਪੇਸ਼ ਆਉਂਦੀ ਸੀ।ਰਮਨ ਦਾ ਸਹੁਰਾ ਪਰਿਵਾਰ ਬਹੁਤ ਵਧੀਆ ਸੀ,ਸਾਰੇ ਆਪਸ ਵਿੱਚ ਬਹੁਤ ਪ੍ਰੇਮ ਨਾਲ ਰਹਿੰਦੇ ਸਨ।ਉਹਨਾਂ ਸਭ ਦੀ ਇੱਕੋ ਹੀ ਖਾਸੀਅਤ ਸੀ…”ਆਪ ਭਲਾ ਤਾਂ ਜੱਗ ਭਲਾ..।”

“ਰਮਨ ਪੁੱਤ………ਇੱਥੇ ਆ ਜਰਾ ਮੇਰੇ ਕੋਲ।”

ਰਮਨ ਦੇ ਡੈਡੀ (ਸਹੁਰਾ ਸਾਹਿਬ)ਨੇ ਰਮਨ ਨੂੰ ਉੱਚੀ ਆਵਾਜ਼ ਵਿੱਚ ਕੋਲ ਬੁਲਾਇਆ।

“ਹਾਂ ਜੀ ਡੈਡੀ ਜੀ ਆਈ ਜੀ ਆਈ।”  ਗੈਸ ਤੇ ਧਰੀ ਚਾਹ ਉਬਲਦੀ ਹੋਈ ਮਸਾਂ ਕਾਹਲੀ ਚ ਰਮਨ ਨੇ ਗੈਸ ਬੰਦ ਕਰ ਕੇ ਬਚਾਈ।

“ਹਾਂ ਜੀ ਡੈਡੀ ਜੀ ਆਹ ਲੋ ਪਹਿਲਾਂ ਗਰਮ ਗਰਮ ਚਾਹ ਪੀਓ  ਜੀ ਨਾਲੇ ਦੱਸੋ ਜੀ ਕੀ ਕੰਮ ਆਖਦੇ ਪਏ ਸੀ।”

“ਚਾਹ ਤਾਂ ਮੈਂ ਪੀ ਲਊਂਗਾ ਪੁੱਤ ਮੈਂ ਤਾਂ ਇਉਂ ਕਹਿੰਦਾ ਸੀ ਕਿ ਤੂੰ ਸ਼ਹਿਰ ਜਾ ਕੇ ਯੁਵਰਾਜ ਦੇ ਜਨਮਦਿਨ ਦਾ ਸਾਰਾ ਸਮਾਨ ਲੈ ਆ….ਲੈਣ ਨੂੰ ਤਾਂ ਮੈਂ ਲੈ ਆਵਾਂ ਪੁੱਤ ਪਰ ਅੱਜ ਕੱਲ ਜੋ ਸਮਾਨ ਸਮੁੰਨ ਤੁਸੀਂ ਵਰਤਦੇ ਓ ਉਹਦਾ ਸਾਨੂੰ ਹਿਸਾਬ ਜਿਹਾ ਨੀ ਪੈਂਦਾ…ਮੰਗੋ ਕੁੱਝ…ਦੇਈ ਜਾਂਦੇ ਕੁੱਝ….ਨਾਲ ਤੂੰ ਪੁੱਤ ਆਪਣੀ ਪਸੰਦ ਦਾ  ਜੋ ਵੀ ਸਮਾਨ ਲੈ ਕੇ ਆਉਣਾ ਲੈ ਆ ਹੋਰ ਵੀ,ਨਾਲੇ ਮਨਵੀਰ ਨੂੰ ਲੈ ਜਾ।”

“ਡੈਡੀ ਜੀ…ਇਹ ਤਾਂ ਆਪਣੇ ਕਿਸੇ ਜ਼ਰੂਰੀ ਕੰਮ ਬਾਹਰ ਗਏ ਹੋਏ ਨੇ…ਥੋਨੂੰ ਦਸ ਕੇ ਤਾਂ ਗਏ ਸੀ ਡੈਡੀ ਜੀ ਤੁਸੀਂ ਭੁੱਲ ਗਏ ਓਂ ਜੀ…”

“ਉਹ ਹਾਂ ਸੱਚ ਪੁੱਤ…ਮੇਰੇ ਤਾਂ ਜਮਾ ਈ ਚਿੱਤ ਚੋਂ ਨਿਕਲ ਗਿਆ ਸੀ।
ਫੇਰ ਤੂੰ ਦਸ ਪੁੱਤ ਕਿਵੇਂ ਕਰਨਾ…ਮਨਵੀਰ ਵੀ ਆਥਣ ਵੇਲੇ
ਪਰਤੇਗਾ ਹੁਣ ਤਾਂ….।”

“ਡੈਡੀ ਜੀ ਕੋਈ ਗੱਲ ਨੀ ਜੀ ਮੈਂ ਫੇਰ ਆਪ ਹੀ ਜਾ ਕੇ ਸਾਰਾ ਸਮਾਨ ਸਕੁਟੀ ਤੇ ਲੈ ਆਨੀ ਆਂ ਜੀ….ਤੁਸੀਂ ਇੰਨਾ ਚਿਰ ਘਰੇ ਈ ਯੁਵਰਾਜ ਨੂੰ ਸਾਂਭ ਲੋ ਜੀ ਨਾਲੇ ਥੋਡੇ ਨਾਲ ਇਹਦਾ ਜੀਅ ਲਗਿਆ ਰਹੂ ਜੀ…ਨਾਲੇ ਮੰਮੀ ਜੀ ਵੀ ਸੌਖੇ ਰਹਿਣਗੇ ਜੀ।”

“ਦੇਖ ਲੈ ਪੁੱਤ…ਜਿਵੇਂ ਤੈਨੂੰ ਠੀਕ ਲੱਗੇ…ਔਖੀ ਨਾ ਹੋਈਂ ਬਸ ਮੇਰੀ ਧੀ….।”

“ਲਓ ਡੈਡੀ ਜੀ ਮੈਂ ਕਿਹੜਾ ਪਹਿਲੀ ਵਾਰੀ ਚੱਲੀਂ ਆਂ ਜੀ ਸਕੁਟੀ ਤੇ…ਤੁਸੀਂ ਤਾਂ ਐਵੇਂ ਫਿਕਰ ਬਾਹਲਾ ਕਰੀ ਜਾਂਦੇ ਓ…ਮੈਂ ਬਸ ਸਮਾਨ ਖਰੀਦ ਕੇ ਨਾਲ ਦੀ ਨਾਲ ਘਰ ਆਜੂ ਜੀ…ਨਾਲੇ ਕਿਹੜਾ ਬਹੁਤੀ ਦੂਰ ਜਾਣੈ ਆਹ ਤਾਂ ਹੈ ਗਾ …ਸੱਤ ਕਿਲੋਮੀਟਰ ਦਾ ਰਾਹ ਆ ਸਾਰਾ ਈ।”

“ਚੰਗਾ ਪੁੱਤ ਜਾਇਆ ਫੇਰ ਧਿਆਨ ਰੱਖੀਂ ਬਸ ਆਪਣਾ…ਟ੍ਰੈਫਿਕ ਬਹੁਤ ਹੁੰਦੀ ਐ ਬਾਈ ਪਾਸ ਤੇ..ਬਸ ਉਥੇ ਧਿਆਨ ਨਾਲ ਚਲਾਈਂ ਸਕੁਟੀ…ਮੈਂ ਵੀ ਕਮਲਾ ਆਪਣੇ ਈ ਕਮਲ ਕੁੱਟੀ ਜਾਨਾ…ਤੂੰ ਤਾਂ ਓਥੋਂ ਦੀ ਰੋਜ਼ ਕਾਲਜ ਪੜ੍ਹਨ ਜਾਂਦੀ ਸੀ…ਚਲ ਤੂੰ ਜਾਹ ਪੁੱਤ ਫੇਰ ਦੇਰ ਹੋਈ ਜਾਂਦੀ ਐ ਤੈਨੂੰ ਵੀ…।”

“ਠੀਕ ਆ ਡੈਡੀ ਜੀ…ਮੈਂ ਟਾਈਮ ਨਾਲ ਵਾਪਸ ਮੁੜ ਆਵਾਂਗੀ ਜੀ…ਤੁਸੀਂ ਬਸ ਫਿਕਰ ਨਾ ਕਰਿਓ ਜਰਾ ਵੀ..।”

ਰਮਨ ਆਪਣੇ ਡੈਡੀ ਜੀ(ਸਹੁਰਾ ਸਾਹਿਬ)ਜੀ ਨਾਲ ਬੜੇ ਪਿਆਰ ਨਾਲ ਗੱਲਬਾਤ ਕਰ ਕੇ ਜਲਦੀ ਨਾਲ ਤਿਆਰ ਹੋ ਕੇ ਆਪਣੀ ਮੰਮੀ ਜੀ(ਸੱਸ)ਨੂੰ ਆਖ ਕੇ ਸਕੁਟੀ ਚੁੱਕ ਸ਼ਹਿਰ ਵਲ ਨੂੰ ਹੋ ਤੁਰਦੀ ਹੈ।ਸਕੁਟੀ ਚਲਾਉਂਦੀ ਹੋਈ ਕਿੰਨੀਆਂ ਹੀ ਗੱਲਾਂ ਉਹਦੇ ਦਿਲ ਤੇ ਦਿਮਾਗ ਵਿਚ ਵਲ- ਵਲੇਵੇਂ ਖਾ ਰਹੀਆਂ ਸਨ।ਕਦੇ ਸੋਚਦੀ ਯੁਵਰਾਜ ਲਈ ਵਧੀਆ ਜਿਹਾ ਕੇਕ ਲਵਾਂਗੀ,ਕਦੇ ਸੋਚਦੀ ਉਹਦੇ ਕੱਪੜੇ ਕਿਹੋ ਜਿਹੇ ਲਵਾਂਗੀ ਜੇ ਮਨਵੀਰ ਵੀ ਨਾਲ ਹੁੰਦੇ ਤਾਂ ਕਿੰਨਾ ਚੰਗਾ ਹੋਣਾ ਸੀ ਸਭ ਕੁੱਝ ਆਸਾਨੀ ਨਾਲ ਖਰੀਦ ਹੋ ਜਾਣਾ ਸੀ।ਕਦੇ ਸੋਚਦੀ ਸਾਰੇ ਘਰਦਿਆਂ ਲਈ ਕੀ ਕੁੱਝ ਲੈ ਕੇ ਜਾਵੇਗੀ।ਇੰਨਾ ਜ਼ਿਆਦਾ ਚਾਅ ਚੜਿਆ ਪਿਆ ਸੀ ਕਿ ਸਕੁਟੀ ਚਲਾਉਂਦੀ ਹੋਈ ਵੀ ਖਿਆਲਾਂ ਵਿੱਚ ਖੁੱਭੀ ਹੋਈ ਮੁਸਕੁਰਾਈ ਜਾਂਦੀ ਸੀ।ਸੋਚਦੀ ਸੋਚਦੀ ਸ਼ਹਿਰ ਪਹੁੰਚ ਗਈ ਤੇ ਦੋ ਘੰਟੇ ਵਿੱਚ ਵੱਖੋ ਵੱਖਰੀਆਂ ਥਾਵਾਂ ਤੋਂ ਯੁਵਰਾਜ ਦੇ ਜਨਮਦਿਨ ਲਈ ਕੇਕ ,ਮਿਠਾਈ,ਸਭ ਲਈ ਕੱਪੜੇ ਤੇ ਹੋਰ ਖਾਣ ਪੀਣ ਦਾ ਕੁੱਝ ਸਮਾਨ ਪੈਕ ਕਰਵਾ ਕੇ
ਵਾਪਸੀ ਲਈ ਚੱਲ ਪਈ।ਅਰਾਮ ਨਾਲ ਘਰ ਨੂੰ ਜਾਂਦਿਆਂ ਹੀ ਫੇਰ ਸੋਚਾਂ ਦੀ ਉਡਾਰੀ ਲਗਾ ਲਈ………………ਜਿਹੜਾ ਮਨਵੀਰ ਲਈ ਗਿਫ਼੍ਟ ਲਿਆ ਆ ਉਹ ਉਹਨਾਂ ਨੂੰ ਜਦੋਂ ਦੇਵਾਂਗੀ ਤਾਂ ਕਿੰਨੇ ਖੁਸ਼ ਹੋਣਗੇ,ਅੱਜ ਤੱਕ ਮਨਵੀਰ ਹੀ ਮੈਨੂੰ ਸਭ ਕੁੱਝ ਖਰੀਦ ਕੇ ਲੈ ਕੇ ਦਿੰਦੇ ਰਹੇ ਨੇ ਪਰ ਅੱਜ ਮੇਰੇ ਹੱਥੋਂ ਆਪਣਾ ਗਿਫ਼੍ਟ ਦੇਖ ਕੇ ਉਹਨਾਂ ਨੂੰ ਕਿੰਨਾ ਚਾਅ ਚੜੇਗਾ…..ਯੁਵਰਾਜ ਤੇ ਮੰਮੀ ਡੈਡੀ ਜੀ ਹੁਰੀਂ ਵੀ ਕਿੰਨੇ ਖੁਸ਼ ਹੋਣਗੇ..ਸਾਰਾ ਸਮਾਨ ਬਹੁਤ ਵਧੀਆ ਮਿਲ ਗਿਆ……ਮੈਂ ਹੁਣ ਡੈਡੀ ਜੀ ਨੂੰ ਨੀ ਆਖਿਆ ਕਰਨਾ  ਸ਼ਹਿਰ ਤੋਂ ਕੋਈ ਵੀ ਸਮਾਨ ਲੈਣ ਲਈ…….ਐਵੇਂ ਵਿਚਾਰੇ ਇਸ ਉਮਰੇ ਖੱਜਲ ਖੁਆਰ ਹੋਈ ਜਾਂਦੇ ਆ…ਮੈਂ ਤਾਂ ਆਪ ਈ ਆ ਜਾਇਆ ਕਰੂੰਗੀ….ਮਨਵੀਰ ਤੇ ਮੰਮੀ ਜੀ ਨੂੰ ਵੀ ਆਖ ਦੇਊਂਗੀ ਕਿ ਡੈਡੀ ਜੀ ਨੂੰ ਸ਼ਹਿਰ ਨਾ ਆਉਣ ਦਿਆ ਕਰਨ…..ਇੰਨੀ ਟ੍ਰੈਫ਼ਿਕ ਆ ਇਥੇ ਸੱਚੀ ਬਹੁਤ ਬੁਰਾ ਹਾਲ ਆ……ਭਾਵੇਂ ਕਰੋਨਾ ਦਾ ਦੌਰ ਚਲ ਰਿਹਾ ਪਰ ਫੇਰ ਵੀ ਲੋਕ ਕਿਥੇ ਟਿੱਕਦੇ….ਲੈ ਕਿਥੇ ਟਿਕਣਗੇ ਭਲਾ ਮੈਂ ਵੀ ਤਾਂ ਉਹਨਾਂ ਲੋਕਾਂ ਵਿੱਚ ਈ ਆਨੀ ਆਂ….ਸਭ ਕੁੱਝ ਜ਼ਰੂਰੀ ਆ ਭਾਈ…ਕੰਮ ਧੰਦੇ ਵੀ ਦੇਖਣੇ ਪੈਂਦੇ ਆ…..ਘਰ ਬਹਿ ਕੇ ਤਾਂ ਕਿਸੇ ਦਾ ਵੀ ਨੀ ਸਰਦਾ…….

       ******************
“ਨੀ ਬਲਵੀਰ ਕੌਰੇ ਗੱਲ ਸੁਣ ਜਰਾ।”
ਰਮਨ ਦੇ ਡੈਡੀ ਜੀ ਆਪਣੀ ਧਰਮ ਪਤਨੀ ਰਮਨ ਦੀ ਸੱਸ ਨੂੰ ਚਿੰਤਾ ਜਿਹੀ ਚ ਆਵਾਜ ਮਾਰਦੇ ਹਨ।

“ਹਾਂ ਜੀ ,ਦੱਸੋ ਜੀ…ਕੁੱਝ ਚਾਹੀਦਾ ਆ ਤਾਂ ਦੱਸੋ ਐਵੇਂ ਹੀ ਉੱਚੀ ਉੱਚੀ ਅਵਾਜ਼ਾਂ ਨਾ ਮਾਰਿਆ ਕਰੋ ਜੀ ਫੇਰ ਯੁਵਰਾਜ ਵੀ ਤੁਹਾਡੀ ਨਕਲਾਂ ਕਰਦਾ ਆ……..”
ਬਲਵੀਰ ਕੌਰ ਉੱਤੋ ਕੱਪੜੇ ਚੁੱਕੀ ਆਉਂਦੀ ਹੋਈ ਬੋਲਦੀ ਹੋਈ ਹੱਸਦੀ ਹੈ।

“ਤੈਨੂੰ ਤਾਂ ਮਜ਼ਾਕ ਈ ਸੁੱਝਦਾ ਰਹਿੰਦਾ ਹਰ ਵੇਲੇ….ਰਮਨ ਧੀ ਹੁਣ ਤੱਕ ਨੀ ਆਈ ਘਰੇ…ਪਤਾ ਨਈਂ ਕਿੱਥੇ ਰਹਿ ਗੀ…..ਆਖਦੀ ਸੀ ਡੈਡੀ ਜੀ ਛੇਤੀ ਮੁੜ ਆਊਂ….ਹਲੇ ਤਾਈਂ ਨੀ ਆਈ ਘਰੇ…..ਮੇਰਾ ਕਲੇਜਾ ਮੂੰਹ ਨੂੰ ਆਈ ਜਾਂਦਾ ਆ।”

“ਹਾਂ ਜੀ …ਕੰਮ ਚ ਲੱਗੀ ਨੂੰ ਮੈਨੂੰ ਤਾਂ ਯਾਦ ਈ ਨੀ ਰਿਹਾ ਜੀ…ਟੈਮ ਵੀ ਬੜਾ ਹੋ ਗਿਆ ਆ…ਆਪਣਾ ਫੋਨ ਦਿਓ ਜਰਾ ਮੈਂ ਪੁੱਛ ਲਵਾਂ ਕਦੋਂ ਤੱਕ ਪਹੁੰਚੇਗੀ ਘਰ…ਤੁਸੀਂ ਤਾਂ ਫਿਕਰ ਵੀ ਜ਼ਿਆਦਾ ਈ ਕਰਦੇ ਓ ਜੀ…ਆਪਣੇ ਨਾਲ ਨਾਲ ਮੈਨੂੰ ਵੀ ਫਿਕਰਾਂ ਚ ਪਾ ਦਿੰਨੇ ਓ….ਸੋਗ ਦਿਲ ਦਾ ਰੋਗ ਹੁੰਦਾ ਜੀ…..।”

ਜਲਦੀ ਨਾਲ ਫੋਨ ਮਿਲਾਉਂਦੀ ਹੋਈ ਬਲਵੀਰ ਕੌਰ ਰਮਨ ਦੇ ਫੋਨ ਮਿਲਣ ਦਾ ਇੰਤਜ਼ਾਰ ਕਰਦੀ ਹੋਈ…..ਪਰ ਫੋਨ ਬੰਦ ਆ ਰਿਹਾ ਸੀ।

********
ਰਮਨ ਨੇ ਇੱਧਰ ਉੱਧਰ ਦੇਖਦੀ ਨੇ ਬਾਈ ਪਾਸ ਤੇ ਪਹੁੰਚ ਕੇ ਸਕੂਟੀ ਖੱਬੇ ਪਾਸੇ ਵੱਲ ਆਪਣੀ ਸਾਈਡ ਨੂੰ ਘੁਮਾਈ ਤਾਂ ਸਾਹਮਣੇ ਆ ਰਹੇ ਇੱਕ ਤੇਜ਼ ਰਫ਼ਤਾਰ ਟਰੈਕਟਰ ਚ ਜਾ ਵੱਜੀ…..ਰਮਨ ਦਾ ਸਾਰਾ ਸਮਾਨ ਖਿਲਰ ਗਿਆ..ਸਕੂਟੀ ਦੇ ਵੀ ਪਰਖਚੇ ਉੱਡ ਗਏ…ਨਾ ਰਮਨ ਕੋਲੋਂ ਬਰੇਕ ਲੱਗੀ ਤੇ ਟ੍ਰੈਕਟਰ ਤਾਂ ਕਿੱਥੇ ਰੁਕਣਾ ਸੀ। ਹਾਦਸਾ ਇੰਨਾ ਭਿਆਨਕ ਸੀ ਕਿ ਰਮਨ ਬਹੁਤ ਬੁਰੀ ਤਰ੍ਹਾਂ ਟ੍ਰੈਕਟਰ ਨਾਲ ਵੱਜ ਕੇ 2 ਫੁੱਟ ਦੂਰ ਉੱਤੇ ਉੱਛਲ ਕੇ ਧਰਤੀ ਤੇ ਥੱਲੇ ਡਿੱਗ ਪਈ ਤੇ ਉੱਥੇ ਹੀ ਦਮ ਤੋੜ ਗਈ।ਸਾਰੀ ਸੜਕ ਖ਼ੂਨ ਨਾਲ ਲਥਪਥ ਹੋ ਚੁੱਕੀ ਸੀ।ਇਧਰੋਂ ਉਧਰੋਂ ਪਿੰਡਾਂ ਦੇ ਲੋਕ ਇਕੱਠੇ ਹੋ ਗਏ..ਵਿਚੋਂ ਕਿਸੇ ਨੇ ਰਮਨ ਨੂੰ ਪਛਾਣ ਕੇ ਉਹਨਾਂ ਦੇ ਘਰ ਇਤਲਾਹ ਕਰ ਦਿੱਤੀ।ਸਾਰੇ ਪਾਸੇ ਮਾਤਮ ਛਾ ਗਿਆ।ਰਮਨ ਦੇ ਦੋਵੇਂ ਪਰਿਵਾਰਾਂ ਉਤੇ ਬਹੁਤ ਬੁਰਾ ਕਹਿਰ ਟੁੱਟਿਆ ਸੀ।ਭਰ ਜਵਾਨੀ ਵਿੱਚ ਰਮਨ ਅਚਾਨਕ ਸਭ ਨੂੰ ਛੱਡ ਕੇ ਚਲੀ ਗਈ ਤੇ ਰਮਨ ਦੇ ਸਹੁਰਾ ਸਾਹਿਬ ਜੀ ਤਾਂ ਆਪਣੇ ਆਪ ਨੂੰ ਰਮਨ ਦਾ ਦੋਸ਼ੀ ਮੰਨਣ ਲੱਗੇ ਕਿ ਸ਼ਾਇਦ ਜੇ ਮੈਂ ਆਪ ਹੀ ਸ਼ਹਿਰ ਚਲਿਆ ਜਾਂਦਾ ਤਾਂ ਮੇਰੀ ਰਮਨ ਧੀ ਬਚ ਜਾਂਦੀ।ਰੱਬਾ ਮੈਨੂੰ ਚੁੱਕ ਲੈਂਦਾ ..ਮੇਰੀ ਧੀ ਕਿਓਂ ਲੈ ਗਿਆ…ਸਭ ਦਾ ਰੋ ਰੋ ਕੇ ਬਹੁਤ ਬੁਰਾ ਹਾਲ ਸੀ।ਪਰ ਰੱਬ ਦੇ ਭਾਣੇ ਅੱਗੇ ਕੀਹਦਾ ਜ਼ੋਰ ਚਲਦਾ……ਰਮਨ ਆਪਣੇ ਮਨ ਦੀਆਂ ਗੱਲਾਂ ਮਨ ਚ ਹੀ ਲੈ ਇਸ ਜਹਾਨ ਨੂੰ ਅਲਵਿਦਾ ਆਖ ਗਈ।

Leave a Reply

Your email address will not be published. Required fields are marked *