“ਬਾਰਾਂ ਸਾਲਾਂ ਬਾਅਦ ਤਾਂ ਰੱਬ ਰੂੜੀ ਦੀ ਵੀ ਸੁਣ ਲੈਂਦਾ ਏ” ਅੱਧੀ ਕਮਲ਼ੀ ਜਹੀ ਲੱਗ ਰਹੀ ਗੁਲਾਬ ਕੌਰ ਗੁਰਦੁਆਰੇ ਪਰਸ਼ਾਦਾ ਛਕ ਰਹੀ ਬੁੜਬੁੜਾ ਰਹੀ ਸੀ। ਏਨੇ ਨੂੰ ਉਸ ਨੂੰ ਹਲੂਣ ਕੇ ਸੇਵਾਦਾਰ ਨੇ ਕਿਹਾ “ਬੀਬੀ ਠੀਕ ਏ ਕੁੱਝ ਹੋਰ ਚਾਹੀਦਾ?” “ਬੱਸ ਪੁੱਤ ਦੋ ਪਰਸ਼ਾਦੇ ਕਾਗਜ਼ ਚ’ ਲਪੇਟ ਕੇ ਲਿਆ ਦੇ” ਹੱਥ ਜੋੜ ਕੇ ਸੇਵਾਦਾਰ ਨੂੰ ਜਵਾਬ ਦਿੰਦੇ ਹੋਏ ਗੁਲਾਬ ਕੌਰ ਨੇ ਕਿਹਾ।
ਪਰਸ਼ਾਦੇ ਆਪਣੇ ਮੋਢੇ ਤੇ ਪਾਏ ਬੋਝੇ ਵਿੱਚ ਪਾ ਕੇ ਗੁਰਦਵਾਰੇ ਮੱਥਾ ਟੇਕ ਕੇ ਹੋਲੀ-ਹੋਲੀ ਤੁਰਦੀ ਅਤੇ ਆਪਣੇ ਆਪ ਨਾਲ ਗੱਲਾਂ ਕਰਦੀ ਜਾਂਦੀ ਗੁਲਾਬ ਕੌਰ ਦੀ ਨਜ਼ਰ ਇੱਕ ਨੌਜਵਾਨ ਮੁੰਡੇ ਤੇ ਜੋ ਕਿ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋ ਰਿਹਾ ਸੀ ਤੇ ਪਈ। “ਪੁੱਤ ਤੂੰ ਆਇਆ ਨੀ ਕਿੰਨੇ ਦਿਨ ਹੋ ਗਏ ਮੈਂ ਤੈਨੂੰ ਉਡੀਕਦੀ ਸੀ” ਗੁਲਾਬ ਕੌਰ ਦੀਆਂ ਅੱਖਾਂ ਵਿੱਚ ਇਸ ਸਮੇਂ ਬਹੁਤ ਚਮਕ ਸੀ। ਪਰ ਉਸ ਮੁੰਡੇ ਨੇ ਗੁਲਾਬ ਕੌਰ ਤੋਂ ਕੁੱਝ ਦੂਰੀ ਬਣਾਉਂਦੇ ਹੋਏ ਪੱਛਿਆ “ਕੌਣ ਏ ਬੀਬੀ ਤੂੰ ਮੈਂ ਤੈਨੂੰ ਸਿਆਣਿਆ ਨਹੀ”।
“ਤੂੰ…ਤੂੰ ਮੇਰਾ ਸੋਹਣਾ ਪੁੱਤ, ਆ ਜਾ ਮੇਰਾ ਪੁੱਤ ਮੈਂ ਤੇਰੀ ਮਾਂ” ਗੁਲਾਬ ਕੌਰ ਨੇ ਨੌਜਵਾਨ ਵੱਲ ਬਾਹਾਂ ਖਿਲਾਰਦੀ ਨੇ ਕਿਹਾ। ਉਸ ਸਮੇਂ ਗੁਲਾਬ ਕੌਰ ਦੀਆਂ ਅੱਖਾਂ ਵਿੱਚ ਨਮੀ ਸੀ। “ਮਾਤਾ ਜੀ ਤੁਹਾਨੂੰ ਭੁਲੇਖਾ ਪੈ ਗਿਆ ਮੈਂ ਓਹ ਨਹੀ ਜਿਸ ਨੂੰ ਤੁਹਾਡੀਆਂ ਅੱਖਾਂ ਉਡੀਕ ਰਹੀਆਂ ਨੇ। ਹੋਰ ਦੱਸੋ ਮਾਤਾ ਜੀ, ਕੋਈ ਸੇਵਾ?” ਗੁਲਾਬ ਕੌਰ ਨੇ ਗੁਰਦੁਆਰੇ ਦੇ ਬਾਹਰ ਇੱਕ ਰੈਸਟੋਰੈਂਟ ਵੱਲ ਇਸ਼ਾਰਾ ਕਰਦੇ ਕਿਹਾ ਪੁੱਤ ਮੈਨੂੰ ਓਥੋਂ ਕੁੱਝ ਖਵਾ ਦੇ”। ਨੌਜਵਾਨ ਗੁਲਾਬ ਕੌਰ ਨੂੰ ਰੈਸਟੋਰੈਂਟ ਤੇ ਲੈ ਜਾਂਦਾ ਏ ਅਤੇ ਖਾਣੇ ਦਾ ਭੁਗਤਾਨ ਕਰ ਕੇ ਓਥੋਂ ਚਲਾ ਜਾਂਦਾ ਏ।
“ਦੇਖ ਬੀਬੀ ਤੂੰ ਇੱਦਾਂ ਸਾਡੇ ਰੈਸਟੋਰੈਂਟ ਵਿੱਚ ਬਾਹਰੋਂ ਲੋਕਾਂ ਨੂੰ ਲਿਆ ਕੇ ਅਤੇ ਉਹਨਾਂ ਤੋਂ ਖਾਣੇ ਦਾ ਬਿਲ ਅਦਾ ਨਾ ਕਰਵਾਇਆ ਕਰ, ਜੋ ਖਾਣਾ ਹੁੰਦਾ ਏ ਸਾਡੇ ਤੋਂ ਆ ਕੇ ਮੰਗ ਲਿਆ ਕਰ ਅਸੀਂ ਕਿਹੜਾ ਤੈਨੂੰ ਜਵਾਬ ਦਿੰਦੇ ਆ” ਰੈਸਟੋਰੈਂਟ ਦੀ ਮਾਲਕ ਗੁਲਾਬ ਕੌਰ ਨਾਲ ਉੱਚੀ ਆਵਾਜ਼ ਵਿੱਚ ਗੱਲ ਕਰ ਰਹੀ ਸੀ। ਏਨੇ ਨੂੰ ਨਾਲ ਦੇ ਟੇਬਲ ਉੱਪਰ ਬੈਠੇ ਇੱਕ ਜੋੜੇ ਦੀ ਨਜ਼ਰ ਦਹੀਂ ਨਾਲ ਚਾਹ ਪੀ ਰਹੀ ਗੁਲਾਬ ਕੌਰ ਤੇ ਪੈ ਜਾਂਦੀ ਏ। “ਦਹੀਂ ਦੇ ਨਾਲ ਚਾਹ ਕੋਣ ਪੀਂਦਾ ਏ ਭਲਾਂ? ਲੱਗਦਾ ਏ ਬੀਬੀ ਦੀ ਮਾਨਸਿਕ ਹਾਲਤ ਠੀਕ ਨਹੀ”। ਜੋੜਾ ਗੁਲਾਬ ਕੌਰ ਵੱਲ ਵੇਖ ਕੇ ਆਪਸ ਵਿੱਚ ਗੱਲਾਂ ਕਰ ਰਿਹਾ ਸੀ।
ਗੁਲਾਬ ਕੌਰ ਦੀ ਹਾਲਤ ਤਰਸਯੋਗ ਸੀ। ਭਾਵੇਂ ਉਸ ਨੇ ਸੋਹਣਾ ਸੂਟ ਪਾਇਆ ਸੀ ਪਰ ਸੂਟ ਮੈਲਾ ਅਤੇ ਉਸ ਦੇ ਵਾਲ ਖਿਲਰੇ ਹੋਣ ਕਰਕੇ ਲੱਗਦਾ ਸੀ ਕੇ ਉਹ ਕਈ ਦਿਨਾਂ ਤੋਂ ਨਹਾਈ ਵੀ ਨਹੀ ਸੀ।
ਆਪਣੇ ਆਪ ਨਾਲ ਗੱਲਾਂ ਕਰਦੀ ਗੁਲਾਬ ਕੌਰ ਜਿਓ ਹੀ ਉਸ ਰੈਸਟੋਰੈਂਟ ਵਿੱਚੋਂ ਬਾਹਰ ਨਿਕਲਦੀ ਏ ਤਾਂ ਤੇਜ ਰਫ਼ਤਾਰ ਨਾਲ ਆ ਰਹੀ ਗੱਡੀ ਦੇ ਥੱਲੇ ਆ ਜਾਂਦੀ ਏ। ਲੋਕ ਭੱਜ ਕੇ ਗੱਡੀ ਥੱਲੇ ਆ ਕੇ ਫੱਟੜ ਹੋਈ ਗੁਲਾਬ ਕੌਰ ਵੱਲ ਆ ਜਾਂਦੇ ਹਨ। ਉਸ ਸਮੇਂ ਗੁਲਾਬ ਕੌਰ ਦਮ ਤੋੜ ਰਹੀ ਹੁੰਦੀ ਏ। “ਪੁੱਤ ਕਿੰਨੇ ਦਿਨ ਹੋ ਗਏ, ਤੂੰ ਆਇਆ ਨੀ” ਧੀਮੀ ਆਵਾਜ਼ ਵਿੱਚ ਗੁਲਾਬ ਕੌਰ ਦੇ ਆਖ਼ਰੀ ਬੌਲ ਸੁਣਾਈ ਦੇ ਰਹੇ ਸਨ। ਬੋਝੇ ਵਿਚਲਾ ਸਾਰਾ ਸਾਮਾਨ ਜਿਸ ਵਿੱਚ ਉਸ ਦੀਆਂ ਡਿਪਰੈਸ਼ਨ ਦੀਆਂ ਦਵਾਈਆਂ, ਦੋ ਪਰਸ਼ਾਦੇ, ਕਿਸੇ ਇੱਕ ਸਾਲ ਦੇ ਜਵਾਕ ਦੇ ਬੂਟ ਅਤੇ ਇੱਕ ਨੌਜਵਾਨ ਨਾਲ ਉਸ ਦੀਆਂ ਸ਼ਾਨਦਾਰ ਤਸਵੀਰਾਂ ਦੀ ਐਲਬਮ ਸਨ ਜਿਹੜਾ ਸੜਕ ਉੱਪਰ ਖਿੱਲਰ ਜਾਂਦਾ ਏ। ਇਹਨਾਂ ਤਸਵੀਰਾਂ ਤੋ ਲੱਗਦਾ ਸੀ ਕਿ ਗੁਲਾਬ ਕੌਰ ਕਿਸੇ ਚੰਗੇ ਘਰਾਣੇ ਤੋਂ ਸੀ ਪਰ ਇਸ ਸਮੇ ਉਹ ਬਹੁਤ ਇਕੱਲੀ ਰਹਿ ਚੁੱਕੀ ਸੀ ਅਤੇ ਕਈ ਲੰਮੇ ਅਰਸੇ ਤੋਂ ਦੁੱਖਾਂ ਦਾ ਬੌਝ ਆਪਣੇ ਸਿਰ ਤੇ ਚੱਕੀ ਫਿਰਦੀ ਸੀ।
..✍🏼ਦੀਪ ਕੌਰ 😌🙏🏼💐
Vancouver, Canada