ਮੈਂ ਸੋਲਾਂ ਵਰ੍ਹਿਆ ਦੀ ਸੀ ਜਦੋਂ ਮੇਰੇ ਪਿਤਾ ਜੀ ਸਵਰਗਵਾਸੀ ਹੋ ਗਏ।ਮੈਨੂੰ ਓਹਨਾਂ ਬਿਨਾ ਜ਼ਿੰਦਗੀ ਜਿਊਣਾ ਹੀ ਨਹੀਂ ਆਉਂਦਾ ਸੀ।ਆਪਣੇ ਛੋਟੇ ਭਰਾ ਨੂੰ ਰੋਟੀ ਖੁਆ ਰਹੀ ਸੀ,ਜਦੋਂ ਮੈਨੂੰ ਸੁਨੇਹਾ ਮਿਲਿਆ ਕੇ ਪਿਤਾ ਜੀ ਹੁਣ ਨਹੀਂ ਰਹੇ।ਓਹ ਪਲ, ਓਹ ਦਿਨ, ਓਹ ਸਮਾ ਕਦੇ ਵੀ ਮੇਰੇ ਦਿਲੋ ਦਿਮਾਗ ਤੋਂ ਓਹਲੇ ਨਹੀਂ ਹੁੰਦਾ। ਗੁਵਾਂਢੀਆ ਨੇ ਰੋਣ ਵੀ ਨਹੀਂ ਦਿੱਤਾ ਅਖੇ ਪੁੱਤ ਹੁਣ ਤਾਂ ਸਾਰੀ ਉਮਰ ਰੋਣਾ ਆ ਉੱਠ ਕੇ ਮੰਝੇ ਬਿਸਤਰੇ ਚਕੋ ਤੇਰੇ ਪਿਓ ਨੂੰ ਲੇ ਕੇ ਆਂਦੇ ਹੋਣੇ।
ਮੈਨੂੰ ਅੱਜ ਵੀ ਯਾਦ ਹੈ
ਮੇਰੀ ਮਾ ਨੂੰ ਪੈਰਾਂ ਵਿੱਚ ਝਾਂਜਰਾ ਪਾਉਣ ਦਾ ਬਹੁਤ ਸ਼ੌਕ ਹੁੰਦਾ ਸੀ। ਮੈ ਜਦੋ ਤੋਂ ਹੋਸ਼ ਸੰਭਾਲੀ ਹੈ ਆਪਣੀ ਮਾਂ ਨੂੰ ਹਮੇਸ਼ਾ ਝਾਂਜਰਾ ਦੇ ਬੋਰਾ ਵਿੱਚ ਛਣ ਛਣ ਕਰਦੇ ਦੇਖਿਆ ਸੀ। ਪਰ ਉਸ ਦਿਨ ਮੇਰੀ ਮਾਂ ਨੂੰ ਕਿਦਾ ਸੁਹਾਗਣ ਤੋਂ ਵਿਧਵਾ ਦੇ ਭੇਸ ਵਿੱਚ ਤਬਦੀਲ ਕੀਤਾ ਗਿਆ,ਇਹ ਮੇਰੇ ਬਿਆਨ ਤੋਂ ਵੀ ਬਾਹਰ ਹੈ।ਮੇਰੇ ਮਾਂ ਦੇ ਸਿੰਦੂਰ ਨੂੰ ਪਾਪਾ ਦੇ ਕਫ਼ਨ ਨਾਲ ਪੂੰਝਿਆ ਗਿਆ। ਉਹਨਾਂ ਦੀ ਮੱਥੇ ਦੀ ਬਿੰਦੀ ਉੱਤਰੀ ਗਈ। ਚੂੜੀਆ ਤੋੜੀਆ ਗਈਆਂ।ਓਹ ਝਾਂਜਰਾ ਜਦੋ ਉਤਾਰੀਆ ਗਈਆਂ ਮੇਰੀ ਮਾਂ ਦੇ ਪੈਰਾਂ ਚੋਂ ਤੇ ਮੈ ਦਹਾੜੇ ਮਾਰ ਕੇ ਰੋਣ ਲਗੀ।ਮੈ ਰੋਕਣਾ ਚਾਹੁੰਦੀ ਸੀ ਉਸ ਸਮਾਜ ਦੇ ਮੋਢੀਆਂ ਨੂੰ ਜੋ ਇਹ ਇਹ ਨਹੀਂ ਸਮਝਦੇ ਕੇ ਏਦਾ ਦੇ ਹਾਲਾਤਾਂ ਵਿੱਚ ਤਾਂ ਬੰਦਾ ਪਹਿਲਾ ਹੀ ਅੰਦਰ ਤੀਕ ਟੁੱਟ ਚੁੱਕਾ ਹੁੰਦਾ।ਤੇ ਇਸ ਤਰਾਂ ਕਰਨਾ ਕਿੰਨਾ ਕੁ ਨਿਆ ਆ ਓਸ ਪਰਿਵਾਰ ਨਾਲ ਓਸ ਔਰਤ ਨਾਲ ਜਿਸ ਨੇ ਆਪਣਾ ਸਿਰ ਦਾ ਸਾਈ ਆਪਣੀ ਅੱਖਾਂ ਅੱਗੇ ਦੁਨੀਆ ਤੋਂ ਜਾਂਦੇ ਦੇਖਿਆ ਹੋਵੇ। ਫੇਰ ਇਹ ਸਿਲਸਿਲਾ ਚਲਦਾ ਰਿਹਾ। ਸਮਾਜ ਨੇ ਮੇਰੀ ਮਾਂ ਦੀ ਜ਼ਿੰਦਗੀ ਵਿੱਚੋ ਰੰਗ ਖੋ ਲਏ। ਹੁਣ ਓਹ ਆਪਣੀ ਪਸੰਦ ਦੇ ਗੂੜ੍ਹੇ ਰੰਗ ਨਹੀਂ ਪਾ ਸਕਦੀ ਸੀ। ਓਹ ਹੁਣ ਆਪਣੀ ਪਸੰਦ ਦੀਆਂ ਝਾਂਜਰਾ ਨਹੀਂ ਪਾ ਸਕਦੀ ਕਿਉਂਕਿ ਸਾਡੇ ਸਮਾਜ ਵਿਚ ਵਿਧਵਾ ਔਰਤਾਂ ਦੇ ਸ਼ੌਂਕ ਓਸ ਦੇ ਆਦਮੀ ਦੀ ਚਿਖਾ ਦੇ ਨਾਲ ਹੀ ਸੜ ਕੇ ਸਵਾਹ ਹੋ ਜਾਂਦੇ ਨੇ।
ਮੈਂ ਅੱਜ ਤੱਕ ਸਾਡੇ ਸਮਾਜ ਦੇ ਖੋਖਲੇ ਰਿਵਾਜ਼ਾਂ ਨੂੰ ਸਮਝ ਨਹੀਂ ਸਕੀ।
ਖ਼ੈਰ ਹੁਣ ਪਾਪਾ ਨੂੰ ਗਏ ੨੫ ਸਾਲ ਹੋ ਗਏ ਹਨ। ਪਰ ਅੱਜ ਵੀ ਮੇਰੀ ਮਾਂ ਜਦੋ ਕੱਲੀ ਚੁੱਪਚਾਪ ਬੈਠੀ ਸੋਚਾਂ’ਚ ਹੁੰਦੀ ਹੈ ਤਾਂ ਮੈ ਅਕਸਰ ਸੋਚਦੀ ਹਾਂ ਕਿ
ਕੀ ਮੇਰੀ ਮਾਂ ਨੂੰ ਜ਼ਿੰਦਾ ਲਾਸ਼ ਬਣਾਉਣ ਵਾਲਾ ਸਮਾਜ ਖੁਦ ਨੂੰ ਕਦੇ ਮਾਫ਼ ਕਰ ਪਏਗਾ।
ਸ਼ਵੇਤਾ ਮਹਿਤਾ
ਬਹੁਤ ਵਧੀਆ ਸਿੱਖਿਆਦਾਇਕ ਕਹਾਣੀ ਹੈ