ਅੱਜ ਮੈ ਕਹਾਣੀ ਲਿਖਣ ਦਾ ਮਨ ਬਣਾਇਆ ,ਅਤੇ ਮੈ ਕਹਾਣੀ ਲਿਖਣ ਲਈ ਬੜਾ ਕਾਹਲਾ ਪੈ ਗਿਆ |ਮਨ ਨੂੰ ਕਰੜਾ ਕਰਕੇ ,ਮੈ ਆਪਣੀ ਕਾਪੀ ਤੇ ਪਿੰਨ ਚੱਕਿਆ ਬਾਹਰ ਆ ਕੇ ਕੁਰਸੀ ਉਪਰ ਬੈਠ ਗਿਆ ,ਮੈ ਅੱਖਾਂ ਬੰਦ ਕਰਕੇ ਬੈਠ ਗਿਆ ,ਕਹਾਣੀ ਲਿਖਣ ਬਾਰੇ ਸੋਚਣ ਲੱਗਿਆ ,ਮੇਰੀ ਕਹਾਣੀ ਦੇ ਕਈ ਮੁਦੇ ਦਿਮਾਗ ਵਿਚ ਆਏ ,,ਕਹਾਣੀ ਦਾ ਸਿਰਲੇਖ ਲਿਖਣ ਤੋਂ ਪਹਿਲਾ ਮੈਂ ਆਪਣੇ ਦਿਮਾਗ ਵਿਚ ਚੱਲ ਰਿਹਾ ਸਮਾਜਕ ਗਤੀਵਿਧੀਆਂ ਦਾ ਦਿਮਾਗੀ ਵਾਵਰੋਲਾ , ਮੇਰੀ ਕਹਾਣੀ ਦਾ ਮਜ਼ਬੂਨ ਮਿੰਟਾ ਵਿਚ ਦੁਨੀਆ ਦੇ ਰੁਝੇਵੇਆਂ ਮੁਸ਼ਕਲਾਂ ਦਾ ਗੈਸ ਵਾਲਾ ਬੁਲਬੁਲਾ ਓਥੋਂ ਤਕ ਲੈ ਗਿਆ ,ਜਿਵੇ ਦਿਮਾਗ ਫਟ ਜਾਵੇਗਾ |ਕਿਸਾਨਾਂ ਦੀਆ ਮੰਗਾਂ ਨੂੰ ਲੈ ਕੇ ਰੋਸ ਧਰਨੇ |ਨਾਬਾਲਗ ਬੱਚੀਆਂ ਨਾਲ ਕੀਤੀਆਂ ਕਾਲੀਆ ਕਰਤੂਤਾਂ ,ਕ੍ਰਪਸ਼ਨ ਦਾ ਬੋਲਬਾਲਾ ,,ਬੱਚਿਆਂ ਦੀ ਪੜ੍ਹਾਈ ,ਗਰੀਬ ਦੀ ਜੇਬ ,ਦਵਾਈਆਂ ਦੇ ਬਿਲ , ਘਰ ਬਿਜਲੀ ਦੇ ਵੱਧ ਬਿੱਲ ,,,ਘਰ ਦਾ ਰਾਸ਼ਨ ਪਾਣੀ,,,ਬਿਰਧ ਆਸ਼ਰਮ ਵਿਚ ਬਜ਼ੁਰਗਾ ਨੂੰ ਛੱਡ ਆਉਣਾ ,,ਹਰ ਪਾਸੇ ਟੁਟੀਆਂ ਸੜਕਾਂ ,ਕਰੋਨਾ ਵਾਇਰਸ ਤੋਂ ਡਰੇ ਲੋਕ –ਲੋਕ ਡਾਉਂਨ ਕਰਕੇ ਬਿਜ਼ਨੈੱਸ ਠੱਪ ,ਵੱਧ ਰਹੀ ਮੇਂਹਗਾਈ ਨਾਲ ਗਰੀਬਾਂ ਦਾ ਭੁੱਖਾ ਸੌਣਾ –ਲੋਕਾਂ ਦੀ ਆਪੋ ਮਰਜੀ ,ਸਮਾਜ ਵਿੱਚ ਜਾਦੂ ਟੂਣੇ, ਵੱਡੇ ਦਾ ਆਦਰਮਾਂਨ ਨਾ ਕਰਨਾ ,ਨੌਜਵਾਨਾਂ ਦਾ ਪੱਬਜੀ ਗੇਮ ਖੇਡਣਾ , ਨੌਜਵਾਨਾਂ ਦੀ ਨਸ਼ਾਪ੍ਰਸਤੀ,ਤੂ ਕੌਣ ਆ ਮੈਨੂੰ ਕਹਿਣ ਵਾਲਾ,ਅਤੇ ਨੋਟ ਬੰਦੀ …ਮੈ -ਕਹਾਣੀ ਲਿਖਣ ਹੀ ਲੱਗਿਆ ਸੀ -ਅਚਾਨਕ ਗਲੀ ਵਿੱਚੋ ਪਟਾਖੇ ਦੀ ਆਵਾਜ਼ ਆਈ ,ਮੇਰੀ ਬਿਰਤੀ ਟੁੱਟ ਗਈ ਫਟਾ ਫਟ ਕੁਰਸੀ ਤੋਂ ਉਠਿਆ , ਬਾਹਰ ਜਾ ਕੇ ਦੇਖਿਆ ਤਾ ਬੱਚੇ ਦੀ ਸਾਈਕਲ ਦੇ ਟਾਇਰ ਦਾ ਪਟਾਕਾ ਪੈ ਗਿਆ , ਟਿਊਬ ਵਿੱਚੋ ਫੂਕ ਨਿਕਲ ਗਈ ਸੀ ,ਬਸ ਫਿਰ ਕੀ ਸੀ , ਮੈ ਆ ਕੇ ਕੁਰਸੀ ਉਪਰ ਬੈਠ ਗਿਆ ,ਮੱਥੇ ਤੇ ਹੱਥ ਰੱਖ ਕੇ ਸੋਚਣ ਲੱਗਿਆ , ਮੈ ਆਪਣੇ ਆਪ ਨੂੰ ਝੰਝੋੜਿਆ , ਮਨ ਚੋ ਆਵਾਜ਼ ਆਈ , ਯਾਰ -ਇਹ ਫੂਕ ਸਾਈਕਲ ਦੀ ਨਿਕਲੀ ਆ ਕੇ ਸਮਾਜ ਦੀ ! ਬੱਸ- ਫਿਰ ਕਿ ਸੀ -ਮੇਰੀ ਕਲਮ ਵੀ ਰੁਕ ਗਈ ,ਮੇਰੀ ਸੋਚ ਵੀ | ਮੈਨੂੰ ਇਓ ਲੱਗਿਆ, ਜਿਵੇ ਪੈਨ ਦੀ ਵੀ ਫੂਕ ਨਿਕਲ ਗਈ ਹੋਵੇ {[ਬਲਵਿੰਦਰ ਸਿੰਘ ਮੋਗਾ }]9815098956