ਸੁਰਜੀਤ ਸਿੰਘ ਵਿਹੜੇ ਵਿੱਚ ਇਧਰ ਉਧਰ ਘੁੰਮ ਰਿਹਾ ਸੀ ਬੇਚੈਨੀ ਨਾਲ ਵਾਰ ਵਾਰ ਗੇਟ ਵੱਲ ਉਹਦੀ ਨਜ਼ਰ ਜਾ ਰਹੀ ਸੀ ਐਨੇ ਵਿੱਚ ਗੇਟ ਖੜਕਿਆ , ਸੁਰਜੀਤ ਸਿੰਘ ਨੇ ਜਲਦੀ ਜਲਦੀ ਗੇਟ ਖੋਲ੍ਹਿਆ , ਸਾਹਮਣੇ ਅੱਧਖੜ ਉਮਰ ਦੀ ਦਾਈ ਪ੍ਰਸਿੰਨੀ ਖੜੀ ਸੀ। ਸੁਰਜੀਤ ਸਿੰਘ ਨੇ ਕਿਹਾ ਤਾਈ ਜਲਦੀ ਅੰਦਰ ਆ ਜਾਓ, ਕਮਲਜੀਤ ਢਿੱਲੀ ਐ , ਦੇਖੋ ਜਾ ਕੇ। ਪ੍ਰਸਿੰਨੀ ਜਲਦੀ ਨਾਲ ਕਮਰੇ ਵਿੱਚ ਗਈ ਤੇ ਦਰਵਾਜਾ ਬੰਦ ਕਰ ਲਿਆ। ਕਮਲਜੀਤ ਜਣੇਪੇ ਦੇ ਦਰਦ ਵਿੱਚ ਤੜਫ ਰਹੀ ਸੀ ।ਪਸੀਨੋ ਪਸੀਨੀ ਹੋਈ ਦਾਈ ਨੂੰ ਦੇਖ ਕੇ ਬੋਲੀ ਤਾਈ ਮੈਨੂੰ ਲੱਗਦਾ ਮੈ ਬਚਣਾ ਨੀ , ਬਹੁਤ ਤਕਲੀਫ ਵਿਚ ਹਾਂ ਮੈ ,ਦਾਈ ਪ੍ਰਸਿੰਨੀ ਨੇ ਸਿਰ ਤੇ ਹੱਥ ਰੱਖਦਿਆ ਕਿਹਾ ਕੁੱਝ ਨੀ ਹੁੰਦਾ ਧੀਏ , ਵਾਗਰੂ ਭਲੀ ਕਰੂ । ਕਮਲਜੀਤ ਕਹਿੰਦੀ , ਤਾਈ ਐਤਕੀ ਮੁੰਡਾ ਨਾ ਹੋਇਆ ਤਾਂ ਇਹਨਾਂ ਦੇ ਪਰਿਵਾਰ ਨੇ ਬਹੁਤ ਕੁੱਝ ਬੋਲਣਾ । ਦਾਈ ਕਹਿੰਦੀ ਚੁੱਪ ਰਹਿ ਧੀਏ ਮਾਲਕ ਭਲੀ ਕਰੁ। ਸੁਰਜੀਤ ਬਾਹਰ ਖੜਾ ਕੰਨ ਕਮਰੇ ਵੱਲ ਲਾ ਕੇ ਅੰਦਰ ਦੀ ਖਬਰ ਸੁਣਨ ਲਈ ਕਾਹਲਾ ਸੀ । ਐਨੇ ਨੂੰ ਬੱਚੇ ਦੇ ਰੋਣ ਦੀ ਆਵਾਜ਼ ਆਈ । ਨਿਹਾਲ ਕੋਰ (ਸੁਰਜੀਤ ਸਿੰਘ ਦੀ ਮਾਂ) ਭੱਜੀ ਆਈ ਤੇ ਇਕ ਦਮ ਬੋਲੀ ਸੁਰਜੀਤੇ ਇਸ ਵਾਰ ਤਾਂ ਚੰਗੀ ਖਬਰ ਐ । ਸੁਰਜੀਤ ਦੀਆ ਅੱਖਾਂ ਵਿੱਚ ਵੀ ਚਮਕ ਜਿਹੀ ਆ ਗਈ । ਦੋਨੋ ਮਾਂ ਪੁੱਤ ਇਕ ਦੂਜੇ ਵੱਲ ਦੇਖਣ ਲੱਗ ਗਏ । ਐਨੇ ਵਿਚ ਦਾਈ ਬਾਹਰ ਆਈ । ਚੁੱਪ ਕੀਤੀ ਜਿਹੀ । ਨਿਹਾਲ ਕੋਰ ਨੇ ਪੁੱਛਿਆ ਚੰਗੀ ਚੀਜ਼ ਐ ਪ੍ਰਸਿਨੀਏ , ਦਾਈ ਬੋਲੀ ਲਛਮੀ ਆਈ ਐ । ਸਰਦਾਰਨੀਏ ਨਿਹਾਲ ਕੌਰ ਮੱਥਾ ਫੜ ਕੇ ਬੈਠ ਗਈ । ਸੁਰਜੀਤ ਸਿੰਘ ਵੀ ਨਮੋਸ਼ੀ ਨਾਲ ਬੈਠ ਗਿਆ , ਅੱਖਾਂ ਵਿੱਚ ਪਾਣੀ ਸੀ ।ਦਾਈ ਜਦੋ ਬਾਹਰ ਨਿਕਲ ਗਈ , ਸੁਰਜੀਤ ਸਿੰਘ ਭਾਰੀ ਮਨ ਨਾਲ ਅੰਦਰ ਕਮਰੇ ਵਿੱਚ ਗਿਆ ਤੇ ਕਮਲਜੀਤ ਵੱਲ ਵੇਖਣ ਲੱਗ ਗਿਆ । ਕਮਲਜੀਤ ਦੀਆਂ ਅੱਖਾਂ ਵਿੱਚ ਮੋਟੇ ਮੋਟੇ ਹੰਝੂ ਸੀ ਤੇ ਸਵਾਲੀਆ ਨਜ਼ਰਾਂ ਨਾਲ ਸੁਰਜੀਤ ਵੱਲ ਦੇਖ ਰਹੀ ਸੀ ।ਸੁਰਜੀਤ ਨੇ ਉਹਦਾ ਹੱਥ ਫੜ ਕੇ ਕਿਹਾ ਕੋਈ ਗੱਲ ਨਹੀ ਜੋ ਦਾਤਾ ਨੂੰ ਮਨਜੂਰ ਸੀ , ਕਹਿ ਕੇ ਅੱਖਾਂ ਪੂੰਝਣ ਲੱਗ ਗਿਆ । ਦੋਨੋ ਇਕ ਦੂਜੇ ਨੂੰ ਦਿਲਾਸੇ ਦੇ ਰਹੇ ਸੀ ਕਿ ਬੱਚੀ ਦੇ ਰੌਣ ਨਾਲ ਸੁਰਜੀਤ ਸਿੰਘ ਦਾ ਧਿਆਨ ਉਹਦੇ ਵੱਲ ਗਿਆ । ਸੋਹਣੀ ਜਿਹੀ ਗੋਲ ਮਟੋਲ ਚਿਹਰਾ ਮੋਟੀਆਂ ਅੱਖਾਂ ਸਿਰ ਤੇ ਬਾਲਾਂ ਦੀ ਜਿਵੇ ਟੋਪੀ ਹੋਵੇ । ਉਹਨੂੰ ਦੇਖ ਕੇ ਸੁਰਜੀਤ ਸਿੰਘ ਅਪਣਾ ਦੁੱਖ ਦਰਦ ਜਿਵੇਂ ਭੁੱਲ ਗਿਆ ਹੋਵੇ । ਇਕਦਮ ਬੱਚੀ ਨੂੰ ਗੋਦੀ ਵਿੱਚ ਲੈ ਕੇ ਛਾਤੀ ਨਾਲ ਲਾ ਲਿਆ । ਉਹ ਨੰਨੀ ਜਿਹੀ ਜਾਨ ਦੀ ਖੁਸਬੂ ਨੇ ਸੁਰਜੀਤ ਸਿੰਘ ਨੂੰ ਜਿਵੇ ਜੀਣ ਦੀ ਨਵੀ ਉਮੰਗ ਜਗਾ ਦਿੱਤੀ । ਉਹਨੇ ਕਿਹਾ ਕਿੰਨੀ ਸੋਹਣੀ ਐ ਅਪਣੀ ਦੂਜੀ ਧੀ ਵੀ । ਇਹਦਾ ਨਾਂ ਕੀ ਰੱਖਣਾ ਕਮਲੀਏ ,,ਕਮਲਜੀਤ ਕਹਿੰਦੀ ਜੀ ਮਨਪ੍ਰੀਤ ਕਿਵੇ ਰਹੂ ? ਸੁਰਜੀਤ ਸਿੰਘ ਨੇ ਹਾਂ ਵਿੱਚ ਸਿਰ ਹਿਲਾ ਦਿਤਾ ਕਿ ਹਾਂ , ਹਰਪ੍ਰੀਤ ਦੀ ਛੋਟੀ ਭੈਣ ਮਨਪ੍ਰੀਤ। ਪੂਰਾ ਨਾਂ ਭਾਵੇ ਮਨਪ੍ਰੀਤ ਕੌਰ ਸੀ ਪਰ ਪਿਆਰ ਨਾਲ ਸਾਰੇ ਉਹਨੂੰ ਮਨੀ ਕਹਿ ਕੇ ਬੁਲਾਉਂਦੇ ਸੀ। ਘਰ ਵਿੱਚ ਸਭ ਤੋ ਛੋਟੀ ਸੀ ਮਨੀ , ਦੋਨਾਂ ਭੈਣਾਂ ਵਿਚੋਂ । ਇਸ ਲਈ ਸਾਰਿਆਂ ਤੋਂ ਮੋਹ ਮਿਲਦਾ ਸੀ ਪੂਰਾ। ਹਰ ਖਵਾਹਿਸ਼ ਪੂਰੀ ਕੀਤੀ ਜਾਂਦੀ ਸੀ ਮਾਪਿਆਂ ਵਲੋਂ । ਕਰਦੇ ਵੀ ਕਿਓ ਨਾ ਲਾਡਲੀ ਸੀ । ਸਭ ਦੀ ਪਰਵਰਿਸ਼ ਪੁੱਤਾਂ ਵਾਂਗ ਹੋ ਰਹੀ ਸੀ। ਸੁਰਜੀਤ ਸਿੰਘ ਨੇ ਜਦੋ ਕਹਿਣਾ ਸਾਡੀ ਧੀ ਨਹੀ ਤੂੰ ਪੁੱਤ ਐ ਮਨੀ ਨੂੰ ਚਾਅ ਚੜ੍ਹ ਜਾਣਾ । ਮਨੀ ਨੂੰ ਅਪਣੇ ਡੈਡੀ ਦੀ ਬਹੁਤ ਫਿਕਰ ਰਹਿੰਦੀ ਕਿ ਸਾਰੇ ਘਰ ਦੀ ਜਿੰਮੇਵਾਰੀ ਉਹਨਾਂ ਇਕੱਲਿਆਂ ਦੇ ਮੋਢੇ ਤੇ , ਉਹਨੇ ਕਈ ਵਾਰ ਕਹਿਣਾ ਡੈਡੀ ਜੀ ਮੈ ਵੱਡੀ ਹੋ ਕੇ ਪੜ੍ਹ ਲਿੱਖ ਕੇ ਨੌਕਰੀ ਕਰੂੰਗੀ । ਫੇਰ ਤੁਸੀ ਆਰਾਮ ਕਰਿਓ । ਮੈ ਥੋਡਾ ਪੁੱਤ ਹੀ ਹਾਂ । ਸੁਰਜੀਤ ਨੂੰ ਮਨੀ ਦੀਆਂ ਇਹ ਭੋਲੀਆਂ-ਭਾਲੀਆਂ ਗੱਲਾਂ ਬਹੁਤ ਚੰਗੀਆਂ ਲੱਗਣੀਆਂ । ਮਨ ਵਿੱਚ ਖੁਸ਼ੀ ਹੋਣੀ ਸੋਚਣਾ ਕਿ ਕੌਣ ਕਹਿੰਦਾ ਧੀਆਂ ਬੋਝ ਹੁੰਦੀਆਂ ।
ਸਮਾਂ ਬੀਤਦਾ ਗਿਆ । ਮਨੀ 16 ਸਾਲ ਦੀ ਮੁਟਿਆਰ ਹੋ ਗਈ । ਸੋਹਣਾ ਦਰਮਿਆਨਾ ਕੱਦ, ਨੈਣ-ਨਕਸ਼ ਤਿੱਖੇ , ਗੋਰਾ ਰੰਗ , ਰੱਜ ਕੇ ਸੋਹਣੀ ਸੀ । ਹਰ ਕਿਸੇ ਦੀ ਨਜ਼ਰ ਮਨੀ ਤੋਂ ਹਟਦੀ ਨਹੀ ਸੀ ।ਪੜ੍ਹਾਈ ਚ ਅੱਵਲ ਆਉਂਦੀ । ਸਕੂਲ ਦੀਆਂ ਸਾਰੀਆਂ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੀ ।ਸਭ ਅਧਿਆਪਕਾਂ ਦੀ ਚਹੇਤੀ ਸੀ । ਮਨੀ ਨੇ ਬਾਰਵੀਂ ਪਿੰਡ ਦੇ ਸਕੂਲ ਵਿੱਚ ਹੀ ਕਰ ਲਈ । ਬਹੁਤ ਵਧੀਆ ਨੰਬਰਾਂ ਨਾਲ ਪਾਸ ਹੋ ਗਈ ।
ਹੁਣ ਉਸ ਅੰਦਰ ਸ਼ਹਿਰ ਪੜ੍ਹਨ ਦੀ ਤਮੰਨਾ ਸੀ । ਪਰ ਪਿੰਡੋਂ ਸ਼ਹਿਰ ਜਾਣ ਲਈ ਕੋਈ ਸਾਧਨ ਨਾ ਹੋਣ ਕਰਕੇ ਸੁਰਜੀਤ ਨੇ ਹਾਮੀ ਨਾ ਭਰੀ । ਮਨੀ ਅੱਖਾਂ ਵਿੱਚ ਪਾਣੀ ਭਰੀ ਖੜੀ ਅਪਣੇ ਡੈਡੀ ਜੀ ਦੇ ਤਰਲੇ ਕਰਨ ਲੱਗ ਗਈ ਕਿ ਡੈਡੀ ਜੀ ਮੈ ਪੜ੍ਹਨਾ ਚਾਹੁੰਦੀ ਹਾਂ । ਸਾਰੀਆਂ ਸਹੇਲੀਆਂ ਨੇ ਸ਼ਹਿਰ ਜਾ ਕੇ ਪੜ੍ਹਨਾ । ਮੈ ਕਿਉ ਨਹੀ ? ਤੁਸੀ ਮੈਨੂੰ ਕੋਈ ਪਿਆਰ ਨਹੀ ਕਰਦਾ ਇਹ ਕਹਿ ਕੇ ਮਨੀ ਡੁਸਕਣ ਲੱਗ ਗਈ ।ਸੁਰਜੀਤ ਸਿੰਘ ਨੇ ਅਪਣੇ ਕੋਲ ਕਰਕੇ ਹੰਝੂ ਪੂੰਝੇ ਤੇ ਛਾਤੀ ਨਾਲ ਲਾ ਕੇ ਕਿਹਾ ਪੁੱਤ ਤੂੰ ਬਹੁਤ ਭੋਲੀ ਐਂ । ਦੁਨੀਆਂਦਾਰੀ ਦੀ ਸਮਝ ਨਹੀ । ਸ਼ਹਿਰਾਂ ਦਾ ਮਹੌਲ ਪਿੰਡਾਂ ਦੀਆਂ ਕੁੜੀਆਂ ਲਈ ਠੀਕ ਨਹੀ । ਮੈਨੂੰ ਡਰ ਇਸ ਗੱਲ ਦਾ ,ਮਨੀ ਨੇ ਉਹਨਾਂ ਦੀ ਗੱਲ ਵਿੱਚ ਹੀ ਟੋਕਦਿਆਂ ਕਿਹਾ , ਡੈਡੀ ਜੀ ਥੋਨੂੰ ਮੇਰੇ ਤੇ ਭਰੋਸਾ ਨਹੀ ।ਸੁਰਜੀਤ ਸਿੰਘ ਨੇ ਕਿਹਾ ਕਮਲੀਏ ਭਰੋਸਾ ਤਾਂ ਪੂਰਾ , ਪਰ ਮੈ ਅਪਣੀ ਫੁੱਲ ਵਰਗੀ ਧੀ ਨੂੰ ਖੋ ਨਾ ਦੇਵਾਂ ਇਹੋ ਡਰ ਬਸ। ਮਨੀ ਝੱਟ ਬੋਲ ਪਈ ਮਤਲਬ ਮੈ ਥੋਡੀ ਹਾਂ ਸਮਝਾਂ । ਫਿਕਰ ਨਾ ਕਰੋ ਡੈਡੀ ਮੈਨੂੰ ਕੁਝ ਨਹੀ ਹੁੰਦਾ।
ਮਨੀ ਦਾ ਦਾਖਲਾ ਸ਼ਹਿਰ ਕੁੜੀਆਂ ਦੇ ਕਾਲਜ ਵਿੱਚ ਕਰਵਾ ਦਿੱਤਾ ਗਿਆ ਮਨੀ ਦੇ ਚਾਅ ਨਾਲ ਧਰਤੀ ਤੇ ਪੈਰ ਨਹੀ ਸੀ ਲੱਗ ਰਹੇ ਉਹ ਖੁਸ਼ੀ ਨਾਲ ਨੱਚਦੀ ਫਿਰਦੀ ਸੀ ।
ਚਲਦਾ